ਬਲਦੇਵ ਸਿੰਘ ਸੜਕਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਲਦੇਵ ਸਿੰਘ ਸੜਕਨਾਮਾ
ਬਲਦੇਵ ਸਿੰਘ ਸੜਕਨਾਮਾ
ਜਨਮ ਬਲਦੇਵ ਸਿੰਘ ਸੜਕਨਾਮਾ
1942
ਚੰਦ ਨਵਾ,ਮੋਗਾ, ਪੰਜਾਬ
ਕੌਮੀਅਤ ਭਾਰਤੀ
ਕਿੱਤਾ ਕਵੀ
ਪ੍ਰਮੁੱਖ ਕੰਮ ਢਾਹਵਾ ਦਿਲੀ ਦੇ ਕਿੰਗਰੇ
ਵਿਧਾ ਨਾਵਲ

ਬਲਦੇਵ ਸਿੰਘ ਸੜਕਨਾਮਾ (ਜਨਮ 1942-) ੲਿੱਕ ਕਵੀ, ਨਾਟਕਕਾਰ ਅਤੇ ਨਾਵਲਕਾਰ ਹੈ। ਕੁਝ ਸਮਾਂ ਸਰਕਾਰੀ ਅਧਿਆਪਕ ਵੀ ਰਹੇ। ਉਨ੍ਹਾਂ ਐਮ.ਏ.ਬੀ.ਐੱਡ. ਹਾਸਲ ਕੀਤੀ। ਲੰਮਾ ਸਮਾਂ ਟਰੱਕ ਡਰਾਇਵਰੀ ਕੀਤੀ ਅਤੇ ਫਿਰ ਟਰਾਂਸਪੋਰਟਰ ਬਣੇ।

ਸੜਕਨਾਮਾ[ਸੋਧੋ]

ਬਲਦੇਵ ਸਿੰਘ ਮਹਿਜ਼ ਬਲਦੇਵ ਸਿੰਘ ਨਹੀਂ, ਉਹ ਸੜਕਨਾਮਾ ਵੀ ਹੈ, ਲਾਲ ਬੱਤੀ ਵੀ, ਅੰਨਦਾਤਾ ਵੀ ਹੈ। ਹਰ ਰਚਨਾ ਉਸ ਦੇ ਨਾਮ ਨਾਲ ਜੁੜ ਜਾਂਦੀ ਹੈ। ਬਲਦੇਵ ਸਿੰਘ ਇੱਕ ਬਲਸ਼ਾਲੀ ਗਲਪਕਾਰ ਹੈ। ਬਲਦੇਵ ਸਿੰਘ ਦੇ ਪਾਠਕ ਵਰਗ ਦਾ ਘੇਰਾ ਬਹੁਤ ਵਿਸ਼ਾਲਤਰ ਹੈ। ਉਸ ਦੀ ਹਰ ਰਚਨਾ ਬਲਸ਼ਾਲੀ ਕਿਉਂ ਹੁੰਦੀ ਹੈ? ਸਪੱਸ਼ਟ ਹੈ ਕਿ ਬਲਦੇਵ ਸਿੰਘ ਕੋਲ ਨਿੱਜੀ ਅਨੁਭਵ, ਜੀਵਨ ਤਜਰਬੇ ਅਤੇ ਗਿਆਨ ਬੋਧ ਬਹੁਤ ਜ਼ਿਆਦਾ ਹੈ। ਦੂਜਾ ਉਸ ਕੋਲ ਜੀਵਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਹੈ। ਉਸ ਦੀ ਨਿਮਨ, ਦਲਿਤ ਅਤੇ ਦਮਿਤ ਜਮਾਤ ਨਾਲ ਪ੍ਰਤੀਬੱਧਤਾ ਹੈ। ਉਸ ਦੀ ਹਰ ਰਚਨਾ ਸਿੱਧੇ ਜਾਂ ਅਸਿੱਧੇ ਚੇਤਨਤਾ ਦਿੰਦੀ ਹੈ। ਉਹ ਆਪਣੇ ਸਾਹਿਤਕ ਅਤੇ ਸਮਾਜਕ ਕਰਤਵ ‘ਤੇ ਖ਼ਰਾ ਉਤਰਦਾ ਰਿਹਾ ਹੈ। ਇਨ੍ਹਾਂ ਕਾਰਨਾਂ ਕਰ ਕੇ ਹੀ ਬਲਦੇਵ ਸਿੰਘ ਦੀ ਹਰ ਰਚਨਾ ਹੀ ਬਲਸ਼ਾਲੀ ਹੁੰਦੀ ਹੈ। ਉਸ ਦੀ ਮਕਬੂਲੀਅਤ ਦੇ ਕਾਰਨ ਵੀ ਇਹੋ ਹਨ।

ਸਾਹਿਤ ਸਿਰਜਣ[ਸੋਧੋ]

ਬਲਦੇਵ ਸਿੰਘ ਤੀਹ-ਬੱਤੀ ਸਾਲਾਂ ਤੋਂ ਸਾਹਿਤ ਸਿਰਜਣ ਕਰ ਰਿਹਾ ਹੈ। ਨਿਰੰਤਰ ਲਿਖਣਾ ਇੱਕ ਕਠਿਨ ਕਾਰਜ ਹੈ, ਪ੍ਰੰਤੂ ਬਲਦੇਵ ਆਪਣੀ ਪ੍ਰਤੀਬੱਧਤਾ ਕਾਰਨ ਅਜਿਹੇ ਕਠਿਨ ਕਾਰਜ ਨੂੰ ਕਰ ਰਿਹਾ ਹੈ। ਬਲਦੇਵ ਤਾਂ ਪੰਜਾਬ ਦੇ ਕਾਲੇ ਦੌਰ ਵਿੱਚ ਵੀ ਥਿੜਕਿਆ ਨਹੀਂ, ਉਸ ਨੂੰ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਵੀ ਲਿਖਣ ਤੋਂ ਰੋਕ ਨਹੀਂ ਸਕੀਆਂ। ਬਲਦੇਵ ਸਿੰਘ ਇੱਕ ਸੰਘਰਸ਼ਸ਼ੀਲ ਲੇਖਕ (ਕਾਮਾ) ਹੈ। ਉਸ ਨੇ ਜਿੱਥੇ ਕਥਾ-ਖੇਤਰ ਵਿੱਚ ਆਪਣੇ ਨਾਮ ਦੀ ਮੋਹਰਛਾਪ ਲਾਈ ਹੈ, ਉੱਥੇ ਉਸ ਨੇ ਨਾਟਕ-ਖੇਤਰ ਵਿੱਚ ਵੀ ਜ਼ਿਕਰਯੋਗ ਅਤੇ ਮਹਿਮਾਯੋਗ ਰਚਨਾਵਾਂ ਸਾਹਿਤਕ-ਪਿੜ ਨੂੰ ਪ੍ਰਦਾਨ ਕੀਤੀਆਂ ਹਨ। ਇਨ੍ਹਾਂ ਖੇਤਰਾਂ ਤੋਂ ਇਲਾਵਾ ਉਹ ਨਾਵਲੀ-ਖੇਤਰ ਵਿੱਚ ਸਾਡੇ ਸਮਿਆਂ ‘ਚ ਸਭ ਤੋਂ ਵੱਧ ਚਰਚਿਤ ਹੈ। ਕਥਾ, ਨਾਟਕ ਅਤੇ ਨਾਵਲ ਤਿੰਨਾਂ ਖੇਤਰਾਂ ਵਿੱਚ ਹੀ ਉਸ ਦੇ ਨਾਮ ਦੀ ਤੂਤੀ ਬਰਾਬਰ ਬੋਲਦੀ ਹੈ। ਇਹ ਅਪਵਾਦ ਹੀ ਹੈ ਕਿ ਕੋਈ ਇਕੋ ਬੰਦਾ ਕਈ ਖੇਤਰਾਂ ਵਿੱਚ ਨਾਮਵਰ ਹੋਵੇ।

ਕਹਾਣੀਆਂ, ਨਾਟਕਾਂ ਅਤੇ ਨਾਵਲਾਂ[ਸੋਧੋ]

ਉਸ ਨੇ ਕਾਫੀ ਗਿਣਤੀ ਵਿੱਚ ਕਹਾਣੀਆਂ, ਨਾਟਕਾਂ ਅਤੇ ਨਾਵਲਾਂ ਦੀ ਰਚਨਾ ਕੀਤੀ ਹੈ, ਪ੍ਰੰਤੂ ਉਸ ਦੀ ਹਰ ਰਚਨਾ ਵਸਤੂ-ਸਥਿਤੀ ਅਤੇ ਕਲਾ ਪੱਖੋਂ ਭਿੰਨ ਅਤੇ ਵੱਖਰੀ ਹੈ। ਕਮਾਲ ਦੀ ਗੱਲ ਇਹ ਹੈ ਕਿ ਵਿਸ਼ੇ-ਵਸਤੂ ਦਾ ਕਿਸੇ ਵੀ ਰਚਨਾ ਵਿੱਚ ਦੁਹਰਾਓ ਨਹੀਂ। ਉਸ ਦੀ ਕੋਈ ਰਚਨਾ ਭਾਸ਼ਾ ਅਤੇ ਬੋਲੀ ਪੱਖੋਂ ਮਾਰ ਨਹੀਂ ਖਾਂਦੀ। ਹਰ ਰਚਨਾ ਦੀ ਆਪਣੀ ਸ਼ੈਲੀ ਅਤੇ ਆਪਣਾ ਅੰਦਾਜ਼ ਹੈ। ਉਸ ਦੀ ਹਰ ਰਚਨਾ ਰੌਚਕ ਹੈ, ਇਸ ਤੋਂ ਬਿਨਾਂ ਉਸ ਦੀ ਹਰ ਰਚਨਾ ਕੋਈ ਨਾ ਕੋਈ ਪ੍ਰਸ਼ਨ ਛੱਡਦੀ ਹੈ, ਕੋਈ ਨਾ ਕੋਈ ਸੰਕੇਤ ਦਿੰਦੀ ਹੈ, ਕੋਈ ਨਾ ਕੋਈ ਰਾਹ ਵਿਖਾਉਂਦੀ ਹੈ, ਚੇਤਨਾ ਪ੍ਰਦਾਨ ਕਰਦੀ ਹੈ। ਬਲਦੇਵ ´ਾਂਤੀ, ਪਰਿਵਰਤਨ ਅਤੇ ਸਮਾਜਵਾਦ ਚਾਹੁੰਦਾ ਹੈ, ਪ੍ਰੰਤੂ ਉਸ ਦੀ ਕੋਈ ਰਚਨਾ ਮਾਅਰਕੇਬਾਜ਼ੀ ਜਾਂ ਨਾਅਰੇਬਾਜ਼ੀ ਦੀ ਲਖ਼ਾਇਕ ਨਹੀਂ। ਉਹ ਆਪਣੀ ਗੱਲ, ਆਪਣਾ ਪੱਖ, ਆਪਣੇ ਵਿਚਾਰ ਅਸਿੱਧੇ ਢੰਗ (ਸੁਹਜਮਈ ਢੰਗ ਨਾਲ) ਨਾਲ ਕਹਿਣ ‘ਚ ਵਿਸ਼ਵਾਸ ਰੱਖਦਾ ਹੈ। ਬਲਦੇਵ ਸਿੰਘ ਦੀ ਕਿਸੇ ਕਲਾ-ਕ੍ਰਿਤੀ ‘ਚ ਫੋਕਾ ਆਦਰਸ਼ਵਾਦ ਨਹੀਂ, ਤਲਖ਼ ਜ਼ਮੀਨੀ ਹਕੀਕਤਾਂ ਅਤੇ ਤਾਰਕਿਕ ਵਿਚਾਰਧਾਰਾ ਨੂੰ ਹੀ ਉਹ ਆਪਣੀਆਂ ਰਚਨਾਵਾਂ ਦੇ ਕੇਂਦਰ ਵਿੱਚ ਰੱਖਦਾ ਹੈ। ਬਲਦੇਵ ਦੀ ਕਿਸੇ ਕਥਾ, ਨਾਟਕ ਜਾਂ ਨਾਵਲ ‘ਚ ਫੋਟੋਗ੍ਰਾਫਕ ਯਥਾਰਥ ਨਹੀਂ, ਉਸ ਦੀਆਂ ਰਚਨਾਵਾਂ ਗਤੀਸ਼ੀਲ-ਯਥਾਰਥ, ਇੱਛਤ-ਯਥਾਰਥ ਅਤੇ ਨਵ-ਯਥਾਰਥ ਦੀਆਂ ਵਾਹਕ ਹੁੰਦੀਆਂ ਹਨ। ਗ਼ੌਰਤਲਬ ਪੱਖ ਇਹ ਹੈ ਕਿ ਜਦ ਉਹ ਨਵ-ਯਥਾਰਥ ਦੀ ਅਭਿਵਿਅਕਤੀ ਕਰ ਰਿਹਾ ਹੁੰਦਾ ਹੈ ਤਾਂ ਉਹ ਇਸ ਯਥਾਰਥ ‘ਚੋਂ ਉਸ ਪੱਖ, ਪਹਿਲੂ, ਜ਼ੁਜ ਜਾਂ ਵਰਤਾਰੇ ਨੂੰ ਉਭਾਰ ਰਿਹਾ ਹੁੰਦਾ ਹੈ, ਜੋ ਅਗਾਂਹਵਧੂ, ਹਾਂਦਰੂ, ਸਿਹਤਮੰਦ ਅਤੇ ਤਾਰਕਿਕ ਹੁੰਦਾ ਹੈ। ਬਲਦੇਵ ਹਰ ਰਚਨਾ ਸਹਿਜ-ਮਤੇ ਲਿਖਦਾ ਹੈ, ਇਸ ਦੇ ਬਾਵਜੂਦ ਉਹ ਸੁਚੇਤ ਵੀ ਰਹਿੰਦਾ ਹੈ ਕਿ ਕਿਧਰੇ ਕੋਈ ਗ਼ਲਤੀ ਨਾ ਹੋ ਜਾਵੇ, ਜਿਹੜੀ ਉਸ ਦੀ ਕੀਤੀ ਮਿਹਨਤ ਨੂੰ ਹੀ ਮਿੱਟੀ ‘ਚ ਮਿਲਾ ਦੇਵੇ। ਲਿਖਣ ਵੇਲੇ ਅਤੇ ਛਾਪਣ ਵੇਲੇ ਉਹ ਕਾਹਲ ਨਹੀਂ ਕਰਦਾ। ਉਹ ਖ਼ੁਦ ਵੀ ਕਿਸੇ ਪੱਖ, ਪਹਿਲੂ, ਜ਼ੁਜ ਜਾਂ ਵਰਤਾਰੇ ਨੂੰ ਪ੍ਰਸਤੁਤ ਕਰਨ ਸਮੇਂ ਸੌ ਵਾਰ ਸੋਚਦਾ ਹੈ। ਉਹ ਆਲੋਚਕਾਂ ਅਤੇ ਬੁੱਧੀਜੀਵੀਆਂ ਨਾਲ ਵੀ ਸਲਾਹ-ਮਸ਼ਵਰਾ ਕਰਨ ‘ਚ ਆਪਣੀ ਕਦੇ ਹੇਠੀ ਨਹੀਂ ਸਮਝਦਾ। ਮੇਰੇ ਵਰਗੇ ਆਲੋਚਕਾਂ ਤੋਂ ਵੀ ਉਹ ਸਲਾਹ ਲੈ ਲੈਂਦਾ ਹੈ। ਬਲਦੇਵ ਇੱਕ ਨਿਮਰ ਸ਼ਖ਼ਸੀਅਤ ਹੈ। ਹਉਮੈ ਨੂੰੂ ਉਹ ਨੇੜ ਨਹੀਂ ਫ਼ਟਕਣ ਦਿੰਦਾ। ਆਮ ਕਰ ਕੇ ਸਾਡੇ ਲੇਖਕ ਆਪਣੇ ਆਪ ਨੂੰ ਸ਼ਾਹਕਾਰ ਲੇਖਕ ਕਹਾ ਕੇ ਖੁਸ਼ ਹੁੰਦੇ ਹਨ। ਅਜਿਹੇ ਲੇਖਕ ਹਰ ਸਮੇਂ ਆਪਣੀ ਹਉਮੈਵਾਦੀ ਧਾਰਨਾ ਨੂੰ ਹਿੱਕ ਨਾਲ ਲਾਈ ਫਿਰਦੇ ਰਹਿੰਦੇ ਹਨ। ਬਲਦੇਵ ਬਤੌਰ ਲੇਖਕ ਮਹਾਨ ਹੈ, ਪ੍ਰੰਤੂ ਉਹ ਆਪਣੇ ਆਪ ਨੂੰ ਨਾ ਮਹਾਨ ਕਹਾਉਂਦਾ ਹੈ, ਨਾ ਕਹਿੰਦਾ ਹੈ। ਇਸ ਕਰ ਕੇ ਕਿਹਾ ਜਾ ਸਕਦਾ ਹੈ ਕਿ ਬਲਦੇਵ ਸਿੰਘ ‘ਬਲਦੇਵ ਸਿੰਘ’ ਹੀ ਹੈ। ਉਸ ਦੀਆਂ ਰਚਨਾਵਾਂ ‘ਰਚਨਾਵਾਂ’ ਹੀ ਹਨ।

ਡਰਾਇਵਰੀ ਕਰਦਿਆਂ ਜਦ ਲਿਖਣਾ ਸ਼ੁਰੂ[ਸੋਧੋ]

ਬਲਦੇਵ ਸਿੰਘ ਨੇ ਕਲਕੱਤੇ ਰਹਿੰਦਿਆਂ, ਡਰਾਇਵਰੀ ਕਰਦਿਆਂ ਜਦ ਲਿਖਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਕਹਾਣੀ ਰਚੀ। ਹੌਲੀ-ਹੌਲੀ ਉਸ ਨੇ ਕਹਾਣੀ-ਖੇਤਰ ਵਿੱਚ ਆਪਣਾ ਵਿਸ਼ੇਸ਼ ਸਥਾਨ ਗ੍ਰਹਿਣ ਕਰ ਲਿਆ। ਬਲਦੇਵ ਸਿੰਘ ਨੇ ਆਪਣੀਆਂ ਕਹਾਣੀਆਂ ‘ਚ ਸਭ ਤੋਂ ਵੱਧ ਸਮਾਜ ਦੇ ਆਰਥਿਕ ਨੁਕਤੇ ਨੂੰ ਕੇਂਦਰ ਵਿੱਚ ਰੱਖਿਆ ਹੈ, ਕਿਉਂਕਿ ਬਲਦੇਵ ਸਿੰਘ ਲਈ ਇੱਕ ਸਮਾਜ ਦੀ ਆਰਥਿਕਤਾ ਹੀ ਪ੍ਰਮੁੱਖ ਆਧਾਰ ਹੈ। ਇਸ ਟੁੱਟ-ਭੱਜ ਰਹੀ ਆਰਥਿਕਤਾ ਕਾਰਨ ਹੀ ਕਿਸੇ ਸਮਾਜ ਦੇ ਪ੍ਰਮੁੱਖ ਉਸਾਰ ਸੱਭਿਆਚਾਰ ਦੀ ਵਿਆਪਕ ਟੁੱਟ-ਭੱਜ ਹੁੰਦੀ ਹੈ। ਬਲਦੇਵ ਸਿੰਘ ਨੇ ਖੰਡਿਤ ਹੋ ਰਹੇ ਭਾਈਚਾਰੇ, ਸਾਂਝ, ਮਿਲਵਰਤਣ ਅਤੇ ਪਿਆਰ ਨੂੰੂ ਵੀ ਵਿਸ਼ਾ-ਵਸਤੂ ਬਣਾਇਆ ਹੈ। ਬਲਦੇਵ ਸਿੰਘ ਦੀਆਂ ਬਹੁਤੀਆਂ ਕਥਾਵਾਂ ਰਿਸ਼ਤਿਆਂ ‘ਚ ਪੈਦਾ ਹੋ ਰਹੇ ਦਵੰਦਾਂ, ਤਣਾਵਾਂ ਅਤੇ ਟਕਰਾਵਾਂ ‘ਤੇ ਹੀ ਕੇਂਦਰਿਤ ਹਨ। ਸਮਾਜਕ, ਸੱਭਿਆਚਾਰਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਵਿਸ਼ਿਆਂ ਤੋਂ ਬਿਨਾਂ ਬਲਦੇਵ ਨੇ ਸਾਡੇ ਸਮਾਜ ਦੀ ਮਨੋਸਰੰਚਨਾ ਅਤੇ ਮਨੋ-ਸਥਿਤੀ ਨੂੰ ਵੀ ਆਪਣੀਆਂ ਕਹਾਣੀਆਂ ‘ਚ ਦਰਜ ਕੀਤਾ ਹੈ। ਬਲਦੇਵ ਦੀਆਂ ਕਹਾਣੀਆਂ ਵਿਸ਼ਾ-ਵਸਤੂ ਪੱਖੋਂ ਹੀ ਨਹੀਂ, ਕਲਾ ਅਤੇ ਸੁਹਜ ਪੱਖੋਂ ਵੀ ਬੇਸ਼ਕੀਮਤੀ ਹਨ।

ਨਾਵਲਾਂ ਦੀ ਲਿਸਟ[ਸੋਧੋ]

ਬਲਦੇਵ ਸਿੰਘ ਦੇ ਨਾਵਲਾਂ ਦੀ ਲਿਸਟ ਵੀ ਕਾਫੀ ਲੰਬੀ ਹੋ ਚੁੱਕੀ ਹੈ। ਦੂਸਰਾ ਹੀਰੋਸ਼ੀਮਾ, ਸੂਲੀ ਟੰਗੇ ਪਹਿਰ, ਕੱਲਰੀ ਧਰਤੀ, ਜੀ.ਟੀ. ਰੋਡ, ਕੱਚੀਆਂ ਕੰਧਾਂ ਆਦਿ ਨਾਵਲ ਟਰਾਂਸਪੋਰਟ ਕਿੱਤੇ, ਡਰਾਇਵਰੀ ਕਿੱਤੇ, ਨਕਸਲੀ ਮਸਲੇ ਅਤੇ ਸੀਮਾਂਤ ਕਿਸਾਨੀ ਨਾਲ ਸਬੰਧਤ ਹਨ।

‘ਲਾਲ ਬੱਤੀ’ ਨਾਵਲ[ਸੋਧੋ]

‘ਲਾਲ ਬੱਤੀ’ ਨਾਵਲ ਦੀ ਚਰਚਾ ਬਹੁਤ ਜ਼ਿਆਦਾ ਹੋਈ। ਇਹ ਨਾਵਲ ਵੇਸਵਾਗਮਨੀ ਦਾ ਕਰੂਰ ਯਥਾਰਥ ਹੈ। ਇਸ ਤੋਂ ਬਾਅਦ ਉਸ ਦਾ ਨਾਵਲ ‘ਅੰਨਦਾਤਾ’ ਬਹੁਤ ਚਰਚਿਤ ਹੋਇਆ, ਜੋ ਪੰਜਾਬ ਦੀ ਸੀਮਾਂਤ ਕਿਸਾਨੀ (ਜੋ ਨਿਰੰਤਰ ਕੰਗਾਲ ਹੋ ਰਹੀ ਹੈ) ਦੇ ਸੰਕਟ ਦਾ ਕੜਵਾ ਅਤੇ ਕਰੂਰ ਯਥਾਰਥ ਹੈ। ਇਸ ਤੋਂ ਬਾਅਦ ਬਲਦੇਵ ਸਿੰਘ, ਡਾ. ਟੀ.ਆਰ. ਵਿਨੋਦ ਦੇ ਕਹਿਣ ‘ਤੇ ਇਤਿਹਾਸਕ ਨਾਵਲ ਲਿਖਣ ਲਈ ਪਰੇਰਿਤ ਹੋਇਆ। ਪੰਜਵਾਂ ਸਾਹਿਬਜ਼ਾਦਾ (ਸਿੱਖ ਇਤਿਹਾਸ ‘ਚ ਅਣਗੌਲੇ ਮਹਾਨਾਇਕ ਨਾਲ ਸਬੰਧਤ), ਸਤਲੁਜ ਵਹਿੰਦਾ ਰਿਹਾ (ਸ਼ਹੀਦ ਭਗਤ ਸਿੰਘ ਦੇ ਜੀਵਨ ‘ਤੇ ਆਧਾਰਤ), ਢਾਹਵਾਂ ਦਿੱਲੀ ਦੇ ਕਿੰਗਰੇ (ਲੋਕ ਨਾਇਕ ਦੁੱਲਾ ਭੱਟੀ ਦੇ ਜੀਵਨ ‘ਤੇ ਆਧਾਰਤ), ਮਹਾਬਲੀ ਸੂਰਾ (ਬੰਦਾ ਸਿੰਘ ਬਹਾਦਰ ਦੀ ਜੀਵਨੀ) ਆਦਿ ਉਸ ਦੇ ਗ਼ੌਰਤਲਬ ਇਤਿਹਾਸਕ ਨਾਵਲ ਹਨ। ਪੰਜਾਬੀ ਇਤਿਹਾਸ ਦੇ ਚਾਰ ਮਹਾਨਾਇਕਾਂ ਬਾਰੇ ਲਿਖਣਾ ਸੌਖਾ ਕੰਮ ਨਹੀਂ ਸੀ। ਇਨ੍ਹਾਂ ਮਹਾਨਾਇਕਾਂ ਦੇ ਜੀਵਨ ਨਾਲ ਬਹੁਤ ਸਾਰੀਆਂ ਮਿੱਥਾਂ ਜੁੜੀਆਂ ਹੋਈਆਂ ਸਨ ਅਤੇ ਇਨ੍ਹਾਂ ਦੇ ਜੀਵਨ ‘ਚ ਬਹੁਤ ਸਾਰੀਆਂ ਭਰਾਂਤੀਆਂ ਪਈਆਂ ਸਨ। ਬਲਦੇਵ ਨੇ ਇਨ੍ਹਾਂ ਮਿੱਥਾਂ ਅਤੇ ਭਰਾਂਤੀਆਂ ਨੂੰ ਖ਼ਾਰਜ ਵੀ ਕੀਤਾ ਅਤੇ ਜੋ ਸੱਚ ਸੀ, ਉਸ ਨੂੰ ਸਾਡੇ ਸਨਮੁੱਖ ਰੱਖਿਆ। ਬਲਦੇਵ ਸਿੰਘ ਨੇ ਇਤਿਹਾਸ ਨੂੰ ਤਾਰਕਿਕ ਢੰਗ ਨਾਲ ਵਾਚਣ ਲਈ ਸਾਨੂੰ ਇੱਕ ਦ੍ਰਿਸ਼ਟੀ ਦਿੱਤੀ ਹੈ। ਮੇਰੀ ਧਾਰਨਾ ਹੈ ਕਿ ਬਲਦੇਵ ਸਿੰਘ ਨੂੰ ‘ਅੰਨਦਾਤਾ’ ਨਾਵਲ ਲਿਖਣ ‘ਤੇ ਹੀ ਸਾਹਿਤ ਅਕਾਦਮੀ ਇਨਾਮ ਮਿਲਣਾ ਚਾਹੀਦਾ ਸੀ। ‘ਅੰਨਦਾਤਾ’ ਉੱਤੇ ਜੇ ਨਹੀਂ ਦਿੱਤਾ ਗਿਆ ਤਾਂ ‘ਪੰਜਵਾਂ ਸਾਹਿਬਜ਼ਾਦਾ’ ਨਾਵਲ ‘ਤੇ ਮਿਲ ਜਾਣਾ ਚਾਹੀਦਾ ਸੀ। ਇਵੇਂ ਹੀ ‘ਸਤਲੁਜ ਵਹਿੰਦਾ ਰਿਹਾ’ ਨਾਵਲ ਨੂੰ ਵੀ ਅਣਗੌਲਿਆ ਕੀਤਾ ਗਿਆ। ‘ਢਾਹਵਾਂ ਦਿੱਲੀ ਦੇ ਕਿੰਗਰੇ’ ਨਾਵਲ ਉੱਪਰ ਸਾਹਿਤ ਅਕਾਦਮੀ ਇਨਾਮ ਮਿਲਣਾ ਭਾਵੇਂ ਬਲਦੇਵ ਸਿੰਘ ਦੀ ਪ੍ਰਾਪਤੀ ਹੈ, ਪ੍ਰੰਤੂ ਉਸ ਦੇ ਪਾਠਕਾਂ ਨੂੰ ਨਿਰਾਸ਼ਾ ਹੋਈ ਹੈ, ਕਿਉਂਕਿ ਉਸ ਨੂੰ ਇਨਾਮ ਬੜੀ ਦੇਰ ਬਾਅਦ ਦਿੱਤਾ ਗਿਆ ਹੈ, ਜੋ ਕਾਫੀ ਪਹਿਲਾਂ ਮਿਲਣਾ ਚਾਹੀਦਾ ਸੀ। ਅੱਗੇ ਤੋਂ ਸਾਹਿਤ ਅਕਾਦਮੀ ਦੇ ਕਰਤਿਆਂ-ਧਰਤਿਆਂ ਨੂੰ ਮੈਰਿਟ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਯਾਰੀਆਂ ਪਾਲ਼ ਕੇ ਤੋਏ-ਤੋਏ ਕਰਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ। ਬਲਦੇਵ ਸਿੰਘ ਦਾ ਇੱਕ ਹੋਰ ਨਾਵਲ ਕਾਮਰੇਡ ਰੁਲਦੂ ਖ਼ਾਂ ਦੇ ਜੀਵਨ ਉੱਪਰ ਆਧਾਰਤ ਛਪ ਚੁੱਕਾ ਹੈ, ਜਿਸ ਦਾ ਸਿਰਲੇਖ ਹੈ—’ਮੈਂ ਪਾਕਿਸਤਾਨ ਨਹੀਂ ਜਾਣਾ’। ‘ਅੰਨਦਾਤਾ’ ਨਾਵਲ ਦਾ ਦੂਜਾ ਭਾਗ ਵੀ ਇਸੇ ਵਰ੍ਹੇ ਆਉਣ ਦੀ ਸੰਭਾਵਨਾ ਹੈ। ਸਾਡੇ ਲਈ ਇੱਕ ਖੁਸ਼ਦਾਇਕ ਗੱਲ ਹੈ ਕਿ ਬਲਦੇਵ ਸਿੰਘ ਇਸ ਤੋਂ ਬਾਅਦ ਇੱਕ ਚੜ੍ਹਦਾ ਨਾਵਲ ਰਚ ਰਿਹਾ ਹੈ। ਸਾਨੂੰ ਕਾਮਨਾ ਕਰਨੀ ਚਾਹੀਦੀ ਹੈ ਕਿ ਉਹ ਇੱਦਾਂ ਹੀ ਲਿਖਦਾ ਰਹੇ, ਜਿਸ ਨਾਲ ਪੰਜਾਬੀ ਸਾਹਿਤ ਹੋਰ ਅਮੀਰ ਹੋਵੇ।

ਹਵਾਲੇ[ਸੋਧੋ]