ਡਾ. ਸੁਤਿੰਦਰ ਸਿੰਘ ਨੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਤਿੰਦਰ ਸਿੰਘ ਨੂਰ ਤੋਂ ਰੀਡਿਰੈਕਟ)
Jump to navigation Jump to search
ਸੁਤਿੰਦਰ ਸਿੰਘ ਨੂਰ
ਸੁਤਿੰਦਰ ਸਿੰਘ ਨੂਰ
ਜਨਮ(1940-10-05)5 ਅਕਤੂਬਰ 1940
ਕੋਟ ਕਪੂਰਾ, ਫਰੀਦਕੋਟ ਜ਼ਿਲਾ
ਮੌਤ9 ਫਰਵਰੀ 2011(2011-02-09) (ਉਮਰ 70)
ਦਿੱਲੀ
ਵੱਡੀਆਂ ਰਚਨਾਵਾਂਕਵਿਤਾ ਦੀ ਭੂਮਿਕਾ
ਕੌਮੀਅਤਭਾਰਤੀ
ਨਸਲੀਅਤਪੰਜਾਬੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਿੱਤਾਕਵੀ, ਆਲੋਚਕ ਅਤੇ ਚਿੰਤਕ

ਸੁਤਿੰਦਰ ਸਿੰਘ ਨੂਰ (5 ਅਕਤੂਬਰ 1940 - 9 ਫਰਵਰੀ 2011[1]) ਪੰਜਾਬੀ ਵਿਦਵਾਨ, ਉਘੇ ਆਲੋਚਕ ਅਤੇ ਚਿੰਤਕ ਸਨ। ਆਲੋਚਨਾ ਪੁਸਤਕ ‘ਕਵਿਤਾ ਦੀ ਭੂਮਿਕਾ’ ਲਈ ਉਨਾਂ ਨੂੰ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[2] ਉਹ ਦਿੱਲੀ ਯੂਨੀਵਰਸਿਟੀ ’ਚ ਵੀ ਪੰਜਾਬੀ ਵਿਭਾਗ ਦੇ ਮੁਖੀ ਅਤੇ ਪੰਜਾਬੀ ਅਕਾਦਮੀ ਦੇ ਰਸਾਲੇ ‘ਸਮਦਰਸ਼ੀ’ ਦੇ ਸੰਪਾਦਕ ਵੀ ਰਹੇ।

ਮੁੱਢਲਾ ਜੀਵਨ[ਸੋਧੋ]

ਕੋਟ ਕਪੂਰੇ ਦੀ ਧਰਤੀ ’ਤੇ ਪੈਦਾ ਹੋਣ ਮਗਰੋਂ ਡਾ. ਨੂਰ ਦੀ ਪਾਲਣਾ ਨਾਨਕਿਆਂ ਦੇ ਘਰ ਹੋਈ। ਮਗਰੋਂ ਜਦੋਂ ਉਹਨਾਂ ਦੇ ਪਿਤਾ ਗਿਆਨੀ ਹਰੀ ਸਿੰਘ ਜਾਚਕ ਨੇ ਅੰਬਾਲੇ ਪ੍ਰੈਸ ਲਾ ਲਈ ਤਾਂ ਉਹ ਵੀ ਅੰਬਾਲੇ ਆ ਗਏ। ਉੱਥੇ ਅੰਗਰੇਜ਼ੀ ਵਿਚ ਐਮ.ਏ.ਕੀਤੀ। ਅੰਗਰੇਜ਼ੀ ਕਾਲਜ ਵਿਚ ਪੜ੍ਹਾਈ ਵੀ, ਪਰ ਮਗਰੋਂ ਪੰਜਾਬੀ ਦੀ ਐਮ.ਏ. ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲੈਕਚਰਾਰ ਲੱਗੇ। ਪਹਿਲਾਂ ਐਮ.ਏ. ਪੰਜਾਬੀ ਕਰਦਿਆਂ ਵਿਦਿਆਰਥੀ ਯੂਨੀਅਨ ਦੀ ਚੋਣ ਲੜੀ ਤੇ ਸਕੱਤਰ ਬਣੇ। ਯੂਨੀਵਰਸਿਟੀ ਵਿਚ ਪੜ੍ਹਦਿਆਂ ਤੇ ਪੜ੍ਹਾਉਂਦਿਆਂ ਉਹ ਹਮੇਸ਼ਾ ਸੁਰਖੀਆਂ ਵਿਚ ਰਹੇ। ਮਗਰੋਂ ਡਾ. ਹਰਿਭਜਨ ਸਿੰਘ ਨਾਲ ਅਚਾਨਕ ਦਿੱਲੀ ਮੇਲ ਹੋ ਗਿਆ ਅਤੇ ਉਹਨਾਂ ਨੇ ਡਾ.ਨੂਰ ਨੂੰ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਪ੍ਰਾਧਿਆਪਕ ਵਜੋਂ ਨੌਕਰੀ ਕਰਨ ਲਈ ਪ੍ਰੇਰਿਆ। ਡਾ. ਹਰਿਭਜਨ ਸਿੰਘ ਦੀ ਨਿਗਰਾਨੀ ਹੇਠ ਹੀ ਪੀਐਚ.ਡੀ. ਦੀ ਡਿਗਰੀ ਲਈ ਰਜਿਸਟਰ ਹੋਏ। ਨੂਰ ਤਾਂ ਹਮੇਸ਼ਾ ਨਵਾਂ ਸੋਚਣ ਦਾ ਆਦੀ ਸੀ। ਉੱਤਰ-ਸੰਰਚਨਾਵਾਦ, ਉੱਤਰ ਮਾਰਕਸਵਾਦ, ਉੱਤਰ ਆਧੁਨਿਕਤਾਵਾਦ, ਉੱਤਰ ਬਸਤੀਵਾਦ ਸਬੰਧੀ ਉਹ ਬੜਾ ਸਪੱਸ਼ਟ ਸੀ।

"ਡਾ. ਨੂਰ ਇੱਕ ਗੋਭਲਾ ਜਿਹਾ ਬੱਬਰ ਸ਼ੇਰ ਹੈ।’’ ਦੇਖਣ ਨੂੰ ਬੜਾ ਨਰਮ ਜਿਹਾ ਲਗਦੈ, ਪਰ ਜਦੋਂ ਭਬਕੀ ਮਾਰਦਾ ਹੈ ਤਾਂ ਵੱਡੇ-ਵੱਡੇ ਥੰਮ ਹਿਲਾ ਦਿੰਦਾ ਹੈ।"
ਸੁਰਜੀਤ ਪਾਤਰ

ਵੱਡਾ ਕੱਦ[ਸੋਧੋ]

ਸੰਤ ਸਿੰਘ ਸੇਖੋਂ, ਅਤਰ ਸਿੰਘ, ਡਾ. ਹਰਿਭਜਨ ਸਿੰਘ ਤੋਂ ਬਾਅਦ ਡਾ. ਨੂਰ ਹੀ ਸੀ ਜਿਸ ਨੂੰ ਪੰਜਾਬੀ ਵਿਚ ਏਨਾ-ਮਾਣ ਸਨਮਾਨ ਮਿਲਿਆ ਹੋਵੇ। ਉਂਜ, ਉਹਦੇ ਵਿਰੋਧੀ ਵੀ ਬਹੁਤ ਸਨ। ਵਿਰੋਧੀ ਪੈਦਾ ਕਰਨਾ ਉਹਦੀ ਆਦਤ ਵਿਚ ਸ਼ਾਮਲ ਸੀ। ਵਿਰੋਧੀਆਂ ਦੇ ਵਿਰੋਧ ਵਿਚ ਨਾ ਪੈਣਾ ਸਗੋਂ ਮਨ ਹੀ ਮਨ ਉਹਨਾਂ ਦਾ ਧੰਨਵਾਦ ਕਰਨਾ ਡਾ. ਨੂਰ ਦੀ ਫਿਤਰਤ ਵਿਚ ਸ਼ਾਮਲ ਸੀ। ਇੱਕ ਵਕਤ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਚੋਣ ਵੇਲੇ ਉਹ ਆਪਣੇ ਸਭ ਤੋਂ ਪਿਆਰੇ ਮਿੱਤਰ ਸੁਰਜੀਤ ਪਾਤਰ ਦੇ ਖ਼ਿਲਾਫ਼ ਚੋਣ ਲੜਨ ਲਈ ਖੜ੍ਹਾ ਹੋ ਗਿਆ ਸੀ। ਪਰ ਦੋਵਾਂ ਵਿਚਕਾਰ ਵਿਰੋਧ ਲੰਮਾ ਸਮਾਂ ਨਹੀਂ ਰਿਹਾ। ਚੋਣ ਹਾਰਨ ਮਗਰੋਂ ਵੀ ਉਹ ਪਾਤਰ ਨੂੰ ਪੰਜਾਬੀ ਦਾ ਵਰਤਮਾਨ ਦੌਰ ਦਾ ਸਭ ਤੋਂ ਵੱਡਾ ਸ਼ਾਇਰ ਮੰਨਦਾ ਸੀ। ਨੂਰ ਇੱਕ ਮਸਤ ਹਾਥੀ ਵਾਂਗ ਸੀ, ਜੋ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਆਪਣੀ ਤੋਰੇ ਤੁਰਦਾ ਰਹਿੰਦਾ ਸੀ। ਡਾ. ਨੂਰ ਆਪਣੇ ਵਿਰੋਧੀਆਂ ਨੂੰ ਗੋਲਦਾ ਤਕ ਨਹੀਂ ਸੀ। ਰਾਤੀਂ ਦੋਸਤਾਂ-ਮਿੱਤਰਾਂ ਦੀ ਮਹਿਫ਼ਲ ਵਿਚ ਬੈਠਣਾ। ਦੇਰ ਰਾਤ ਤਕ ਹੱਸਦੇ-ਖੇਡਦੇ ਰਹਿਣਾ। ਢੋਲਾ ਗਾਉਣਾ, ਮਿਰਜ਼ੇ ਦੀ ਸੱਦ ਲਾਉਣੀ, ਪਰ ਸਵੇਰ ਵੇਲੇ ਮੁੱਖ-ਬੰਧ ਜਾਂ ਸੈਮੀਨਾਰ ਲਈ ਲਿਖਿਆ ਪਰਚਾ ਸਿਰਹਾਣੇ ਪਿਆ ਹੁੰਦਾ ਸੀ। ਕਦੇ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ, ਇਹ ਬੰਦਾ ਕਦੋਂ ਪੜ੍ਹਦਾ ਤੇ ਕਦੋਂ ਲਿਖਦਾ ਹੈ।

ਇੱਕ ਵਿਦਵਾਨ ਬੁਲਾਰਾ[ਸੋਧੋ]

ਡਾ. ਨੂਰ ਆਪਣੀ ਗੱਲ ਪੂਰੇ ਧੜੱਲੇ ਨਾਲ ਕਰਦੇ ਸਨ। ਸਟੇਜਾਂ ਉਪਰ ਬੋਲਦਿਆਂ ਕਈ ਵਾਰ ਸਾਨੂੰ ਲੱਗਦਾ ਕਿ ਉਹ ਸ਼ਾਇਦ ਕੁਝ ਗਲਤ ਬੋਲ ਗਏ ਸਨ। ਪਰ ਉਹ ਏਨੇ ਧੜੱਲੇ ਨਾਲ ਤੇ ਠਰੰਮੇ ਨਾਲ ਬੋਲਦੇ ਕਿ ਸਾਹਮਣੇ ਬੈਠੇ ਲੋਕਾਂ ਦਾ ਹੌਸਲਾਪਸਤ ਹੋ ਜਾਂਦਾ। ਪਾਂਡੀਚਰੀ ਵਿਚ ਪੰਜਾਬੀ-ਤਾਮਿਲ ਸਾਂਝੀ ਗੋਸ਼ਟੀ ਚੱਲ ਰਹੀ ਸੀ। ਤਾਮਿਲ ਦੇ ਇੱਕ ਵਿਦਵਾਨ ਨੇ ਬੋਲਦਿਆਂ ਤਾਮਿਲ ਭਾਸ਼ਾ ਨੂੰ ਦੁਨੀਆਂ ਦੀ ਮਹਾਨ ਭਾਸ਼ਾ ਗਰਦਾਨਿਆ ਅਤੇ ਪੰਜਾਬੀ ਨੂੰ ਆਧੁਨਿਕ ਭਾਸ਼ਾ ਕਿਹਾ। ਨੂਰ ਸਾਹਿਬ ਨੇ ਉਸ ਵਿਦਵਾਨ ਦੀ ਗੱਲ ਕੱਟਦੇ ਹੋਏ ਕਿਹਾ ਕਿ ਨਹੀਂ ਪੰਜਾਬੀ ਤਾਂ ਤਾਮਿਲ ਜਿੰਨੀ ਹੀ ਪੁਰਾਣੀ ਭਾਸ਼ਾ ਹੈ। ਆਪਣੇ ਭਾਸ਼ਣ ਵਿਚ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਪ੍ਰੀ-ਆਰੀਅਨ ਭਾਸ਼ਾ ਹੈ ਤੇ ਇਸ ਵਿਚ ਬਹੁਤ ਸਾਰੇ ਅੱਖਰੇ ਅਜਿਹੇ ਹਨ, ਜੋ ਦ੍ਰਾਵੜੀ ਭਾਸ਼ਾਵਾਂ ਦੇ ਨੇੜੇ ਹਨ। ਉਹਨਾਂ ਦਾ ਥੀਸਜ਼ ਸੀ ਕਿ ਆਰੀਅਨ ਤੋਂ ਪਹਿਲਾਂ ਵੀ ਤਾਂ ਅਸੀਂ ਕੋਈ ਭਾਸ਼ਾ ਬੋਲਦੇ ਸੀ, ਗੂੰਗੇ ਤਾਂ ਨਹੀਂ ਸੀ। ਉਸ ਵੇਲੇ ਦੇ ਪੰਜਾਬ ਦੀ ਧਰਤੀ ’ਤੇ ਬੋਲੀ ਜਾਂਦੀ ਭਾਸ਼ਾ ਜੋ ਕਿਸੇ ਵੀ ਰੂਪ ਵਿਚ ਹੋਵੇ ਪੰਜਾਬੀ ਹੀ ਸੀ।

ਬਤੌਰ ਉਪ-ਪ੍ਰਧਾਨ[ਸੋਧੋ]

ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਬਣ ਕੇ ਡਾ.ਨੂਰ ਨੇ ਜੋ ਪੰਜਾਬੀ ਨੂੰ ਦਿੱਤਾ, ਉਸ ਦਾ ਅਨੁਮਾਨ ਆਮ ਇਨਸਾਨ ਨਹੀਂ ਲਗਾ ਸਕਦਾ। ਪੰਜਾਬੀ ਦੇ ਕਿਸੇ ਵਿਦਵਾਨ ਦਾ ਇਸ ਅਹੁਦੇ ਉਤੇ ਪੁੱਜਣਾ ਹੀ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਸੀ। ਪੰਜਾਬੀ ਨੂੰ ਹਰ ਭਾਰਤੀ ਤੇ ਵਿਦੇਸ਼ੀ ਲੇਖਕਾਂ ਤਕ ਪਹੁੰਚਾਉਣ ਦੀ ਜਿਵੇਂ ਉਸ ਨੇ ਜ਼ਿੰਮੇਵਾਰੀ ਉਠਾ ਰੱਖੀ ਹੋਵੇ। ਡਾ. ਨੂਰ ਨੇ ਪਹਿਲੀ ਵੇਰ ਪੰਜਾਬੀ ਨੂੰ ਅੰਤਰਰਾਸ਼ਟਰੀ ਭਾਸ਼ਾਵਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ।

ਰਚਨਾਵਾਂ[ਸੋਧੋ]

ਕਵਿਤਾ-ਸੰਗ੍ਰਹਿ[ਸੋਧੋ]

 • ਬਿਰਖ ਨਿਪੱਤਰੇ
 • ਕਵਿਤਾ ਦੀ ਜਲਾਵਤਨੀ
 • ਸਰਦਲ ਦੇ ਆਰ-ਪਾਰ
 • ਮੌਲਸਰੀ
 • ਨਾਲ਼-ਨਾਲ਼ ਤੁਰਦਿਆਂ

ਅਨੁਵਾਦ[ਸੋਧੋ]

 • ਸੂਰਜ ਤੇ ਮਸੀਹਾ (1971)

ਆਲੋਚਨਾ[ਸੋਧੋ]

 • ਕਵਿਤਾ ਦੀ ਭੂਮਿਕਾ (2005)
 • ਮੋਹਨ ਸਿੰਘ ਦਾ ਕਾਵਿ-ਜਗਤ
 • ਵਿਹਾਰਕ ਸਮੀਖਿਆ :ਕਵਿਤਾ ਤੇ ਵਾਰਤਕ (1986)

ਸੰਪਾਦਿਤ[ਸੋਧੋ]

 • ਗੁਰਦਿਆਲ ਸਿੰਘ ਦਾ ਰਚਨਾ-ਸੰਸਾਰ
 • ਚਿਹਨ ਵਿਗਿਆਨ
 • ਪੂਰਨ ਸਿੰਘ
 • ਪਾਕਿਸਤਾਨੀ ਪੰਜਾਬੀ ਸਾਹਿਤ
 • ਬਲਵੰਤ ਗਾਰਗੀ
 • ਸਮਕਾਲੀ ਪੱਛਮੀ ਚਿੰਤਨ
 • ਸਮਕਾਲੀ ਪੰਜਾਬੀ ਸਾਹਿਤ ਦੇ ਸਰੋਕਾਰ
 • ਸਮਕਾਲੀ ਪੂਰਬਵਾਦੀ ਚਿੰਤਨ

ਸਨਮਾਨ[ਸੋਧੋ]

ਹਵਾਲੇ[ਸੋਧੋ]