ਸਾਹਿਰ ਲੁਧਿਆਣਵੀ
ਸਾਹਿਰ ਲੁਧਿਆਣਵੀ | |
---|---|
![]() 2013 ਦੀ ਭਾਰਤੀ ਡਾਕ ਟਿਕਟ ਤੇ ਸਾਹਿਰ ਲੁਧਿਆਣਵੀ | |
ਜਨਮ | ਅਬਦੁਲ ਹੈਈ 8 ਮਾਰਚ 1921 ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ |
ਮੌਤ | 25 ਅਕਤੂਬਰ 1980 ਬੰਬੇ, ਮਹਾਰਾਸ਼ਟਰ, ਭਾਰਤ | (ਉਮਰ 59)
ਕਿੱਤਾ | ਕਵੀ, ਗੀਤਕਾਰ ਅਤੇ ਲੇਖਕ |
ਸਿੱਖਿਆ | ਐੱਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ |
ਕਾਲ | 20ਵੀਂ ਸਦੀ |
ਸ਼ੈਲੀ | ਸ਼ਾਇਰੀ |
ਵਿਸ਼ਾ | ਫ਼ਿਲਮੀ ਗੀਤਕਾਰੀ |
ਸਾਹਿਤਕ ਲਹਿਰ | ਪ੍ਰਗਤੀਸ਼ੀਲ ਲਿਖਾਰੀ ਲਹਿਰ |
ਪ੍ਰਮੁੱਖ ਅਵਾਰਡ | ਪਦਮ ਸ਼੍ਰੀ (1971) ਫ਼ਿਲਮਫ਼ੇਅਰ ਅਵਾਰਡ (1964 ਅਤੇ 1977) |
ਸਾਥੀ | ਸੁਧਾ ਮਲਹੋਤਰਾ ਅੰਮ੍ਰਿਤਾ ਪ੍ਰੀਤਮ |
ਇੱਕ ਲੜੀ ਦਾ ਹਿੱਸਾ |
ਪ੍ਰਗਤੀਸ਼ੀਲ ਲਿਖਾਰੀ ਲਹਿਰ |
---|
ਅਬਦੁਲ ਹੈਈ (8 ਮਾਰਚ 1921 – 25 ਅਕਤੂਬਰ 1980), ਜਿਸਨੂੰ ਉਸਦੇ ਕਲਮੀ ਨਾਮ (ਤਖੱਲਸ) ਸਾਹਿਰ ਲੁਧਿਆਣਵੀ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਕਵੀ ਸੀ ਜਿਸਨੇ ਹਿੰਦੀ ਤੋਂ ਇਲਾਵਾ ਮੁੱਖ ਤੌਰ 'ਤੇ ਉਰਦੂ ਵਿੱਚ ਲਿਖਿਆ।[1] ਉਸਨੂੰ 20ਵੀਂ ਸਦੀ ਦੇ ਭਾਰਤ ਦੇ ਸਭ ਤੋਂ ਮਹਾਨ ਫ਼ਿਲਮ ਗੀਤਕਾਰ ਅਤੇ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2][3]
ਉਸਦੇ ਕੰਮ ਨੇ ਭਾਰਤੀ ਸਿਨੇਮਾ, ਖਾਸ ਕਰਕੇ ਹਿੰਦੀ ਭਾਸ਼ਾ ਦੀਆਂ ਫਿਲਮਾਂ ਨੂੰ ਪ੍ਰਭਾਵਿਤ ਕੀਤਾ।[4] ਸਾਹਿਰ ਨੂੰ ਤਾਜ ਮਹਿਲ (1963) ਲਈ ਸਰਬੋਤਮ ਗੀਤਕਾਰ ਦਾ ਫ਼ਿਲਮਫ਼ੇਅਰ ਪੁਰਸਕਾਰ ਮਿਲਿਆ। ਉਸਨੇ ਕਭੀ ਕਭੀ (1976) ਵਿੱਚ ਆਪਣੇ ਕੰਮ ਲਈ ਸਰਬੋਤਮ ਗੀਤਕਾਰ ਦਾ ਦੂਜਾ ਫ਼ਿਲਮਫ਼ੇਅਰ ਪੁਰਸਕਾਰ ਜਿੱਤਿਆ। ਉਸਨੂੰ 1971 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।[5][6]
8 ਮਾਰਚ 2013 ਨੂੰ, ਸਾਹਿਰ ਦੇ ਜਨਮ ਦੀ 92ਵੀਂ ਵਰ੍ਹੇਗੰਢ 'ਤੇ, ਭਾਰਤੀ ਡਾਕ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ ਸੀ।[5][7]
ਮੁੱਢਲਾ ਜੀਵਨ
[ਸੋਧੋ]ਇਹਨਾਂ ਦਾ ਜਨਮ ਇੱਕ ਵੱਡੇ ਵਿਸਵੇਦਾਰ ਚੌਧਰੀ ਫਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਬਰਤਾਨਵੀ ਪੰਜਾਬ ਵਿੱਚ ਲੁਧਿਆਣਾ ਵਿਖੇ ਹੋਇਆ। ਆਪਣੇ ਬਾਪ ਦਾ ਇਹ ਇਕਲੌਤਾ ਪੁੱਤਰ ਸੀ। ਇਸ ਦਾ ਨਾਂ ਅਬਦੁਲ ਹੈਈ ਰੱਖਿਆ ਗਿਆ। ਅਬਦੁਲ ਹੈਈ ਨੇ ਦਸਵੀਂ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ 1937 ਵਿੱਚ ਪਾਸ ਕੀਤੀ। ਫਿਰ ਉਹ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਵਿੱਚ ਦਾਖਲ ਹੋ ਗਿਆ। ਕਾਲਜ ਵਿੱਚ ਆਪਣੀ ਸ਼ਾਇਰੀ ਲਈ ਉਹ ਬਹੁਤ ਮਸ਼ਹੂਰ ਸੀ। ਪਹਿਲੇ ਸਾਲ ਹੀ ਉਸਨੂੰ ਆਪਣੀ ਜਮਾਤਣ ਕੁੜੀ ਨਾਲ ਪ੍ਰਿੰਸੀਪਲ ਦੇ ਲਾਅਨ ਵਿੱਚ ਬੈਠਣ ਕਰਕੇ ਕਾਲਜ ਵਿੱਚੋਂ ਕਢ ਦਿੱਤਾ।[8][9] ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਕੁੜੀ ਅੰਮ੍ਰਿਤਾ ਪ੍ਰੀਤਮ ਸੀ। ਪਰ ਇਹ ਗੱਲ ਸਹੀ ਨਹੀਂ, ਉਹ ਉਸ ਸਮੇਂ ਤੱਕ ਕਦੇ ਲੁਧਿਆਣੇ ਨਹੀਂ ਸੀ ਰਹੀ। ਫਿਰ ਲਹੌਰ ਜਾ ਕੇ ਸਾਹਿਰ ਦਿਆਲ ਸਿੰਘ ਕਾਲਜ, ਲਾਹੌਰ ਵਿੱਚ ਦਾਖਲ ਹੋ ਗਿਆ। ਪਰ ਉੱਥੋਂ ਵੀ ਉਸ ਨੂੰ ਇਨਕਲਾਬੀ ਸ਼ਾਇਰੀ ਕਰਕੇ ਕੱਢ ਦਿੱਤਾ ਗਿਆ। ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਦਾਖਲ ਹੋਇਆ ਪਰ ਬੀ.ਏ. ਦੇ ਇਮਤਿਹਾਨ ਤੋਂ ਪਹਿਲਾਂ ਹੀ ਫੇਰ ਕਾਲਜ ਤੋਂ ਬਾਹਰ ਹੋ ਗਿਆ। ਸਾਹਿਰ ਇਸਲਾਮਿਕ ਪਾਕਿਸਤਾਨ ਦੀ ਬਜਾਏ ਸੈਕੂਲਰ ਭਾਰਤ ਚਾਹੁੰਦਾ ਸੀ।ਉਹ ਪਹਿਲਾਂ ਪਾਕਿਸਤਾਨ ਚਲਾ ਗਿਆ,ਫਿਰ ਭਾਰਤ ਆ ਗਿਆ ਪਰ ਇਥੋਂ ਦੇ ਹਾਲਾਤ ਦੇਖ ਕੇ ਫਿਰ ਪਾਕਿਸਤਾਨ ਚਲਾ ਗਿਆ। ਕਰੀਬ ਨੌਂ ਮਹੀਨੇ ਪਾਕਿਸਤਾਨ ਵਿੱਚ ਗੁਜ਼ਾਰਨ ਮਗਰੋਂ ਜੂਨ 1948 ਵਿੱਚ ਲਾਹੌਰ ਤੋਂ ਭੱਜ ਆਇਆ। ਉਸ ਦਾ ਭਾਰਤ ਆਉਣਾ ਦੇਸ਼ ਲਈ ਫ਼ਾਇਦੇਮੰਦ ਸੀ ਅਤੇ ਪਾਕਿਸਤਾਨ ਲਈ ਬਹੁਤ ਵੱਡਾ ਨੁਕਸਾਨ।[10]
ਸਾਹਿਤਕ ਸਫ਼ਰ
[ਸੋਧੋ]ਸ਼ਾਇਰੀ ਦਾ ਸ਼ੌਕ ਉਸ ਨੂੰ ਸਕੂਲ ਵਿੱਚ ਹੀ ਸੀ ਪਰ ਕਾਲਜ ਦੇ ਸਾਹਿਤਕ ਮਾਹੌਲ ਵਿੱਚ ਇਸ ਵਿੱਚ ਹੋਰ ਨਿਖਾਰ ਆਇਆ। ਉਹ ਸਾਹਿਰ ਕਿਵੇਂ ਬਣਿਆ? ਅਲਾਮਾ ਇਕਬਾਲ ਦੇ ਹਜ਼ਰਤ ਦਾਗ਼ ਬਾਰੇ ਲਿਖੇ ਮਰਸੀਏ ਦਾ ਜਦ ਉਸ ਨੇ ਇਹ ਸ਼ਿਅਰ ਪੜ੍ਹਿਆ ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ਿਰਾਜ਼ ਭੀ ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ ਤਾਂ ਉਸ ਨੇ ਆਪਣਾ ਤਖੱਲਸ ‘ਸਾਹਿਰ’ ਰੱਖ ਲਿਆ। ਉਸ ਦਾ ਅਸਲੀ ਨਾਂ ਅਬਦੁਲ ਹੈਈ ਘੱਟ ਲੋਕਾਂ ਨੂੰ ਹੀ ਪਤਾ ਹੈ। ਉਸ ਦਾ ਤਖੱਲਸ ਉਸ ਦੀ ਸ਼ਖ਼ਸੀਅਤ ’ਤੇ ਪੂਰਾ ਢੁਕਦਾ ਸੀ। ਸਾਹਿਰ ਹਰ ਮੁਸ਼ਾਇਰੇ ਦੀ ਮੁੱਖ ਖਿੱਚ ਹੁੰਦਾ। ਉਸ ਦੀਆਂ ਰੁਮਾਂਚਕ ਨਜ਼ਮਾਂ ਨੌਜਵਾਨ ਦਿਲਾਂ ਦੀ ਧੜਕਣਾਂ ਦੀ ਤਰਜਮਾਨੀ ਕਰਦੀਆਂ ਸਨ। ਇਸ ਕਰਕੇ ਉਨ੍ਹਾਂ ਵਿੱਚ ਉਹ ਹਰਦਿਲ ਅਜ਼ੀਜ਼ ਹੋ ਗਿਆ। ਬਾਅਦ ਵਿੱਚ ਇਸ ਵੱਡੇ ਸ਼ਾਇਰ ਨੇ ਆਪਣੇ ਪੈਦਾਇਸ਼ੀ ਸ਼ਹਿਰ ਲੁਧਿਆਣੇ ਦਾ ਨਾਂ ਆਪਣੇ ਨਾਮ ਦਾ ਹਿੱਸਾ ਬਣਾ ਕੇ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ। ਲਾਹੌਰ ਵਿੱਚ ਉਸ ਦਾ ਪ੍ਰਸਿੱਧ ਸ਼ਾਇਰਾਂ ਨਾਲ ਮੇਲ-ਜੋਲ ਹੋ ਗਿਆ। 1944 ਵਿੱਚ ਉਸ ਦੀ ਕਿਤਾਬ ‘ਤਲਖ਼ੀਆਂ’ ਛਪੀ ਤਾਂ ਉਹ ਰਾਤੋ-ਰਾਤ ਸਟਾਰ ਬਣ ਗਿਆ। ਅੰਮ੍ਰਿਤਾ ਪ੍ਰੀਤਮ ਵੀ ਲਾਹੌਰ ਹੀ ਰਹਿੰਦੀ ਸੀ। ਉਹ ਸਾਹਿਰ ਤੇ ਲੱਟੂ ਹੋ ਗਈ। ਉਸ ਨੇ ਸਾਹਿਰ ਲਈ ਆਪਣੇ ਇਸ਼ਕ ਦੀ ਕਹਾਣੀ ਬੜੀ ਬੇਬਾਕੀ ਨਾਲ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਬਿਆਨ ਕੀਤੀ ਹੈ। ਇਸ ਬਾਰੇ ‘ਇਕ ਸੀ ਅਨੀਤਾ’ ਵਿੱਚ ਵੀ ਲਿਖਿਆ। ‘ਸੁਨੇਹੜੇ’ ਜਿਸ ’ਤੇ ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਦੀਆਂ ਸਾਰੀਆਂ ਨਜ਼ਮਾਂ ਤਾਂ ਸਾਹਿਰ ਨੂੰ ਹੀ ਮੁਖ਼ਾਤਿਬ ਹਨ। ‘ਤਲਖ਼ੀਆਂ’ ਵਿੱਚ ‘ਮਾਦਾਮ’, ‘ਮਤਾਆਏ ਗ਼ੈਰ’, ‘ਏਕ ਤਸਵੀਰ-ਏ-ਰੰਗ’ ਆਦਿ ਨਜ਼ਮਾਂ ਅੰਮ੍ਰਿਤਾ ਬਾਰੇ ਹਨ।
ਫ਼ਿਲਮੀ ਸਫ਼ਰ
[ਸੋਧੋ]ਲਾਹੌਰ ਤੋਂ ਸਾਹਿਰ ਫ਼ਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਚਲਿਆ ਗਿਆ ਜਿੱਥੇ ਪਹਿਲਾਂ ਉਸ ਦੇ ਪੈਰ ਨਾ ਜੰਮੇ। 14 ਅਗਸਤ 1947 ਨੂੰ ਦੇਸ਼ ਵੰਡਿਆ ਗਿਆ। ਲੁਧਿਆਣੇ ਤੋਂ ਉਸ ਦੀ ਮਾਂ ਨੂੰ ਉਸ ਦੇ ਹਿੰਦੂ ਸਿੱਖ ਦੋਸਤਾਂ ਨੇ ਬੜੀ ਮੁਸ਼ਕਲ ਨਾਲ ਬਚਾ ਕੇ ਲਾਹੌਰ ਭੇਜਿਆ। ਸਤੰਬਰ 1947 ਵਿੱਚ ਆਪਣੀ ਮਾਂ ਦੀ ਭਾਲ ਵਿੱਚ ਸਾਹਿਰ ਵੀ ਲਾਹੌਰ ਪਹੁੰਚ ਗਿਆ। ਉੱਥੇ ਉਹ ਕਮਿਊਨਿਸਟ ਰਸਾਲੇ ‘ਸਵੇਰਾ’ ਦਾ ਸੰਪਾਦਕ ਬਣ ਗਿਆ। ਪਰ ਜਦ ਉਸ ਦੀ ਗ੍ਰਿਫ਼ਤਾਰੀ ਦੇ ਵਰੰਟ ਨਿਕਲੇ ਤਾਂ ਜੂਨ 1948 ਵਿੱਚ ਆਪਣੀ ਮਾਂ ਸਮੇਤ ਉਹ ਮੁੜ ਬਈ ਚਲਿਆ ਗਿਆ। ਬਹੁਤ ਜੱਦੋਜਹਿਦ ਪਿੱਛੋਂ 1950 ਵਿੱਚ ਰੀਲੀਜ਼ ਹੋਈ ਫ਼ਿਲਮ ‘ਬਾਜ਼ੀ’ ਦੀ ਕਾਮਯਾਬੀ ਨੇ ਸਾਹਿਰ ਨੂੰ ਫ਼ਿਲਮੀ ਨਗ਼ਮਾ ਨਿਗਾਰੀ ਵਿੱਚ ਉਸੇ ਤਰ੍ਹਾਂ ਮਸ਼ਹੂਰ ਕਰ ਦਿੱਤਾ ਜਿਸ ਤਰ੍ਹਾਂ ‘ਤਲਖ਼ੀਆਂ’ ਨੇ ਸਾਹਿਤਕ ਖੇਤਰ ਵਿੱਚ ਕੀਤਾ ਸੀ। ਸਾਹਿਰ ਨੇ ਫ਼ਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾ ਤੇ ਨਾਮਣਾ ਦੋਨੋਂ ਖੱਚੇ।ਆਪਣੇ ਵੇਲੇ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ ਨਿਗਾਰ ਸੀ। ਫ਼ਿਲਮ ਰਾਈਟਰਜ਼ ਐਸੋਸੀਏਸ਼ਨ ਦਾ ਬਿਨਾਂ ਮੁਕਾਬਲਾ ਪ੍ਰਧਾਨ ਵੀ ਬਣਿਆ। ਇਸ ਪਦਵੀ ’ਤੇ ਹੁੰਦਿਆਂ ਉਸ ਨੇ ਨਗ਼ਮਾਂ ਨਿਗਾਰਾਂ ਨੂੰ ਫ਼ਿਲਮੀ ਦੁਨੀਆ ਅਤੇ ਰੇਡੀਓ ਵਿੱਚ ਬੜੀ ਸਤਿਕਾਰ ਵਾਲੀ ਥਾਂ ਦਿਵਾਈ। ਜਿਵੇਂ ਫ਼ਿਲਮ ਦੀ ਕਾਸਟ ਦਿਖਾਉਣ ਵੇਲੇ ਨਗ਼ਮਾ ਨਿਗਾਰ ਦਾ ਨਾਂ ਸੰਗੀਤਕਾਰ ਤੋਂ ਪਹਿਲਾਂ ਆਵੇ, ਰੇਡੀਓ ’ਤੇ ਫ਼ਰਮਾਇਸ਼ੀ ਪ੍ਰੋਗਰਾਮ ਵਿੱਚ ਨਗ਼ਮਾ ਨਿਗਾਰ ਦਾ ਨਾਂ ਵੀ ਦੱਸਿਆ ਜਾਵੇ। ਇਸੇ ਤਰ੍ਹਾਂ ਗਰਾਮੋਫ਼ੋਨ ਕੰਪਨੀਆਂ ਨੂੰ ਰਿਕਾਰਡਾਂ ’ਤੇ ਨਗ਼ਮਾਂ ਨਿਗਾਰਾਂ ਦਾ ਨਾਂ ਵੀ ਦੇਣ ਲਈ ਮਜਬੂਰ ਕੀਤਾ। ਇੱਕ ਸੰਗੀਤ ਡਾਇਰੈਕਟਰ ਨੇ ਮੇਹਣਾ ਮਾਰਿਆ ਕਿ ਸਾਹਿਰ ਦੇ ਗਾਣੇ ਇਸ ਕਰਕੇ ਮਸ਼ਹੂਰ ਹਨ ਕਿਉਂਕਿ ਉਨ੍ਹਾਂ ਨੂੰ ਲਤਾ ਗਾਉਂਦੀ ਹੈ। ਸਾਹਿਰ ਬੜਾ ਅਣਖੀ ਸੀ। ਉਸ ਨੇ ਸ਼ਰਤ ਰੱਖੀ ਕਿ ਦੋ ਸਾਲ ਉਹ ਸਿਰਫ਼ ਉਸ ਫ਼ਿਲਮ ਲਈ ਗਾਣੇ ਲਿਖੇਗਾ ਜਿਸ ਵਿੱਚ ਲਤਾ ਤੋਂ ਨਾ ਗਵਾਏ ਜਾਣ। ਸਾਹਿਰ ਦੀ ਲਤਾ ਬਾਰੇ ਸਭ ਤੋਂ ਮਸ਼ਹੂਰ ਨਜ਼ਮ ਹੈ ‘ਤੇਰੀ ਆਵਾਜ਼’।
ਜਜ਼ਬਾਤੀ ਇਸ਼ਕ
[ਸੋਧੋ]ਸਾਹਿਰ ਦੇ ਸਾਰੇ ਇਸ਼ਕ ਜਜ਼ਬਾਤੀ ਹੀ ਰਹੇ। ਉਸ ਨੇ ਨਾ ਇਨ੍ਹਾਂ ਨੂੰ ਜਿਸਮਾਨੀ ਸਬੰਧਾਂ ਵਿੱਚ ਅਤੇ ਨਾ ਹੀ ਸ਼ਾਦੀ ਦੇ ਰਿਸ਼ਤੇ ਵਿੱਚ ਬਦਲਿਆ। ਇਨ੍ਹਾਂ ਤੋਂ ਸਿਰਫ਼ ਆਪਣੀ ਸ਼ਾਇਰੀ ਲਈ ਹੀ ਪ੍ਰੇਰਣਾ ਲਈ। ਸਾਹਿਰ ਨੇ ਕੁਝ ਗ਼ਜ਼ਲਾਂ ਵੀ ਲਿਖੀਆਂ ਪਰ ਮੁੱਖ ਤੌਰ ’ਤੇ ਉਹ ਨਜ਼ਮ ਦਾ ਸ਼ਾਇਰ ਸੀ। ਉਸ ਦੀਆਂ ਨਜ਼ਮਾਂ ਥੋੜ੍ਹੀਆਂ ਹਨ ਪਰ ਇਨ੍ਹਾਂ ਦਾ ਪੱਧਰ ਬਹੁਤ ਉੱਚਾ ਹੈ। ਬਹੁਤੀਆਂ ਵਿੱਚ ਰੁਮਾਂਸ ਰਚਿਆ ਹੋਇਆ ਹੈ। ਕੁਝ ਵਿੱਚ ਇਨਕਲਾਬੀ ਰੰਗ ਹੈ। ਉਸ ਦੀ ਇੱਕੋ- ਇੱਕ ਲੰਮੀ ਨਜ਼ਮ ‘ਪਰਛਾਈਆਂ’ ਅਮਨ ਬਾਰੇ ਹੈ। ਉਸ ਦੇ ਫ਼ਿਲਮੀ ਗੀਤਾਂ ਦੀ ਗਿਣਤੀ ਸੈਂਕੜੇ ਹੈ। ਉਸ ਨੇ ਫ਼ਿਲਮੀ ਗੀਤਾਂ ਨੂੰ ਤੁਕਬੰਦੀ ਦੇ ਪੱਧਰ ਤੋਂ ਚੁੱਕ ਕੇ ਸ਼ਾਇਰੀ ਦੀ ਸਤਹਿ ਤਕ ਲਿਆਂਦਾ। ਇਸ ਤਰ੍ਹਾਂ ਅਨਪੜ੍ਹ ਫ਼ਿਲਮ ਦਰਸ਼ਕਾਂ ਵਿੱਚ ਵੀ ਸਾਹਿਤਕ ਰੁਚੀ ਪੈਦਾ ਕੀਤੀ। ਲੋਕਾਂ ਨੇ ਉਸ ਨੂੰ ਬੇਹੱਦ ਪਿਆਰ ਦਿੱਤਾ ਅਤੇ ਸਰਕਾਰ ਨੇ ਉਸ ਨੂੰ ਪਦਮਸ੍ਰੀ ਨਾਲ ਸਤਿਕਾਰਿਆ। ਸਾਹਿਰ ਦੀ ਮਾਂ, ਜਿਸ ਨਾਲ ਉਹ ਸਾਰੀ ਉਮਰ ਰਿਹਾ, 1976 ਵਿੱਚ ਚਲ ਵਸੀ। ਸਾਹਿਰ ਬੇਹੱਦ ਉਦਾਸ ਰਹਿਣ ਲੱਗਾ ਭਾਵੇਂ ਉਸ ਦੀ ਮਾਮੀ-ਜਾਈ ਭੈਣ ਅਨਵਰ ਉਸ ਪਾਸ ਰਹਿੰਦੀ ਸੀ।
ਸਨਮਾਨ
[ਸੋਧੋ]ਲਾਹੌਰ ਵਿੱਚ ਚਾਰ ਉਰਦੂ ਪੱਤਰਕਾਵਾਂ ਦਾ ਸੰਪਾਦਨ (1948 ਤੱਕ) ਕੀਤਾ ਅਤੇ ਮੁੰਬਈ (1949 ਦੇ ਬਾਅਦ) ਉਨ੍ਹਾਂ ਦੀ ਕਰਮਭੂਮੀ ਰਹੀ। ਉਨ੍ਹਾਂ ਨੇ ਦੋ ਵਾਰ ਫਿਲਮਫੇਅਰ ਅਵਾਰਡ (1964 ਅਤੇ 1977 ਵਿੱਚ) ਹਾਸਲ ਕੀਤਾ ਅਤੇ 1971 ਵਿੱਚ ਪਦਮ ਸ਼ਰੀ ਨਾਲ ਉਨ੍ਹਾਂ ਨੂੰ ਸਨਮਾਨਿਆ ਗਿਆ।
- 1958: ਫਿਲਮ ਫੇਅਰ ਅਵਾਰਡ ਲਈ ਨੋਮੀਨੇਟਡ ਕੀਤਾ ਗਿਆ। ਔਰਤ ਨੇ ਜਨਮ ਦਿਤਾ ਮਰਦਾ ਨੂੰ ਫਿਲਮ ਸਾਧਨਾ।
- 1964: ਫਿਲਮ ਫੇਅਰ ਦਾ ਵਧੀਆ ਗੀਤਕਾਰ ਦਾ ਇਨਾਮ “ਜੋ ਵਾਧਾ ਕੀਆ” ਫਿਲਮ ਤਾਜ ਮਹਿਲ।
- 1977: ਫਿਲਮ ਫੇਅਰ ਦਾ ਵਧੀਆ ਗੀਤਕਾਰ ਦਾ ਇਨਾਮ “ਕਭੀ ਕਭੀ ਮੇਰੇ ਦਿਲ ਮੇਂ” ਫਿਲਮ ਕਭੀ ਕਭੀ।
- 1971 ਵਿੱਚ ਪਦਮ ਸ਼ਰੀ ਨਾਲ ਉਨ੍ਹਾਂ ਨੂੰ ਸਨਮਾਨਿਆ ਗਿਆ।
ਮੌਤ
[ਸੋਧੋ]25 ਅਕਤੂਬਰ 1980 ਨੂੰ, 59 ਸਾਲ ਦੀ ਉਮਰ ਵਿੱਚ, ਸਾਹਿਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।[11][5] ਉਸਨੂੰ ਜੁਹੂ ਮੁਸਲਿਮ ਕਬਰਸਤਾਨ ਵਿੱਚ ਦਫ਼ਨਾਇਆ ਗਿਆ। 2010 ਵਿੱਚ, ਉਸਦੀ ਕਬਰ ਨੂੰ ਨਵੇਂ ਕਬਰਸਤਾਨਾਂ ਲਈ ਜਗ੍ਹਾ ਬਣਾਉਣ ਲਈ ਢਾਹ ਦਿੱਤਾ ਗਿਆ।[12]
ਢੁੱਕਵੀਂ ਯਾਦਗਾਰ
[ਸੋਧੋ]ਜਿਸ ਸ਼ਹਿਰ ਨੂੰ ਉਸ ਨੇ ਮਸ਼ਹੂਰ ਕੀਤਾ ਉਸ ਵਿੱਚ ਉਸ ਦੀ ਕੋਈ ਢੁੱਕਵੀਂ ਯਾਦਗਾਰ ਨਹੀਂ। “ਸਾਹਿਰ ਕਲਚਰਲ ਅਕੈਡਮੀ” ਦੇ ਪ੍ਰਧਾਨ ਡਾ. ਕੇਵਲ ਧੀਰ ਦੀ ਹਿੰਮਤ ਹੈ ਕਿ ਉਹ ਹਰ ਸਾਲ ਸਾਹਿਰ ਦੀ ਯਾਦ ਵਿੱਚ ਮੁਸ਼ਾਇਰਾ ਕਰਵਾਉਂਦੇ ਹਨ ਅਤੇ ਚੋਟੀ ਦੇ ਸ਼ਾਇਰਾਂ ਨੂੰ ਸਾਹਿਰ ਅਵਾਰਡ ਦਿੰਦੇ ਹਨ। ਪੀ.ਏ.ਯੂ. ਦੇ ਬਾਗਬਾਨੀ ਦੇ ਮਾਹਿਰ ਡਾ. ਅਜੈ ਪਾਲ ਸਿੰਘ ਗਿੱਲ ਨੇ ਗੁਲਅਸ਼ਰਫੀ ਦੀ ਇੱਕ ਨਵੀਂ ਕਿਸਮ ਕੱਢੀ ਜਿਸ ਦਾ ਨਾਂ ‘ਗੁਲੇ ਸਾਹਿਰ’ ਰੱਖਿਆ। ਸਾਹਿਰ ਦੇ ਪੁਰਾਣੇ ਕਾਲਜ ਨੇ ਵੀ ਆਪਣੇ ਬੁਟੈਨੀਕਲ ਬਾਗ਼ ਦਾ ਨਾਂ ‘ਗੁਲਸ਼-ਏ-ਸਾਹਿਰ’ ਰੱਖਿਆ।
ਫ਼ਿਲਮੀ ਗੀਤ
[ਸੋਧੋ]- ਆਨਾ ਹੈ ਤੋ ਆ (ਨਯਾ ਦੌਰ 1957), ਕੰਪੋਜ਼ਰ ਓ ਪੀ ਨੈਯਰ, ਗਾਇਕੀ ਮੁਹੰਮਦ ਰਫ਼ੀ.
- ਜਾਣੇ ਕ੍ਯਾ ਤੂਨੇ ਕਹੀ ( ਪਿਆਸਾ 1957), ਕੰਪੋਜ਼ਰ ਐੱਸ ਡੀ ਬਰਮਨ, ਗਾਇਕੀ ਗੀਤਾ ਦੱਤ.
- ਜਾਣੇ ਵੋਹ ਕੈਸੇ ( ਪਿਆਸਾ 1957), ਕੰਪੋਜ਼ਰ ਐੱਸ ਡੀ ਬਰਮਨ, ਗਾਇਕੀ ਹੇਮੰਤ ਕੁਮਾਰ.
- ਯੇ ਦੁਨਿਯਾ ਅਗਰ ਮਿਲ ਭੀ ਜਾਏ ਤੋ ਕ੍ਯਾ ਹੈ (ਪਿਆਸਾ 1957), ਕੰਪੋਜ਼ਰ ਐੱਸ ਡੀ ਬਰਮਨ, ਗਾਇਕੀ ਮੁਹੰਮਦ ਰਫ਼ੀ.
- ਤੂ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ (ਧੂਲ ਕਾ ਫੂਲ 1959), ਕੰਪੋਜ਼ਰ ਦੱਤਾ ਨਾਇਕ, ਗਾਇਕੀ ਮੁਹੰਮਦ ਰਫ਼ੀ.
- ਯੇ ਇਸ਼ਕ ਇਸ਼ਕ ਹੈ (ਬਰਸਾਤ ਕੀ ਰਾਤ 1960), ਸੰਗੀਤ ਰੋਸ਼ਨ, ਗਾਇਕੀ ਮੁਹੰਮਦ ਰਫ਼ੀ, ਮੰਨਾ ਡੇ.
- ਨਾ ਤੋ ਕਾਰਵਾਂ ਕੀ ਤਲਾਸ਼ ਹੈ (ਬਰਸਾਤ ਕੀ ਰਾਤ 1960), ਸੰਗੀਤ ਰੋਸ਼ਨ, ਗਾਇਕੀ ਮੁਹੰਮਦ ਰਫ਼ੀ, ਮੰਨਾ ਡੇ, ਆਸ਼ਾ ਭੋਂਸਲੇ ਅਤੇ ਸੁਧਾ ਮਲਹੋਤਰਾ.
- ਅੱਲਾ ਤੇਰੋ ਨਾਮ ਈਸ਼੍ਵਰ ਤੇਰੋ ਨਾਮ (ਹਮ ਦੋਨੋ 1961), ਕੰਪੋਜ਼ਰ ਜੈਦੇਵ ਗਾਇਕੀ ਲਤਾ ਮੰਗੇਸ਼ਕਰ
- ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏ ਹਮ ਦੋਨੋਂ (ਗੁਮਰਾਹ 1963), ਕੰਪੋਜ਼ਰ ਰਵੀ(ਗਾਇਕੀ ਮਹਿੰਦਰ ਕਪੂਰ)
- ਤੁਮ ਅਗਰ ਸਾਥ ਦੇਨੇ ਕਾ ਵਾਦਾ ਕਰੋ (ਹਮਰਾਜ਼ 1967), ਕੰਪੋਜ਼ਰ ਰਵੀ, ਗਾਇਕੀ ਮਹਿੰਦਰ ਕਪੂਰ.
- ਮਨ ਰੇ ਤੂ ਕਾਹੇ ਨਾ ਧੀਰ ਧਰੇ? (ਚਿਤਰਲੇਖਾ 1964), ਕੰਪੋਜ਼ਰ ਰੋਸ਼ਨ, ਗਾਇਕੀ ਮੁਹੰਮਦ ਰਫ਼ੀ.
- ਸੰਸਾਰ ਸੇ ਭਾਗੇ ਫਿਰਤੇ ਹੋ, ਭਗਵਾਨ ਕੋ ਤੁਮ ਕ੍ਯਾ ਪਾਓਗੇ (ਚਿਤਰਲੇਖਾ 1964), ਕੰਪੋਜ਼ਰ ਰੋਸ਼ਨ, ਗਾਇਕੀ ਲਤਾ ਮੰਗੇਸ਼ਕਰ.
- ਤੋਰਾ ਮਨ ਦਰਪਨ ਕਹਿਲਾਏ (ਕਾਜਲ 1965), ਕੰਪੋਜ਼ਰ ਰਵੀ, ਗਾਇਕੀ ਆਸ਼ਾ ਭੋਸਲੇ.
- ਈਸ਼੍ਵਰ ਅੱਲਾ ਤੇਰੇ ਨਾਮ (ਨਯਾ ਰਸਤਾ 1970), ਕੰਪੋਜ਼ਰ ਦਤਤਾ ਨਾਇਕ, ਗਾਇਕੀ ਮੁਹੰਮਦ ਰਫ਼ੀ.
- ਮੈ ਪਲ ਦੋ ਪਲ ਕਾ ਸ਼ਾਇਰ ਹੂੰ (ਕਭੀ ਕਭੀ 1976), ਸੰਗੀਤ ਖ਼ਯਾਮ (ਗਾਇਕੀ ਮੁਕੇਸ਼)
- ਕਭੀ ਕਭੀ (ਕਭੀ ਕਭੀ 1976), ਸੰਗੀਤ ਖ਼ਯਾਮ (ਗਾਇਕੀ ਮੁਕੇਸ਼, ਲਤਾ ਮੰਗੇਸ਼ਕਰ)
- ਐ ਮੇਰੀ ਜ਼ੋਹਰਜਬੀਨ (ਵਕਤ) ਮੰਨਾ ਡੇ ਸੰਗੀਤ: ਰਵੀ
- ਆਗੇ ਭੀ ਜਾਨੇ ਨਾ ਤੂ (ਵਕਤ) ਆਸ਼ਾ ਭੋਂਸਲੇ ਸੰਗੀਤ: ਰਵੀ
- ਸਾਥੀ ਹਾਥ ਬੜਾਨਾ-ਨਯਾ ਦੌਰ ਮੁਹੰਮਦ ਰਫ਼ੀ ਅਤੇ ਆਸ਼ਾ ਭੋਂਸਲੇ
- ਮੇਰੇ ਦਿਲ ਮੇਂ ਆਜ ਕ੍ਯਾ ਹੈ (ਦਾਗ਼) by ਕਿਸ਼ੋਰ ਕੁਮਾਰ ਸੰਗੀਤ: ਲਕਸ਼ਮੀਕਾਂਤ ਪਿਆਰੇਲਾਲ
- ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ (ਹਮ ਦੋਨੋ 1961) by ਮੁਹੰਮਦ ਰਫ਼ੀ ਸੰਗੀਤ: ਜੈਦੇਵ
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Ashish Rajadhyaksha; Paul Willemen (1994). Encyclopaedia of Indian cinema. Routledge. Archived from the original on 26 December 2021. Retrieved 13 June 2024.
Transferred the progressive Urdu literature exemplified by poet Faiz Ahmad Faiz to the Hindi film lyric...
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedTheHindu3
- ↑ "Sahir Ludhianvi - Profile & Biography". Rekhta (in ਅੰਗਰੇਜ਼ੀ). Archived from the original on 5 February 2023. Retrieved 2023-02-05.
- ↑ Coppola C. "Politics, Social Criticism and Indian Film Songs: The Case of Sahir Ludhianvi." Journal of Popular Culture 1977 10(4) p896-902. "Perhaps the best known and certainly the most legendary songwriter in Indian films today is Sahir Ludhianvi." Accessed 8 July 2015.
- ↑ 5.0 5.1 5.2 Sahir Ludhianvi's Padma Shri (1971) and Filmfare Awards (1964 and 1977) (see page 11). Indian Philately Digest via GoogleBooks website. 10 May 2023. Archived from the original on 10 May 2023. Retrieved 13 June 2024.
- ↑ Nawaid Anjum (25 October 2019). "Sahir's poetry is a beacon of hope". The Indian Express (newspaper). Archived from the original on 10 December 2021. Retrieved 28 January 2022.
- ↑ "President releases a Commemorative Postage Stamp on Sahir Ludhianvi." Archived 29 October 2013 at the Wayback Machine. Public Information Bureau, Government of India, Published 8 March 2013, Accessed 14 November 2019
- ↑ Personal Communication from Dr. GS Mann, ex-Principal SCD Govt. College For Boys, Ludhiana: the expulsion letter is preserved in the Disciplinary Records Register of the college
- ↑ Sahir memorial.. The Tribune, 1 June 2005
- ↑ [permanent dead link]
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedCineplot
- ↑
ਬਾਹਰੀ ਲਿੰਕ
[ਸੋਧੋ]ਫਰਮਾ:Padma Shri Award Recipients in Art ਫਰਮਾ:FilmfareAwardBestLyricist
- ਹਵਾਲੇ ਦੀਆਂ ਗਲਤੀਆਂ ਵਾਲੇ ਸਫ਼ੇ
- CS1 ਅੰਗਰੇਜ਼ੀ-language sources (en)
- Articles with dead external links from ਜੁਲਾਈ 2023
- ਜਨਮ 1921
- ਮੌਤ 1980
- ਭਾਰਤ ਦੇ ਉਰਦੂ-ਭਾਸ਼ਾ ਕਵੀ
- ਪਾਕਿਸਤਾਨ ਦੇ ਉਰਦੂ-ਭਾਸ਼ਾ ਕਵੀ
- ਭਾਰਤੀ ਗੀਤਕਾਰ
- 20ਵੀਂ ਸਦੀ ਦੇ ਭਾਰਤੀ ਕਵੀ
- ਲੁਧਿਆਣਾ ਦੇ ਲੋਕ
- ਭਾਰਤੀ ਮੁਸਲਮਾਨ
- ਭਾਰਤੀ ਕਵੀ
- ਲੁਧਿਆਣਾ ਦੇ ਲੇਖਕ
- ਪੰਜਾਬ, ਭਾਰਤ ਦੇ ਕਵੀ
- ਪਦਮ ਸ਼੍ਰੀ ਵਿਜੇਤਾ
- ਫ਼ਿਲਮਫ਼ੇਅਰ ਪੁਰਸਕਾਰ ਵਿਜੇਤਾ