ਡਾ. ਹਰਸ਼ਿੰਦਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਹਰਸ਼ਿੰਦਰ ਕੌਰ ਰਾਜਿੰਦਰਾ ਮੈਡੀਕਲ ਹਸਪਤਾਲ ਪਟਿਆਲਾ ਵਿੱਚ ਡਿਪਟੀ ਮੈਡੀਕਲ ਸੁਪਰਿਨਟੈਂਡੈਂਟ ਹੈ।ਉਹ ਪ੍ਰਸਿੱਧ ਗੁਰਮੱਤ ਵਿਦਵਾਨ ਤੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਦੀ ਦੋਹਤੀ ਤੇ ਪ੍ਰਸਿੱਧ ਸਾਹਿਤਕਾਰ, ਅਧਿਆਪਕ ਤੇ ਖੋਜੀ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਦੀ ਧੀ ਪੁੱਤਰੀ ਹੈ।[1] ਹਰਸ਼ਿੰਦਰ ਕੌਰ ਆਪਣੀ ਨਿਸ਼ਕਾਮ ਤੇ ਨਿਧੜਕ ਸਮਾਜ ਸੇਵਾ ਵਾਲੀ ਸ਼ਖਸੀਅਤ ਤੇ ਆਪਣੇ ਪੰਜਾਬੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਕਾਰਨ ਪ੍ਰਸਿੱਧ ਹੈ।

ਜੀਵਨ[ਸੋਧੋ]

ਮੈਡੀਕਲ ਦੀ ਪੜ੍ਹਾਈ ਵਿੱਚ ਐਮ.ਡੀ. ਦੀ ਡਿਗਰੀ ਹਾਸਲ ਕਰਨ ਉੱਪਰੰਤ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਮੈਡੀਕਲ ਆਫੀਸਰ ਦੀ ਪਦਵੀ ਤੇ ਨੌਕਰੀ ਕਰਨ ਲੱਗੀ।ਜਿਸ ਵਿੱਚ ਤਰੱਕੀ ਪਾ ਕੇ ਉਹ ਬੱਚਿਆਂ ਦੇ ਰੋਗਾਂ ਦੀ ਮਾਹਰ (ਪੈਡੀਐਟਰੀਸ਼ੀਅਨ) ਤੇ ਫਿਰ ਡਿਪਟੀ ਮੈਡੀਕਲ ਸੁਪਰਿਨਟੈਂਡੈਂਟ ਦੇ ਪਦ ਤੇ ਪਹੁੰਚੀ।

ਸਾਹਿਤਕਾਰ[ਸੋਧੋ]

ਬੱਚਿਆਂ ਦੀ ਮਾਹਿਰ ਡਾਕਟਰ ਦੇ ਨਾਲ ਨਾਲ ਉਹ ਇੱਕ ਸਾਹਿਤਕਾਰ ਵੀ ਹੈ।ਹੁਣ ਤੱਕ ਉਸ ਨੇ ਵੱਖ ਵੱਖ ਵਿਸ਼ਿਆਂ ਤੇ 28 ਪੁਸਤਕਾਂ ਲਿਖੀਆਂ ਹਨ।ਕੁਝ ਪ੍ਰਸਿੱਧ ਪੁਸਤਕਾਂ ਹਨ:

 1. ਮਾਂ ਬੋਲੀ ਇੱਕ ਡਾਕਟਰੀ ਦ੍ਰਿਸ਼ਟੀਕੋਣ (2008) ਗੁਰਮੁਖੀ ਵਿਚ
 2. ਮਾਂ ਬੋਲੀ ਡਾਕਟਰੀ ਨਜ਼ਰੀਏ ਤੋਂ (2008) ਸ਼ਾਹਮੁਖੀ ਰੂਪਾਂਤਰ[2]

ਇਹ ਕਿਤਾਬ ਅੰਗਰੇਜੀ ਤੇ ਉਰਦੂ ਵਿੱਚ ਵੀ ਉਲਥਾਈ ਜਾ ਰਹੀ ਹੈ।[2]

 1. ਡਾਕਟਰ ਮਾਸੀ ਦੀਆਂਕਹਾਣੀਆਂ। ਇਸ ਪੁਸਤਕ ਵਿੱਚ ਸਰੀਰ ਦੇ ਅੱਡ ਅੱਡ ਅੰਗਾਂ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।
 2. ਦਿਲ ਦੀਆਂ ਬੀਮਾਰੀਆਂ ਪਬਲਿਸ਼ਰ ਨੈਸ਼ਨਲ ਬੁੱਕ ਟਰੱਸਟ।
 3. ਫੀਮੇਲ ਫੋਇਟੇਸਾਈਡ ਏ ਕਰਸ ਇਸ ਕਿਤਾਬ ਤੇ ਇੱਕ ਹਾਲੀਵੁੱਡ ਫਿਲਮ "ਰੋਅਰਿੰਗ ਸਾਈਲੈਂਸ" ਬਣ ਚੁੱਕੀ ਹੈ ਤੇ ਡੱਚ ਦਸਤਾਵੇਜ਼ੀ ਫਿਲਮ ਬਣ ਰਹੀ ਹੈ।[3]

ਸਮਾਜ ਸੇਵਿਕਾ[ਸੋਧੋ]

ਉਸ ਦਾ ਅਸਲ ਕੰਮ ਔਰਤਾਂ ਤੇ ਹੋ ਰਹੇ ਜੁਲਮ ਰੋਕਣਾ ਤੇ ਖਾਸ ਕਰ ਕੇ ਮਾਦਾ ਬਾਲ ਤੇ ਭਰੂਣ ਹੱਤਿਆਵਾਂ ਰੋਕਣ ਦੀ ਜਦੋਜਹਿਦ ਹੈ। ਇਸ ਦੀ ਸ਼ੁਰੂਆਤ 1996 ਵਿੱਚ ਹੋਈ ਜਦੋਂ ਉਹ ਤੇ ਉਸ ਦਾ ਡਾਕਟਰ ਪਤੀ ਕਿਸੇ ਪਿੰਡ ਵਿੱਚ ਮੁਫ਼ਤ ਡਾਕਟਰੀ ਸਹਾਇਤਾ ਦੇ ਸਮਾਜ ਸੇਵਾ ਦੇ ਕਾਰਜ ਵਿੱਚ ਗਏ। ਉੱਥੇ ਉਨ੍ਹਾਂ ਇੱਕ ਨਵਜਾਤ ਬੱਚੀ ਨੂੰ ਕੁੱਤਿਆਂ ਵਲੋਂ ਨੋਚਦੇ ਹੋਏ ਉਸ ਦੇ ਲਹੂ ਲੁਹਾਨ ਅੰਗਾਂ ਨੂੰ ਵੇਖਿਆ।ਪਿੰਡ ਵਿਚੋਂ ਪਤਾ ਲੱਗਣ ਤੇ ਕਿ ਇਹ ਬੱਚੀ ਚੌਥੀ ਧੀ ਪੈਦਾ ਹੋਣ ਕਾਰਨ ਉਹਦੀ ਮਾਂ ਵੱਲੋਂ ਹੀ ਪਤੀ ਵੱਲੋਂ ਆਪਣੀਆਂ ਬਾਕੀ ਧੀਆਂ ਤੇ ਆਪਣੇ ਤ੍ਰਿਸਕਾਰੇ ਜਾਣ ਦੇ ਡਰ ਕਾਰਨ ਕੁੱਤਿਆਂ ਅੱਗੇ ਸੁੱਟ ਦਿੱਤੀ ਗਈ ਸੀ,ਤਾਂ ਡਾਕਟਰ ਹਰਸ਼ਿੰਦਰ ਦੇ ਕੋਮਲ ਮਨ ਨੇ ਇਸ ਮਾਦਾ ਬਾਲ ਤੇ ਭਰੂਣ ਹੱਤਿਆ ਵਿਰੁੱਧ ਸੰਘਰਸ਼ ਕਰਣ ਦਾ ਬੀੜਾ ਚੁੱਕ ਲਿਆ। ਆਪਣੀ ਜੇਬ ਵਿਚੋਂ 52 ਲੜਕੀਆਂ ਦੀ ਪੜ੍ਹਾਈ ਦਾ ਖਰਚ ਬਰਦਾਸ਼ਤ ਕਰਨ ਦੇ ਅਰੰਭ ਨਾਲ ਉਸ ਨੇ ਸਮਾਜ ਸੇਵੀ ਸੰਸਥਾ ਹਰਸ਼ ਚੈਰੀਟੇਬਲ ਟਰੱਸਟ ਦਾ ਮੁੱਢ ਬੰਨ੍ਹਿਆ। ਇਸ ਟਰੱਸਟ ਦੀ ਉਹ ਜਮਾਂਦਰੂ ਪ੍ਰਧਾਨ ਹੈ।ਇਸ ਵੇਲੇ ਤੱਕ ਇਹ ਸੰਸਥਾ ਲਗਭਗ 400 ਲੜਕੀਆਂ ਦੀ ਪੂਰੀ ਪੜ੍ਹਾਈ ਦਾ ਖਰਚ ਉਠਾ ਰਹੀ ਹੈ।ਲੜਕੀਆਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਹਨ ਤੇ ਟਰੱਸਟ ਉਨ੍ਹਾਂ ਦੀਆਂ ਫ਼ੀਸਾਂ ਅਦਾ ਕਰਦਾ ਹੈ।

ਸੰਯੁਕਤ ਰਾਸ਼ਟਰ ਜਨੇਵਾ ਵਿਖੇ ਪਰਚੇ ਪੜ੍ਹਨਾ[ਸੋਧੋ]

ਭਰੂਣ ਹੱਤਿਆ ਵਿੱਚ ਸਮਾਜ ਸੇਵਾ ਦੇ ਯੋਗਦਾਨ ਕਾਰਨ 2008 ਤੇ 2010 ਵਿੱਚ ਦੋ ਵਾਰ ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕੌਂਸਲ ਵਿੱਚ ਪੰਜਾਬ ਵਿੱਚ ਭਰੂਣ ਹੱਤਿਆ ਦੇ ਵਿਸ਼ੇ ਤੇ ਉਸ ਨੂੰ ਪਰਚੇ ਪੜ੍ਹਨ ਲਈ ਸੱਦਿਆ ਗਿਆ। ਸੰਯੁਕਤ ਰਾਸ਼ਟਰ ਵਿਖੇ ਇਹ ਪਰਚੇ ਇਸ ਪੰਜਾਬ ਦੀ ਮਾਣ ਮੱਤੀ ਧੀ ਨੇ ਪਹਿਲੀ ਵਾਰ ਪੰਜਾਬੀ ਜ਼ਬਾਨ ਵਿੱਚ ਪੜ੍ਹੇ। ਇਨ੍ਹਾਂ ਪਰਚਿਆਂ ਕਾਰਨ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ।ਸੰਯੁਕਤ ਰਾਸ਼ਟਰ ਦੇ ਕਿਸੇ ਇਜਲਾਸ ਵਿੱਚ ਜਿੱਥੇ ਸਭ ਭਾਸ਼ਾਵਾਂ ਦੇ ਅਨੁਵਾਦ ਨਾਲ ਨਾਲ ਸੁਣਾਏ ਜਾਂਦੇ ਹਨ , ਪੰਜਾਬੀ ਜ਼ਬਾਨ ਵਿੱਚ ਪਰਚਾ ਪੜ੍ਹਣਾ ਇਹ ਪਹਿਲੀ ਵਾਰ ਹੋਇਆ।ਜਿਸ ਨੂੰ ਉਸ ਨੇ ਦੁਭਾਸ਼ੀਏ ਦੀ ਅਣਹੋਂਦ ਕਾਰਨ ,ਆਪ ਹੀ ਉਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਕਰਕੇ ਨਾਲ ਨਾਲ ਸੁਣਾਇਆ।[4]

ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ[5][ਸੋਧੋ]

ਮਾਨਵਤਾ ਦੀ ਇਸ ਅਲੰਬਰਦਾਰ ਨੂੰ ਆਪਣੀਆਂ ਸੇਵਾਵਾਂ ਕਰ ਕੇ ਮਾਨ ਸਨਮਾਨ ਮਿਲਣਾ ਸੁਭਾਵਕ ਹੈ।ਕੁਝ ਸਨਮਾਨ ਇੱਥੇ ਵਰਨਣ ਕੀਤੇ ਹਨ:[6]

 1. 2005 ਵਿੱਚ ਉਸ ਦੀ ਕਿਤਾਬ ਦਿਲ ਦੀਆਂ ਬੀਮਾਰੀਆਂ ਨੈਸ਼ਨਲ ਬੁੱਕ ਟਰੱਸਟ ਨੂੰ ਮਾਤਾ ਗੂਜਰੀ ਟਰੱਸਟ ਤੇ ਸ਼ਹੀਦ ਮੈਮੋਰੀਅਲ ਸੁਸਾਇਟੀ ਨੇ ਸਨਮਾਨ ਲਈ ਚੁਣਿਆ।[7]
 2. 2006 ਵਿੱਚ ਪੰਜਾਬ ਸਰਕਾਰ ਵੱਲੋਂ ਗਵਰਨਰ ਦਾ ਪ੍ਰਮਾਣ ਪੱਤਰ ਤੇ 2008 ਵਿੱਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਲਾਡਲੀ ਮੀਡੀਆ ਸਨਮਾਨ।[8]
 3. 2007 ਵਿੱਚ ਟਾਟਾ ਕੰਪਨੀ ਵੱਲੋਂ ਪੁਸਤਕ ਡਾਕਟਰ ਮਾਸੀ ਦੀਆਂ ਕਹਾਣੀਆਂ ਲਈ ਸਰਵੋਤਮ ਨਾਰੀ ਲਿਖਾਰੀ (ਖੇਤਰੀ ਭਾਸ਼ਾ) ਦਾ ਸਨਮਾਨ।ਪੰਜਾਬ ਭਾਸ਼ਾ ਵਿਭਾਗ ਦਾ ਸਰਵੋਤਮ ਬਾਲ ਸਾਹਿਤ ਇਨਾਮ ਵੀ ਇਸ ਪੁਸਤਕ ਨੂੰ ਮਿਲ ਚੁੱਕਾ ਹੈ।[3]
 4. 2008 ਇੰਟਰਨੈਸ਼ਨਲ ਵਿਮਾਨ ਰਾਈਟਸ ਐਕਟੀਵਿਸਟ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਦੁਆਰਾ
 5. 2009 ਵਿੱਚ ਬਾਬਾ ਫ਼ਰੀਦ ਸੁਸਾਇਟੀ ਵਲੋਂ ਭਗਤ ਪੂਰਨ ਸਿੰਘ ਸਨਮਾਨ ਤੇ ਇੱਕ ਲੱਖ ਰੁਪਏ ਨਕਦ ਇਨਾਮ।
 6. 2010 ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਕੈਨੇਡਾ ਦੀ ਸੰਸਦ ਦੁਆਰਾ।
 7. 2012 ਵਿੱਚ ਅਮੈਰੀਕਨ ਬਾਇਓਗਰਾਫੀਕਲ ਇੰਸਟੀਚਊਟ ਵੱਲੋਂ “ਵੋਮੈਨ ਆਫ਼ 2012” ਦਾ ਖਿਤਾਬ।[9]
 8. 2013 ਵਿੱਚ ਉਸ ਨੂੰ “ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਜ਼” ਦਾ ਮੈਂਬਰ ਚੁਣ ਲਿਆ ਗਿਆ ਹੈ।[8]
 9. 2015 ਸਟੀਲ ਵੋਮੈਨ ਆਫ ਇੰਡੀਆ ਨੈਸ਼ਨਲ ਦੂਰ-ਦਰਸ਼ਨ ਦੁਆਰਾ
 10. ਸੰਯੁਕਤ ਰਾਸ਼ਟਰ ਦਾ ਲਾਡਲੀ ਮੀਡੀਆ ਅਵਾਰਡ ਜੋ ਗਵਰਨਰ ਪੰਜਾਬ ਰਾਹੀਂ ਦਿੱਤਾ ਗਿਆ।
 11. ਫਖਰੇ ਕੌਮ ਦਾ ਖਿਤਾਬ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ
 12. 100 women achiever’s of India by President of India[5]

ਸ੍ਰੀ ਮਤੀ ਡਾਕਟਰ ਹਰਸ਼ਿੰਦਰ ਕੌਰ ਆਪਣੇ ਦ੍ਰਿੜ ਇਰਾਦੇ ਨਾਲ ਵੱਖ ਵੱਖ ਯਾਦਗਾਰੀ ਲੈਕਚਰਾਂ ਰਾਹੀਂ ਤੇ ਹੋਰ ਕੰਮਾਂ ਰਾਹੀਂ ਆਪਣੇ ਮਿਸ਼ਨ ਵਿੱਚ ਪੂਰੀ ਤਰਾਂ ਜੁੱਟੀ ਹੋਈ ਹੈ ਤੇ ਸਮਾਜ ਵਿਚੋਂ ਇਸ ਬੁਰਾਈ ਤੇ ਨਸ਼ਿਆਂ ਦੀ ਬੁਰਾਈ ਜੜੋਂ ਮਿਟਾਣ ਲਈ ਕਾਰਜਸ਼ੀਲ ਹੈ।[10]


ਹਵਾਲੇ[ਸੋਧੋ]

ਹਵਾਲੇ[ਸੋਧੋ]