ਡਾ. ਹਰਿਭਜਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਰਭਜਨ ਸਿੰਘ (ਕਵੀ) ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡਾ. ਹਰਿਭਜਨ ਸਿੰਘ
ਜਨਮ 18 ਅਗਸਤ 1920(1920-08-18)
ਲਮਡਿੰਗ, ਅਸਮ
ਮੌਤ 21 ਅਕਤੂਬਰ 2002(2002-10-21) (ਉਮਰ 82)
ਕਿੱਤਾ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ ਅਤੇ ਅਨੁਵਾਦਕ

ਡਾ. ਹਰਿਭਜਨ ਸਿੰਘ (18 ਅਗਸਤ 1920 - 21 ਅਕਤੂਬਰ 2002) ਇੱਕ ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸੀ।[1] ਅੰਮ੍ਰਿਤਾ ਪ੍ਰੀਤਮ ਦੇ ਨਾਲ ਹਰਭਜਨ ਨੂੰ ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸੇਹਰਾ ਜਾਂਦਾ ਹੈ। ਉਸ ਨੇ ''ਰੇਗਿਸਤਾਨ ਵਿਚ ਲੱਕੜਹਾਰਾ'' ਸਮੇਤ 17 ਕਾਵਿ ਸੰਗ੍ਰਹਿ, ਸਾਹਿਤਕ ਇਤਿਹਾਸ ਦੇ 19 ਕੰਮ ਅਤੇ ਅਰਸਤੂ, ਸੋਫੋਕਲੀਜ, ਰਬਿੰਦਰਨਾਥ ਟੈਗੋਰ ਅਤੇ ਰਿਗਵੇਦ ਵਿੱਚੋਂ ਚੋਣਵੇਂ ਟੋਟਿਆਂ ਸਮੇਤ 14 ਅਨੁਵਾਦ ਦੇ ਕੰਮ ਪ੍ਰਕਾਸ਼ਿਤ ਕੀਤੇ ਹਨ। ਨਾ ਧੁੱਪੇ ਨਾ ਛਾਵੇਂ ਲਈ 1969 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਡਾ. ਹਰਿਭਜਨ ਸਿੰਘ ਦਾ ਜਨਮ ਲਮਡਿੰਗ, ਅਸਾਮ ਵਿੱਚ 18 ਅਗਸਤ, 1920 ਨੂੰ "ਗੰਗਾ ਦੇਈ" ਅਤੇ "ਗੰਡਾ ਸਿੰਘ" (ਉਸਦਾ ਪਿਤਾ, ਜੋ ਤਪਦਿਕ ਦਾ ਮਰੀਜ਼ ਸੀ) ਦੇ ਘਰ ਹੋਇਆ ਸੀ। ਪਰਿਵਾਰ ਨੂੰ ਲਾਹੌਰ ਜਾਣਾ ਪਿਆ ਜਿੱਥੇ ਉਨ੍ਹਾਂ ਨੇ ਗਵਾਲਮੰਡੀ ਵਿੱਚ ਦੋ ਮਕਾਨ ਖਰੀਦੇ ਸਨ। ਉਹ ਅਜੇ ਇੱਕ ਸਾਲ ਦਾ ਵੀ ਨਹੀਂ ਸੀ ਹੋਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਫਿਰ ਉਹ ਮਸਾਂ 4 ਸਾਲ ਦਾ ਹੋਇਆ ਸੀ ਕਿ ਉਸਦੀ ਮਾਂ ਅਤੇ ਦੋ ਭੈਣਾਂ ਦੀ ਮੌਤ ਹੋ ਗਈ। ਉਹਨੂੰ ਉਹਦੀ ਮਾਂ ਦੀ ਛੋਟੀ ਭੈਣ (ਮਾਸੀ) ਜੋ ਇਛਰਾ, ਲਾਹੌਰ ਵਿੱਚ ਰਹਿੰਦੀ ਸੀ ਉਸਨੇ ਪਾਲਿਆ, ਉਹ ਸਥਾਨਕ ਡੀ ਏ ਵੀ ਸਕੂਲ ਵਿੱਚ ਪੜ੍ਹਿਆ ਸੀ ਅਤੇ ਬਹੁਤ ਛੋਟੀ ਉਮਰ ਤੋਂ ਹੀ ਇੱਕ ਜ਼ਹੀਨ ਵਿਦਿਆਰਥੀ ਸੀ। ਆਪਣੇ ਵਿਦਿਅਕ ਹੰਭਲੇ ਵਿੱਚ ਉਹ ਪੰਜਾਬ ਵਿੱਚ ਸਿਖਰਲੇ ਤਿੰਨਾਂ ਵਿੱਚ ਇੱਕ ਸੀ, ਲੇਕਿਨ ਪੈਸੇ ਦੀ ਤੰਗੀ ਕਾਰਨ ਆਪਣੀ ਪੜ੍ਹਾਈ ਨੂੰ ਰੋਕਣਾ ਪਿਆ। ਉਹ ਲਾਹੌਰ ਵਿੱਚ ਇੱਕ ਹੋਮੀਉਪੈਥੀ ਕੈਮਿਸਟ ਦੀ ਦੁਕਾਨ ਤੇ ਇੱਕ ਵਿਕਰੀ ਮੁੰਡੇ ਦੇ ਰੂਪ ਵਿੱਚ, ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਇੱਕ ਮਾਮੂਲੀ ਕਲਰਕ ਦੇ ਰੂਪ ਵਿੱਚ ਅਤੇ ਫਿਰ ਖਾਲਸਾ ਸਕੂਲ, ਨਵੀਂ ਦਿੱਲੀ ਵਿੱਚ ਇੱਕ ਸਹਾਇਕ ਲਾਇਬਰੇਰੀਅਨ ਦੇ ਰੂਪ ਵਿੱਚ ਛੋਟੇ-ਮੋਟੇ ਕੰਮ ਕਰਦਾ ਰਿਹਾ।

ਹਰਭਜਨ ਸਿੰਘ ਨੇ ਉੱਚ ਸਿੱਖਿਆ ਕਾਲਜ ਜਾਣ ਬਿਨਾਂ ਹਾਸਲ ਕੀਤੀ। ਉਸ ਕੋਲ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਦੋ ਡਿਗਰੀਆਂ ਸਨ, ਦੋਨੋਂ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀਆਂ। ਉਨ੍ਹਾਂ ਦਾ ਪੀ ਐਚ ਡੀ ਥੀਸੀਸ ਗੁਰਮੁਖੀ ਲਿਪੀ ਵਿੱਚ ਹਿੰਦੀ ਕਵਿਤਾ ਬਾਰੇ ਵਿਚਾਰ-ਵਿਮਰਸ਼ ਸੀ।

ਉਨ੍ਹਾਂ ਦੇ ਤਿੰਨ ਬੇਟਿਆਂ ਵਿੱਚੋਂ ਇੱਕ, ਮਦਨ ਗੋਪਾਲ ਸਿੰਘ, ਗਾਇਕ ਅਤੇ ਵਿਦਵਾਨ ਹੈ।

ਕਾਵਿ ਸਫ਼ਰ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

ਕਾਵਿ ਨਮੂਨਾ[ਸੋਧੋ]

ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ;

ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ
ਵੇ ਖਿੰਡ ਗਈਆਂ ਮਹਿਫਲਾਂ ਤੇ ਛਾ ਗਈ ਉਜਾੜ।

ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ;

ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ;
ਵਿਹਲਾ ਹੋਕੇ ਸੌਂ ਗਿਆ ਐ ਲੋਹਾ ਇਸਪਾਤ।

ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨਾ ਕੇਰ,
ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ;

ਹਮੇਸ਼ ਨਹੀਂ ਮਨੁੱਖ ਤੇ ਕੁੱਦਣਾ ਜਨੂੰਨ
ਹਮੇਸ਼ ਨਹੀਂ ਡੁੱਲਣਾ ਜ਼ਮੀਨ ਉੱਤੇ ਖ਼ੂਨ;
ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਗ ਰਾਤ

ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ ...

ਆਲੋਚਨਾ[ਸੋਧੋ]

ਡਾ. ਹਰਿਭਜਨ ਸਿੰਘ ਪੰਜਾਬੀ ਦਾ ਪਹਿਲਾ ਸੰਰਚਨਾਵਾਦੀ ਅਤੇ ਰੂਪਵਾਦੀ ਆਲੋਚਕ ਹੈ ।ਡਾ. ਹਰਿਭਜਨ ਸਿੰਘ ਨੇ ਪੰਜਾਬੀ ਚਿੰਤਨ ਕਾਰਜ ਨੂੰ ਅਸਲੋਂ ਵੱਖਰੇ ਤੇ ਨਿਵੇਕਲੇ ਮਾਰਗ ਉੱਪਰ ਤੋਰਿਆ। ਪੂਰਵ ਮਿਥਿਤ ਧਾਰਨਾਵਾਂ ਦਾ ਤਿਆਗ, ਨਿਸ਼ਚੇਵਾਦੀ ਮੁੱਲਵਾਦੀ ਵਿਧੀ ਤੋਂ ਗੁਰੇਜ਼, ਲੇਖਕ ਦੇ ਜੀਵਨ ਤੇ ਰਚਨਾ ਦੇ ਪ੍ਰਭਾਵ ਤੋਂ ਲਾਂਭੇ ਵਿਚਰਨਾ, ਸਾਹਿਤਕਤਾ ਦੀ ਪਹਿਚਾਣ, ਵਸਤੂ ਤੇ ਰੂਪ ਦੀ ਅਦਵੈਤ ਅਤੇ ਰੂਪ ਵਿਧਾਨਕ ਸ਼ਬਦਾਬਲੀ ਦਾ ਪ੍ਰਯੋਗ ਆਦਿ ਉਸਦੀ ਅਧਿਐਨ ਵਿਧੀ ਦੇ ਪਛਾਨਣ ਯੋਗ ਨੁਕਤੇ ਹਨ। ਡਾ. ਹਰਿਭਜਨ ਸਿੰਘ ਦਾ ਸਭ ਤੋਂ ਮਹੱਤਵਪੂਰਨ ਪੱਖ ਉਸਦੀ ਵਿਹਾਰਕ ਸਮੀਖਿਆ ਦਾ ਹੈ ਜਿਹੜਾ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਤਕ ਫੈਲ ਕੇ ਉਸਦੀ ਸਮੁੱਚੀ ਪੰਜਾਬੀ ਸਮੀਖਿਆ ਦੇ ਇਤਿਹਾਸ ਵਿਚ ਵਿਲੱਖਣਤਾ ਨੂੰ ਸਿਰਜਦਾ ਹੈ।[2]

ਡਾ. ਹਰਿਭਜਨ ਸਿੰਘ ਦੇ ਸਾਹਿਤ ਸਿਧਾਂਤ ਚਿੰਤਨ ਵਿੱਚ ਤਿੰਨ ਸੰਕਲਪ:[ਸੋਧੋ]

 • ਸਾਹਿਤ ਸ਼ਾਸ਼ਤਰ
 • ਸਾਹਿਤ ਸਿਧਾਂਤ
 • ਸਾਹਿਤ ਵਿਗਿਆਨ

ਪੁਸਤਕਾਂ:[ਸੋਧੋ]

 • ਅਧਿਅਨ ਤੇ ਅਧਿਆਪਨ (1970)
 • ਮੁਲ ਤੇ ਮੁਲੰਕਣ (1972)
 • ਸਾਹਿਤ ਸ਼ਾਸ਼ਤਰ (1973)
 • ਸਾਹਿਤ ਤੇ ਸਿਧਾਂਤ (1973)
 • ਪਾਰਗਾਮੀ (1976)
 • ਰਚਨਾ ਸੰਰਚਨਾ (1977)
 • ਰੂਪਕੀ (1977)
 • ਸਾਹਿਤ ਵਿਗਿਆਨ (1978)
 • ਸਿਸਟਮੀ (1979)
 • ਸਾਹਿਤ ਅਧਿਐਨ (1981)
 • ਪਤਰਾਂਜਲੀ(1981) [3]
 • ਪਿਆਰ ਤੇ ਪਰਿਵਾਰ (1988)
 • ਖ਼ਾਮੋਸ਼ੀ ਦਾ ਜੰਜੀਰਾ (1988)

ਰੂਸੀ ਰੂਪਵਾਦ, ਫਰਾਂਸੀਸੀ ਸੰਰਚਨਾਵਾਦ ਅਤੇ ਨਵ-ਅਮਰੀਕਨ ਆਲੋਚਨਾ ਤੋਂ ਪ੍ਰਾਪਤ ਕੀਤੀ ਸੇਧ :[ਸੋਧੋ]

ਆਪਣੀ ਅਧਿਐਨ ਪ੍ਰਣਾਲੀ ਨੂੰ ਰਚਨਾ ਕੇਂਦਰਿਤ ਬਣਾਉਣ ਲਈ ਉਹ ਰੂਸੀ ਰੂਪਵਾਦ ਤੋਂ ਅਜਨਬੀਕਰਨ ਦੀ ਜੁਗਤ ਲੈਂਦਾ ਹੈ। ਅਮਰੀਕੀ ਆਲੋਚਨਾ ਤੋਂ ਸਮਝ ਉਧਾਰੀ ਲੈਕੇ ਉਹ ਸਾਹਿਤ ਦਾ ਵਿਗਿਆਨ ਉਸਾਰਨ ਦੀ ਗੱਲ ਕਰਦਾ ਹੈ। ਰਚਨਾ ਨੂੰ ਸਵੈ ਨਿਰਭਰ ਬੰਦ ਸਿਸਟਮ ਵਜੋਂ ਗ੍ਰਹਿਣ ਕਰਨ ਦੀ ਵਿਧੀ ਉਹ ਫਰਾਂਸੀਸੀ ਸੰਰਚਨਾਵਾਦ ਤੋਂ ਪ੍ਰਾਪਤ ਕਰਦਾ ਹੈ।।[4]

ਉਸਦੀ ਅਧਿਐਨ ਵਿਧੀ ਦੀ ਸਤਹੀ ਪੱਧਰ ਉਪੱਰ ਪਛਾਣ ਲਈ ‘ਸੁਹਜਵਾਦੀ’, ਰੂਪਵਾਦੀ, ਸੌਂਦਰਯਵਾਦੀ ਅਤੇ ਸ਼ਿਲਪਵਾਦੀ ਆਦਿ ਵਿਸ਼ੇਸ਼ਣ ਵੀ ਆਮ ਹੀ ਦਿੱਤੇ ਜਾਂਦੇ ਹਨ। ਉਸਦੀ ਰਚਨਾ ਦਾ ਵਿਸ਼ਲੇਸ਼ਣ ਭਾਵੇਂ ਇੱਕ ਪੱਖੀ ਰਹਿ ਜਾਂਦਾ ਹੈ ਪਰ ਇਸ ਇੱਕ ਪੱਖ ਦੇ ਦਰਸ਼ਨ ਸਾਨੂੰ ਇੱਕ ਸ਼ੀਸ਼ ਮਹਿਲ ਵਾਕਰ ਕਰਾ ਦਿੰਦਾ ਹੈ।

ਸਨਮਾਨ[ਸੋਧੋ]

ਹਵਾਲੇ[ਸੋਧੋ]

 1. http://www.apnaorg.com/poetry/harbhajan/haribhajan_main_index_english.htm
 2. ਹਰਿਭਜਨ ਸਿੰਘ ਭਾਟੀਆ,ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
 3. "WEBOPAC". http://webopac.puchd.ac.in/w27/Result/Dtl/w21OneItem.aspx?xC=282495. Retrieved on 30 ਸਤੰਬਰ 2015. 
 4. ਰਾਜਿੰਦਰ ਸਿੰਘ ਸੇਂਖੋਂ,ਆਲੋਚਨਾ ਅਤੇ ਪੰਜਾਬੀ ਆਲੋਚਨਾ,ਲਾਹੌਰ ਬੁੱਕਸ ਲੁਧਿਆਣਾ,ਪੰਨਾ-206
 5. Punjabi Sahitya Akademi.
 6. "Biography". http://www.apnaorg.com/poetry/harbhajan/haribhajan_main_index_english.htm.