ਸੁਖਵਿੰਦਰ ਅੰਮ੍ਰਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਖਵਿੰਦਰ ਅੰਮ੍ਰਿਤ
ਸੁਖਵਿੰਦਰ ਅੰਮ੍ਰਿਤ
ਜਨਮਸੁਖਵਿੰਦਰ ਕੌਰ
ਪਿੰਡ ਸਦਰਪੁਰਾ ਪੰਜਾਬ, ਭਾਰਤ
ਕਿੱਤਾਸ਼ਾਇਰਾ

ਸੁਖਵਿੰਦਰ ਅੰਮ੍ਰਿਤ ਪੰਜਾਬੀ ਗ਼ਜ਼ਲਗੋ ਹੈ। ਆਧੁਨਿਕ ਬੋਧ ਦੀ ਪੰਜਾਬੀ ਗ਼ਜ਼ਲ ਸਿਰਜਣ ਵਿੱਚ ਸੁਖਵਿੰਦਰ ਅੰਮ੍ਰਿਤ ਇੱਕ ਚਰਚਿਤ ਨਾਂ ਹੈ।[1]

ਜੀਵਨ ਵੇਰਵੇ[ਸੋਧੋ]

ਸੁਖਵਿੰਦਰ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਸੁਖਵਿੰਦਰ ਆਪਣੇ ਘਰ ਦੀ ਜੇਠੀ ਧੀ ਹੈ। ਇੱਕ ਭਰਾ ਤੇ ਚਾਰ ਭੈਣਾਂ ਦੀ ਸਭ ਤੋਂ ਵੱਡੀ ਭੈਣ। ਪੰਜ ਧੀਆਂ ਦਾ ਭਾਰ ਉਤਾਰਨ ਦੀ ਕਾਹਲੀ ਵਿੱਚ ਮਾਪਿਆਂ ਨੇ 17 ਸਾਲਾਂ ਦੀ ਉਮਰ ਵਿੱਚ ਸੁਖਵਿੰਦਰ ਦਾ ਵਿਆਹ ਕਰ ਦਿੱਤਾ। ਉਹ ਦੁਬਾਰਾ ਪੜ੍ਹਨ ਲੱਗ ਪਈ,ਵਿਆਹ ਵੇਲੇ ਉਹ ਨੌਵੀਂ ਪਾਸ ਸੀ,ਉਹਨੇ ਹੌਲੀ ਹੌਲੀ ਮੈਟ੍ਰਿਕ,ਬੀ.ਏ., ਐਮ.ਏ. ਕੀਤੀ ਤੇ ਹੁਣ ਉਹ ਕਿੰਨ੍ਹੀਆਂ ਕਿਤਾਬਾਂ ਦੀ ਸਿਰਜਕ ਹੈ। ਚੁੱਲ੍ਹੇ ਵਿੱਚ ਬਲਣ ਵਾਲੀ ਉਹਦੀ ਕਵਿਤਾ ਹੁਣ ਹਜ਼ਾਰ ਰੰਗਾਂ ਦੀ ਲਾਟ ਬਣ ਗਈ ਹੈ, ਪੁੰਨਿਆਂ ਬਣ ਗਈ ਹੈ। ਇਸ ਲਾਟ ਦੇ ਰੰਗ ਏਨੇ ਸੁਹਣੇ ਤੇ ਏਨੀ ਸ਼ਿੱਦਤ ਭਰੇ ਨੇ ਹੁੰਦੇ ਜੇ ਉਸਦੀ ਕਵਿਤਾ ਨੂੰ ਚੁੱਲ੍ਹੇ ਵਿੱਚ ਨਾ ਮੱਚਣਾ ਪੈਂਦਾ।[2]

ਸੁਖਵਿੰਦਰ ਅੰਮ੍ਰਿਤ਼ ਦੇ ਕਾਵਿ ਸਫਰ ਦਾ ਆਰੰਭ 1997 ਵਿੱਚ ਸੂਰਜ ਦੀ ਦਹਿਲੀਜ਼ ਗ਼ਜ਼ਲ ਸੰਗ੍ਰਹਿ ਦੇ ਪ੍ਰਕਾਸਿ਼ਤ ਹੋਣ ਨਾਲ ਹੋਇਆ ਅਤੇ ਪੰਜਾਬੀ ਸਾਹਿਤ ਦੇ ਤਾਰਾ ਮੰਡਲ ਵਿੱਚ ਉਸ ਦੀ ਕਵਿਤਾ ਨੇ ਬੋਦੀ ਵਾਲੇ ਤਾਰੇ ਵਾਂਗ ਧਿਆਨ ਖਿੱਚਿਆ ਅਤੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ। ਇਸ ਉਪਰੰਤ ਉਸ ਦੇ ਦੂਜੇ ਗ਼ਜ਼ਲ ਸੰਗ੍ਰਹਿ ਚਿਰਾਗਾਂ ਦੀ ਡਾਰ (1999) ਅਤੇ ਖੁੱਲ੍ਹੀਆਂ ਕਵਿਤਾਵਾਂ ਦਾ ਸੰਗ੍ਰਹਿ ਕਣੀਆਂ(2000) ਪ੍ਰਕਾਸਿ਼ਤ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਉਭਰ ਚੁੱਕੀ ਸੀ। ਉਸ ਦੀ ਚੌਥੀ ਪੁਸਤਕ ਪਰ ਤੀਜਾ ਗ਼ਜ਼ਲ ਸੰਗ੍ਰਹਿ ਪੱਤਝੜ ਵਿੱਚ ਪੁੰਗਰਦੇ ਪੱਤੇ (2002) ਛਪਣ ਤਕ ਉਹ ਪੂਰੀ ਤਰ੍ਹਾਂ ਸਥਾਪਤ ਕਵਿੱਤਰੀ ਬਣ ਚੁੱਕੀ ਸੀ ਅਤੇ 2003 ਵਿੱਚ ਉਸ ਦੀ ਸੰਪਾਦਤ ਗ਼ਜ਼ਲ ਸੰਗ੍ਰਹਿ ਕੇਸਰ ਦੇ ਛਿੱਟੇ ਵੀ ਪ੍ਰਕਾਸਿ਼ਤ ਹੋ ਚੁੱਕੀ ਸੀ।[3]

ਸੁਖਵਿੰਦਰ ਅੰਮ੍ਰਿਤ ਨੇ ਪੰਜਾਬੀ ਕਵਿਤਾ ਨੂੰ ਅਸਲੋਂ ਸੱਜਰਾ ਤੇ ਨਿਵੇਕਲਾ ਮੁਹਾਵਰਾ ਦੇ ਕੇ ਨਵੀਂ ਬੁਲੰਦੀ ’ਤੇ ਪਹੁੰਚਾਇਆ ਹੈ। ਉਸਦੀ ਗ਼ਜ਼ਲ ਵਿਚਲੇ ਨਾਰੀਪਨ ਨੇ ਪੰਜਾਬੀ ਗ਼ਜ਼ਲ ਨੂੰ ਨਵੀਂ ਨੁਹਾਰ ਅਤੇ ਰੰਗਤ ਨਾਲ ਸਰਸ਼ਾਰ ਕੀਤਾ ਹੈ। ਉਸ ਦੀ ਕਵਿਤਾ ਵਿੱਚ ਲੋਕ- ਗੀਤਾਂ ਵਰਗਾ ਗਹਿਰਾ ਅਨੁਭਵ ਤੇ ਵੇਗ ਹੈ। ਨਵੀਂ ਪੀੜੀ ਦੀ ਇਹ ਸਿਰਮੌਰ ਸ਼ਾਇਰਾ ਪੰਜਾਬੀ ਕਵਿਤਾ 'ਚ ਨਵੇਂ ਬਿੰਬ ਤੇ ਨਵੇਂ ਸੰਕਲਪ ਲੈ ਕੇ ਆਈ ਹੈ। ਉਹ ਜਿੰਨੀ ਸ਼ਿੱਦਤ ਨਾਲ ਉਚੀਆਂ ਕਦਰਾਂ ਕੀਮਤਾਂ ਨੂੰ ਮੁਹੱਬਤ ਕਰਦੀ ਹੈ, ਓਨੇ ਹੀ ਰੋਹ ਨਾਲ ਅਣ- ਮਨੁੱਖੀ ਵਰਤਾਰਿਆਂ ਨੂੰ ਨਕਾਰਦੀ ਹੈ।ਸੁਖਵਿੰਦਰ ਅੰਮ੍ਰਿਤ ਨੇ ਹਿੰਦੀ ਦੀ ਸ਼ਾਹਕਾਰ ਕਾਵਿ ਰਚਨਾ “ ਕਨੂਪ੍ਰਿਆ “ ਦਾ ਪੰਜਾਬੀ ਚ ਕਾਵਿ ਅਨੁਵਾਦ ਪੰਜਾਬੀ ਅਕਾਦਮੀ ਦਿੱਲੀ ਲਈ ਕੀਤਾ। ਉਸ ਦੀਆਂ ਪੁਸਤਕਾਂ ਹਿੰਦੀ ਤੇ ਅੰਗਰੇਜ਼ੀ ਚ ਅਨੁਵਾਦਿਤ ਹੋਈਆ ਹਨ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਮਰਦ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਮਰਦਾਂ ਨੂੰ ਨਹੀਂ ਸਿਸਟਮ ਨੂੰ ਨਫ਼ਰਤ ਕਰਦੀ ਹੈ।

ਇਸੇ ਸਿਸਟਮ ਕਾਰਨ ਕੁੜੀਆਂ ਨੂੰ ਜੀਣ ਦਾ ਉਹ ਹੱਕ ਨਹੀਂ ਮਿਲਦਾ ਜਿਸ ਦੀਆਂ ਉਹ ਹੱਕਦਾਰ ਹਨ।

ਕੁੜੀਆਂ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਪਰ ਇਹ ਪ੍ਰਾਪਤੀਆਂ ਉਨ੍ਹਾਂ ਮਰਦਾਂ ਨਾਲ ਖਹਿ-ਖਹਿ ਨੇ ਹਾਸਲ ਕੀਤੀਆਂ ਹਨ।ਉਸ ਮੁਤਾਬਕ ਇਹ ਉਸਦਾ ਤੇ ਉਸ ਨੂੰ ਮਿਲੀਆਂ ਦੂਜੀਆਂ ਕੁੜੀਆਂ ਦਾ ਨਿੱਜੀ ਤਜਰਬਾ ਹੈ ਕਿ ਉਨ੍ਹਾਂ ਦਾ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਹ ਕੁੜੀਆਂ ਹਨ ਅਤੇ ਉਨ੍ਹਾਂ ਨੇ ਬੰਦੇ ਤੋਂ ਬਚ ਕੇ ਰਹਿਣਾ ਹੈ।

ਅੰਮ੍ਰਿਤ ਕਹਿੰਦੀ ਹੈ ਕਿ ਮੇਰੀ ਬਗ਼ਾਵਤ ਦਾ ਫਾਇਦਾ ਮੇਰੀ ਧੀ ਨੂੰ ਹੋਇਆ, ਉਸ ਨੂੰ ਮੇਰੇ ਵਰਗੇ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਿਆ। ਮੇਰੀ ਧੀ ਨੂੰ ਹੋਰ ਆਜ਼ਾਦੀ ਮਿਲੇਗੀ।

ਉਹ ਕਹਿੰਦੀ ਹੈ, 'ਮੇਰੀ ਮਾਂ ਅਨਪੜ੍ਹ ਸੀ, ਮੈਂ ਸਕੂਲ ਗਈ ਤੇ ਮੇਰੀ ਧੀ ਯੂਨੀਵਰਸਿਟੀ ਤੱਕ ਪੜ੍ਹੀ। ਹਾਲਾਤ ਬਦਲ ਰਹੇ ਨੇ ਪਰ ਅਜੇ ਵੀ ਸਮਾਜ ਨੂੰ ਧੀਆਂ ਜਾਂ ਕੁੜੀਆਂ ਪ੍ਰਤੀ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਕੁੜੀਆਂ ਅਜਿਹਾ ਦਰਿਆ ਨਹੀਂ ਜਿਹੜਾ ਕਿਸੇ ਵੀ ਸਮੁੰਦਰ 'ਚ ਨਹੀਂ ਡਿੱਗ ਸਕਦਾ। ਔਰਤ ਉਹ ਨਦੀਂ ਹੈ ਜਿਸ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਕਿਹੜੇ ਸਮੁੰਦਰ ਵਿੱਚ ਜਾਣਾ ਹੈ।[4]

ਰਚਨਾਵਾਂ[ਸੋਧੋ]

ਸੁਖਵਿੰਦਰ ਅੰਮ੍ਰਿਤ ਨਾਲ "ਹੁਣ" ਵਲੋਂ ਕੀਤਾ ਇੰਟਰਵਿਊ

ਕਾਵਿ-ਸੰਗ੍ਰਹਿ[ਸੋਧੋ]

 • ''ਕਣੀਆਂ'' (2000)
 • ''ਧੁੱਪ ਦੀ ਚੁੰਨੀ'' (2006)
 • ''ਚਿੜੀਆਂ'' (2014)
 • ''ਧੂੰਆਂ'' (' ਕਣੀਆਂ 'ਪੁਸਤਕ 'ਚੋਂ ਇੱਕ ਨਜ਼ਮ -ਸਫ਼ਾ 28)
 • ''ਸਬਕ' (' ਕਣੀਆਂ ' ਪੁਸਤਕ 'ਚੋਂ ਇੱਕ ਨਜ਼ਮ -ਸਫ਼ਾ 31)
 • ਲਫਜ਼ਾ ਦੀ ਦਰਗਾਹ (ਸੰਪਾਦਿਤ) (1999)
 • ਰਿਸ਼ਤਿਆਂ ਦੀ ਰੰਗੋਲੀ (ਸੰਪਾਦਿਤ) (2014)
 • ਨੀਲਿਆ ਮੋਰਾ ਵੇ (ਗੀਤ) (2012)
 • ਕਨੂਪ੍ਰਿਆ (ਅਨੁਵਾਦਿਤ) (2018 ਪੰਜਾਬੀ ਅਕਾਦਮੀ ਦਿਲੀ)

ਗ਼ਜ਼ਲ-ਸੰਗ੍ਰਹਿ[ਸੋਧੋ]

 • ਸੂਰਜ ਦੀ ਦਹਿਲੀਜ਼ (1997)
 • ਚਿਰਾਗ਼ਾਂ ਦੀ ਡਾਰ (1999)
 • ਪੱਤਝੜ ਵਿੱਚ ਪੁੰਗਰਦੇ ਪੱਤੇ (2002)
 • ਹਜ਼ਾਰ ਰੰਗਾਂ ਦੀ ਲਾਟ (2008)
 • ਪੁੰਨਿਆ (2011)
 • ਕੇਸਰ ਦੇ ਛਿੱਟੇ (ਸੰਪਾਦਿਤ) (2003)

ਇਨਾਮ ਸਨਮਾਨ[ਸੋਧੋ]

 • ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀ ਪੁਰਸਕਾਰ ਅਤੇ ਗੁਰਮੁਖ ਸਿੰਘ ਮੁਸਾਫ਼ਰ ਪੁਰਸਕਾਰ (2007)
 • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (2007)
 • ਦੇਸ਼ਾਂ - ਵਿਦੇਸ਼ਾ ਦੀਆਂ ਅਨੇਕ ਸੰਸਥਾਵਾਂ ਵੱਲੋਂ ਕਈ ਹੋਰ ਸਨਮਾਨ
 • ਸੁਖਵਿੰਦਰ ਅੰਮ੍ਰਿਤ ਦੀਆ ਰਚਨਾਵਾਂ ਅਤੇ ਪੁਸਤਕਾਂ ਭਾਰਤੀ ਯੁਨੀਵਰਸਿਟੀਆਂ ਤੇ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦਾ ਹਿੱਸਾ ਹਨ।

ਲੇਖਕ ਬਾਰੇ ਖੋਜ ਪੁਸਤਕਾ[ਸੋਧੋ]

 • ਸੁਖਵਿੰਦਰ ਅੰਮ੍ਰਿਤ ਦੀ ਕਾਵਿ - ਚੇਤਨਾ ; ਸੰਪਾਦਕ ਗੁਰਭੇਜ ਸਿੰਘ ਗੁਰਾਇਆ ; ਪ੍ਰਕਾਸ਼ਕ ; ਪੰਜਾਬੀ ਅਕਾਦਮੀ ਦਿਲੀ
 • ਸੁਖਵਿੰਦਰ ਅੰਮ੍ਰਿਤ ਦੀ ਕਾਵਿਤਾ ਦੇ ਪ੍ਰੱੱਮੁਖ ਸਰੋਕਾਰ ; ਸੰਪਾਦਕ ਡਾ. ਜੋਗਿੰਦਰ ਸਿੰਘ ਕੈਰੋ, ਡਾ. ਰਵਿੰਦਰ ; ਪ੍ਰਕਾਸ਼ਕ ਕੇ.ਜੀ.ਗ੍ਰਾਫਿਕਸ ਅੰਮ੍ਰਿਤਸਰ

ਕਾਵਿ-ਨਮੂਨੇ[ਸੋਧੋ]

 ***
ਬਾਂਵਰੀ ਦੀਵਾਨੀ ਚਾਹੇ ਪਗਲੀ ਕਹੋ
ਬਸ ਮੇਰੇ ਰਾਮਾ ਮੈਨੂੰ ਆਪਣੀ ਕਹੋ
ਜੇ ਹੈ ਮੇਰੇ ਤਨ ਵਿੱਚ ਰੂਹ ਫੂਕਣੀ
ਹੋਠਾਂ ਸੰਗ ਲਾਵੋ ਨਾਲ਼ੇ ਵੰਝਲ਼ੀ ਕਹੋ
ਆਵਾਂਗੀ ਮੈਂ ਨ੍ਹੇਰਿਆਂ ਦੀ ਹਿੱਕ ਚੀਰ ਕੇ
ਇਕ ਵਾਰ ਤੁਸੀਂ ਮੈਨੂੰ ਰੌਸ਼ਨੀ ਕਹੋ
 ***
ਸਤਾਏਗਾ ਜੇ ਮੇਰੇ ਸ਼ਹਿਰ ਦਾ ਮੌਸਮ ਚਲਾ ਜਾਵੀਂ
ਤੂੰ ਮੈਥੋਂ ਸੁਰਖ਼ਰੂ ਹੋ ਕੇ ਮੇਰੇ ਗੌਤਮ ਚਲਾ ਜਾਵੀਂ
ਤੂੰ ਮੇਰੇ ਮਾਰੂਥਲ ’ਚ ਮੇਰੇ ਨਾਲ਼ ਦਸ ਕਦ ਤੀਕ ਠਹਿਰੇਂਗਾ
ਪੁਕਾਰੇਗੀ ਜਦੋਂ ਕੋਈ ਛਾਂ ਮੇਰੇ ਹਮਦਮ ਚਲਾ ਜਾਵੀਂ
ਹਵਾ ਹਾਂ ਮੈਂ ਤਾਂ ਹਰ ਥਾਂ ਪਹੁੰਚ ਜਾਵਾਂਗੀ ਤੇਰੇ ਪਿੱਛੇ
ਤੇਰਾ ਜਿੱਥੇ ਵੀ ਜੀਅ ਚਾਹੇ ਮੇਰੇ ਆਦਮ ਚਲਾ ਜਾਵੀਂ
 ***
ਨਹੀਂ ਜੇ ਸ਼ੌਂਕ ਮੱਚਣ ਦਾ ਤਾਂ ਅੱਗ ਤੋਂ ਫਾਸਲਾ ਰੱਖੀਂ
ਨਾ ਬਲਦੇ ਸੂਰਜਾਂ ਦੇ ਨਾਲ਼ ਆਪਣਾ ਰਾਬਤਾ ਰੱਖੀਂ
ਕਿਤੇ ਨਾ ਆਂਦਰਾਂ ਦੇ ਵਿੱਚ ਲਹੂ ਦੀ ਬਰਫ ਜੰਮ ਜਾਵੇ
ਕੋਈ ਕੋਸਾ ਜਿਹਾ ਹਉਕਾ ਤੂੰ ਸੀਨੇ ਨਾਲ਼ ਲਾ ਰੱਖੀਂ
 ***
ਤਿਣਕਾ ਤਿਣਕਾ ਆਸ਼ੀਆਨਾ ਮੋੜ ਦੇ
ਮੋੜ ਦੇ ਮੇਰਾ ਵੀਰਾਨਾ ਮੋੜ ਦੇ
ਸਾਂਭ ਲੈ ਤੂੰ ਆਪਣੀ ਸੰਜੀਦਗੀ
ਮੈਨੂੰ ਮੇਰਾ ਦਿਲ ਦੀਵਾਨਾ ਮੋੜ ਦੇ
ਸ਼ਾਇਰਾਨਾ, ਆਸ਼ਕਾਨਾ, ਸਾਫ਼ਦਿਲ
ਐ ਖ਼ੁਦਾ! ਉਹੀ ਜ਼ਮਾਨਾ ਮੋੜ ਦੇ


ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ
ਨਹੀਂ ਮੈਂ ਬਰਫ ਦੀ ਟੁਕੜੀ ਕਿ ਪਲ ਵਿੱਚ ਪਿਘਲ ਜਾਂਵਾਗੀ

ਲੰਘਦਾ ਸੀ ਰੋਜ਼ ਇੱਕ ਦਰਿਆ ਦਰਾਂ ਦੇ ਨਾਲ਼ ਦੀ
ਕਦ ਕੁ ਤੀਕਰ ਦੋਸਤੋ ਉਹ ਪਿਆਸ ਆਪਣੀ ਟਾਲ਼ਦੀ


ਮਾਰੂਥਲ ਤੇ ਰਹਿਮ ਜਦ ਖਾਵੇ ਨਦੀ
ਸੁਕਦੀ ਸੁਕਦੀ ਆਪ ਸੁੱਕ ਜਾਵੇ ਨਦੀ
ਗੀਤ ਗਮ ਦਾ ਜਦ ਕਦੇ ਗਾਵੇ ਨਦੀ
ਹੰਝੂ ਹੰਝੂ ਹੋ ਕੇ ਖਿੰਡ ਜਾਵੇ ਨਦੀ
ਪਿਆਸ ਤੇਰੀ ਵਿੱਚ ਹੀ ਜਦ ਸ਼ਿੱਦਤ ਨਹੀਂ
ਤੇਰੇ ਦਰ ਤੇ ਕਿਸ ਤਰ੍ਹਾਂ ਆਵੇ ਨਦੀ


ਮੈਂ ਬਣ ਕੇ ਹਰਫ ਇੱਕ ਦਿਨ ਕਾਗਜ਼ਾਂ ’ਤੇ ਬਿਖਰ ਜਾਵਾਂਗੀ
ਕਲਮ ਦੀ ਨੋਕ ’ਚੋਂ ਕਵਿਤਾ ਦੇ ਵਾਂਗੂੰ ਉੱਤਰ ਜਾਂਵਾਗੀ
ਤੇਰੀ ਰੂਹ ਤੱਕ ਨਾ ਪਹੁੰਚੇ ਮੇਰੇ ਕਦਮਾਂ ਦੀ ਆਹਟ ਵੀ
ਤੇਰੇ ਦਿਲ ਦੀ ਗਲ਼ੀ ’ਚੋਂ ਇਸ ਤਰ੍ਹਾਂ ਗੁਜ਼ਰ ਜਾਵਾਂਗੀ
ਮੈਂ ਨਾਜ਼ੁਕ ਸ਼ਾਖ ਹਾਂ ਕੋਈ ਹੈ ਗਮ ਦੀ ਗਰਦ ਮੇਰੇ ਤੇ
ਕਿਸੇ ਬਰਸਾਤ ਵਿੱਚ ਮੈਂ ਫੇਰ ਇੱਕ ਦਿਨ ਨਿਖਰ ਜਾਂਵਾਗੀ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]