ਓਮ ਪ੍ਰਕਾਸ਼ ਗਾਸੋ
ਓਮ ਪ੍ਰਕਾਸ਼ ਗਾਸੋ | |
---|---|
![]() | |
ਜਨਮ | 9 ਅਪ੍ਰੈਲ 1933 |
ਕਿੱਤਾ | ਉਰਦੂ ਸ਼ਾਇਰ |
ਭਾਸ਼ਾ | ਉਰਦੂ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |

ਓਮ ਪ੍ਰਕਾਸ਼ ਗਾਸੋ (ਜਨਮ 9 ਅਪ੍ਰੈਲ 1933) ਪੰਜਾਬੀ ਸਾਹਿਤਕਾਰ ਹਨ। ਉਹ ਹੁਣ ਤਕ ਪੰਜਾਬੀ ਵਿੱਚ 50 ਤੋਂ ਵੀ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ।
ਜੀਵਨੀ[ਸੋਧੋ]
ਗਾਸੋ ਦਾ ਜਨਮ ਮਾਤਾ ਉੱਤਮੀ ਦੇਵੀ ਦੀ ਕੁੱਖੋਂ ਪਿਤਾ ਪੰਡਤ ਗੋਪਾਲ ਦਾਸ ਦੇ ਘਰ ਬਰਨਾਲਾ ਵਿਖੇ ਹੋਇਆ। ਅਧਿਆਪਨ ਦੇ ਕਿੱਤੇ ਦੇ ਨਾਲ ਉਚੇਰੀ ਪੜ੍ਹਾਈ ਐਮ.ਏ-ਪੰਜਾਬੀ, ਐਮ.ਏ-ਹਿੰਦੀ, ਐਮ.ਫਿਲ ਕਰਕੇ ਪ੍ਰੋਫੈਸਰ ਦਾ ਅਹੁਦਾ ਪ੍ਰਾਪਤ ਕੀਤਾ।
ਕਈ ਕਾਲਜਾਂ ਵਿੱਚ ਸਾਹਿਤ ਅਤੇ ਪੰਜਾਬੀ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ। ਉਸ ਦੇ ਅਨੇਕਾਂ ਵਿਦਿਆਰਥੀ ਉੱਚ-ਵਿੱਦਿਆ ਪ੍ਰਾਪਤ ਕਰਕੇ ਉੱਚੇ ਅਹੁਦਿਆਂ ’ਤੇ ਪਹੁੰਚੇ ਹਨ। ਓਮ ਪ੍ਰਕਾਸ਼ ਗਾਸੋ ਨੇ ਸਰਕਾਰੀ ਨੌਕਰੀ ਦੀ ਸ਼ੁਰੂਆਤ ਸਰੀਰਕ ਸਿੱਖਿਆ ਅਧਿਆਪਕ ਵਜੋਂ ਕੀਤੀ।
ਸਾਹਿਤ ਸਿਰਜਣਾ[ਸੋਧੋ]
ਸ੍ਰੀ ਗਾਸੋ ਸਕੂਲ ਵਿੱਚ ਬੱਚਿਆਂ ਅੰਦਰ ਕੋਮਲ ਕਲਾਵਾਂ ਪੈਦਾ ਕਰਨ ਲਈ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ, ਸੁਣਦੇ। ਉਹ ਹਮੇਸ਼ਾ ਸਾਹਿਤ ਸਿਰਜਣਾ ਦੀਆਂ ਗੱਲਾਂ ਹੀ ਕਰਦੇ। ਉਹਨਾਂ ਨੇ ਆਪਣੇ ਸਾਦੇ ਜੀਵਨ, ਸਾਦੇ ਸੁਭਾਅ ਅਤੇ ਸਾਦੇ ਲਿਬਾਸ ਨਾਲ ਬਹੁਤ ਹੀ ਸੂਖਮ, ਸੰਵੇਦਨਸ਼ੀਲ, ਵਿਦਵਤਾ ਨਾਲ ਲਬਰੇਜ਼ ਰਚਨਾਵਾਂ ਦੀ ਸਿਰਜਣਾ ਕੀਤੀ। ਜਿਹੜਾ ਮਾਣ ਉਹਨਾਂ ਦੀਆਂ ਸਾਹਿਤ ਪ੍ਰਾਪਤੀਆਂ ਨੂੰ ਹੋਇਆ ਹੈ, ਉਸ ਤੋਂ ਵੱਧ ਮਾਣ ਬਰਨਾਲੇ ਦੀ ਮਿੱਟੀ ਨੂੰ ਹੋਇਆ ਹੈ। ਜਿਸ ਤਰ੍ਹਾਂ ਸਾਹਿਤ ਦੀ ਵੰਨਗੀ ਉਹਨਾਂ ਦੀਆਂ ਰਚਨਾਵਾਂ ’ਚ ਨਜ਼ਰ ਆਉਂਦੀ ਹੈ, ਉਹੋ ਜਿਹੇ ਝਲਕਾਰੇ ਹੀ ਉਹਨਾਂ ਦੇ ਜੀਵਨ ’ਚ ਨਜ਼ਰੀਂ ਪੈਂਦੇ ਹਨ। ਉਹਨਾਂ ਦੇ ਦਿਲ ਅੰਦਰ ਪੰਜਾਬ, ਪੰਜਾਬੀਅਤ, ਸੱਭਿਆਚਾਰ, ਗੁਆਚ ਰਹੇ ਵਿਰਸੇ ਤੇ ਟੁੱਟ ਰਹੇ ਮੋਹ ਪ੍ਰਤੀ ਫ਼ਿਕਰ ਹੈ। ਉਹਨਾਂ ਨੇ ਇਸ ਸਬੰਧੀ ਅਨੇਕਾਂ ਲੇਖ ਲਿਖ ਕੇ, ਸਮੇਂ-ਸਮੇਂ ਸਾਹਿਤ ਦਾ ਰਖਵਾਲਾ ਬਣ ਕੇ ਹੋਕਾ ਦਿੱਤਾ ਹੈ।
ਚਲਦੀ ਫਿਰਦੀ ਲਾਇਬ੍ਰੇਰੀ[ਸੋਧੋ]
ਓਮ ਪ੍ਰਕਾਸ਼ ਗਾਸੋ ਲੇਖਕ ਹੀ ਨਹੀਂ ਸਗੋਂ ਇੱਕ ਸੰਸਥਾ ਹਨ, ਚਲਦੀ ਫਿਰਦੀ ਲਾਇਬ੍ਰੇਰੀ ਹਨ। ਸਾਹਿਤ ਪ੍ਰਤੀ ਇੰਨਾ ਮਿਸ਼ਨਰੀ ਹੋਣਾ ਬਹੁਤ ਔਖਾ ਕਾਰਜ ਹੈ। ਉਹਨਾਂ ਨੇ ਹਰ ਗਲੀ-ਮੁਹੱਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਆਪਣੀ ਸਾਰੀ ਜ਼ਿੰਦਗੀ ਸਾਹਿਤ ਦੇ ਲੇਖੇ ਲਾਈ ਹੈ। ਗਾਸੋ ਦੀਆਂ ਗੱਲਾਂ ਬਹੁਤ ਹੀ ਬੇਬਾਕ ਹੁੰਦੀਆਂ ਹਨ। ਇੱਕ ਵਾਰ ਐਕਸੀਡੈਂਟ ’ਚ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਸਾਹਿਤ ਸਿਰਜਣਾ ’ਚ ਲੱਗੇ ਰਹੇ ਜਿਵੇਂ ਉਹਨਾਂ ਨੂੰ ਆਪਣੀ ਸਿਹਤ ਨਾਲੋਂ ਸਾਹਿਤ ਦੀ ਸਿਹਤ ਦਾ ਵੱਧ ਫ਼ਿਕਰ ਹੋਵੇ। ਗਾਸੋ ਨੇ ਪੰਜਾਬੀ ਦੀ ਝੋਲੀ ਵਿੱਚ ਦਰਜਨਾਂ ਕਿਤਾਬਾਂ ਪਾਈਆਂ ਹਨ।
ਰਚਨਾਵਾਂ ਦੇ ਸਾਰੇ ਪਾਤਰ ਸੰਘਰਸ਼ਸ਼ੀਲ[ਸੋਧੋ]
ਉਹਨਾਂ ਦਾ ਸਮੁੱਚਾ ਸਾਹਿਤ ਜਮਾਤੀ ਕਾਣੀ ਵੰਡ ਦੇ ਖ਼ਿਲਾਫ਼ ਹੈ। ਲੁਟੇਰੀਆਂ ਜਮਾਤਾਂ ਦੇ ਲੁਟੇਰੇ ਨਿਜ਼ਾਮ ਦਾ ਭਾਂਡਾ ਭੰਨਦਾ ਹੈ। ਉਹਨਾਂ ਦੀਆਂ ਰਚਨਾਵਾਂ ਦੇ ਸਾਰੇ ਪਾਤਰ ਸੰਘਰਸ਼ਸ਼ੀਲ ਹਨ। ਜ਼ਿੰਦਗੀ ਜਿਉਣ ਦੀ ਲਲਕ ਰੱਖਦੇ ਹੋਏ, ਨਵੇਂ ਸਰਹੱਦਿਆਂ ਦੀ ਤਲਾਸ਼ ’ਚ ਲੱਗੇ ਰਹਿੰਦੇ ਹਨ। ਇਸੇ ਕਰਕੇ ਹੀ ਉਹਨਾਂ ਦਾ ਰਚਨਾ ਸੰਸਾਰ ਲੋਕਾਂ ਵਿੱਚ ਮਕਬੂਲ ਹੈ। ਇਹੀ ਦੁਆ ਹੈ ਕਿ ਪੰਜਾਬੀ ਸਾਹਿਤ ਦਾ ਇਹ ਅਲਮਸਤ ਫ਼ਕੀਰ ਹੱਥ ’ਚ ਕਲਮ ਫੜ ਕੇ ਆਪਣੀਆਂ ਅਣਮੁੱਲੀਆਂ ਲਿਖਤਾਂ ਰਾਹੀਂ ਸਮਾਜ ਦਾ ਮੂੰਹ ਮੱਥਾ ਸੰਵਾਰਦਾ ਰਹੇ।
ਰਚਨਾਵਾਂ[ਸੋਧੋ]
ਨਾਵਲ[ਸੋਧੋ]
- ਸੁਪਨੇ ਤੇ ਸੰਸਕਾਰ
- ਕਪੜਵਾਸ
- ਆਸ ਪੱਥਰ
- ਪੰਚਨਾਦ
- ਮਿਟੀ ਦਾ ਮੁੱਲ
- ਲੋਹੇ ਲਾਖੇ
- ਇਨਾਮ
- ਬੁਝ ਰਹੀ ਬੱਤੀ ਦਾ ਚਾਨਣ
- ਮੌਤ ਦਰ ਮੌਤ
- ਅਧੂਰੇ ਖਤ ਦੀ ਇਬਾਰਤ
- ਜਵਾਬਦੇਹ ਕੌਣ
- ਬੰਦ ਗਲੀ ਦੇ ਬਾਸ਼ਿੰਦੇ
- ਰਤਾ ਥੇਹ
- ਇਤਫਾਕ
- ਤੂੰ ਕੌਣ ਸੀ
- ਦਰਕਿਨਾਰ
- ਇਤਿਹਾਸ ਦੀ ਆਵਾਜ
- ਤੁਰਦਿਆਂ ਤੁਰਦਿਆਂ
- ਚਿਤਰਾ ਬਚਿਤਰਾ
- ਘਰਕੀਣ
- ਤਾਂਬੇ ਦਾ ਰੰਗ