ਅਜਾਇਬ ਕਮਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਜਾਇਬ ਕਮਲ (5 ਅਕਤੂਬਰ 1932 - 21 ਜਨਵਰੀ 2011) 1960ਵਿਆਂ ਵਿੱਚ ਪੰਜਾਬੀ ਕਵਿਤਾ ਵਿੱਚ ਚੱਲੀ ਆਧੁਨਿਕਤਾ ਦੀ ਲ਼ਹਿਰ ਨਾਲ ਮੁਢ ਤੋਂ ਜੁੜੇ ਕਵੀਆਂ ਵਿੱਚੋਂ ਸੀ।[1] ਉਸ ਨੇ ਕਵਿਤਾ, ਲੰਮੀਂ ਕਵਿਤਾ, ਕਾਵਿ-ਨਾਟਕ, ਮਹਾਂ ਕਾਵਿ, ਗ਼ਜ਼ਲ, ਨਾਵਲ ਅਤੇ ਆਲੋਚਨਾ ਅਨੇਕ ਵਿਧਾਵਾਂ ਵਿੱਚ ਸਾਹਿਤ ਦੀ ਰਚਨਾ ਕੀਤੀ। ਉਹ ਪੰਜਾਬੀ ਸਾਹਿਤ ਦੇ ਸਰਬਪੱਖੀ ਸਿਰਮੌਰ ਲੇਖਕ ਸਨ। ਉਹ ਕਵੀ, ਕਾਵਿ ਨਾਟਕਕਾਰ, ਨਾਵਲਕਾਰ, ਕਾਵਿ-ਆਲੋਚਕ ਤੇ ਗ਼ਜ਼ਲ ਲੇਖਕ ਹੋਣ ਦੇ ਨਾਲ-ਨਾਲ ਵਧੀਆ ਮਿਲਣਸਾਰ ਤੇ ਨਿਧੜਕ-ਨਿਰਪੱਖ ਸ਼ਖਸੀਅਤ ਵਾਲੇ ਇਨਸਾਨ ਸਨ। ਉਹ 50 ਸਾਲਾਂ ਤੋਂ ਆਧੁਨਿਕ ਗ਼ਜ਼ਲ ਲਿਖਣ ਵਾਲੇ ਪੰਜਾਬੀ ਦੇ ਮੋਢੀ ਗ਼ਜ਼ਲ ਲੇਖਕਾਂ ਵਿੱਚੋਂ ਪਹਿਲੇ ਦਰਜੇ ਦੇ ਗ਼ਜ਼ਲਕਾਰ ਸਨ।

ਮੁੱਢਲਾ ਜੀਵਨ[ਸੋਧੋ]

ਮਰਹੂਮ ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਮਾਹਿਲਪੁਰ ਲਾਗਲੇ ਪਿੰਡ ਡਾਂਡਿਆਂ ਵਿਖੇ ਜੰਗ ਸਿੰਘ ਦੇ ਘਰ ਮਾਤਾ ਰਾਏ ਕੌਰ ਦੀ ਕੁੱਖੋਂ ਹੋਇਆ। ਖਾਲਸਾ ਕਾਲਜ ਮਾਹਿਲਪੁਰ ਤੋਂ 1955 ਵਿੱਚ ਬੀ.ਏ. ਕੀਤੀ। ਉੱਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਬਲ ਐਮ.ਏ. ਕੀਤੀ। ਆਪ ਨੇ 9 ਸਾਲ ਪੰਜਾਬ ਵਿੱਚ ਬਤੌਰ ਪ੍ਰਿੰਸੀਪਲ ਹੁੰਦਿਆਂ ਅੰਗਰੇਜ਼ੀ ਵਿਸ਼ਾ ਪੜ੍ਹਾਇਆ ਤੇ ਬਾਅਦ ਵਿੱਚ 31 ਸਾਲ ਏ.ਬੀ. ਸੀਨੀਅਰ ਸੈਕੰਡਰੀ ਸਕੂਲ ਨੈਰੋਬੀ-ਕੀਨੀਆ (ਅਫਰੀਕਾ) ਵਿੱਚ ਬਤੌਰ ਪ੍ਰਿੰਸੀਪਲ ਦੀ ਨੌਕਰੀ ਵੀ ਕੀਤੀ। ਕੀਨੀਆ ਸਕੂਲ ਤੋਂ ਸੇਵਾਮੁਕਤ ਹੋਣ ਉੱਪਰੰਤ ਆਪ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਰਹਿਣ ਤੋਂ ਬਾਅਦ ਪੰਜਾਬ ਆਪਣੇ ਪਿੰਡ ਪਰਤ ਆਏ। ਆਪ ਦੀ ਪਹਿਲੀ ਕਾਵਿ ਪੁਸਤਕ ”ਤਾਸ਼ ਦੇ ਪੱਤੇ” 1962 ਵਿੱਚ ਛਪੀ। ਇਸ ਤੋਂ ਬਾਅਦ ਆਪ ਪੰਜਾਬੀ ਦੇ ਉੱਘੇ ਲੇਖਕਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ।[2] ਉਥੋਂ ਸੇਵਾ-ਮੁਕਤ ਹੋ ਕੇ ਉਹ ਆਪਣੇ ਪਿੰਡ ਡਾਂਡੀਆਂ ਆ ਗਏ।

ਸਾਹਿਤ ਜੀਵਨ[ਸੋਧੋ]

ਉਹਨਾਂ ਦੀਆਂ ਆਧੁਨਿਕ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ‘ਸ਼ਬਦ ਨੰਗੇ ਹਨ’ 1981 ਵਿੱਚ ਛਪਿਆ। ਉਹ ਲੰਬਾ ਸਮਾਂ ਦੇਸ਼ਾਂ-ਵਿਦੇਸ਼ਾਂ ਵਿੱਚ ਰਹੇ। ਉਹਨਾਂ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਰੱਜ ਕੇ ਲਿਖਿਆ। ਗ਼ਜ਼ਲ ਸੰਗ੍ਰਹਿ ‘ਟੁਕੜੇ-ਟੁਕੜੇ ਸੂਰਜ’ ਦੀ ਸਿਰਜਣਾ ਕੀਤੀ।

ਸਨਮਾਨ[ਸੋਧੋ]

 • 17 ਜਨਵਰੀ ਨੂੰ ਦਰਪਣ ਸਾਹਿਤ ਸਭਾ ਸੈਲਾ ਖੁਰਦ ਵੱਲੋਂ ਮਰਹੂਮ ਜਨਾਬ ਗੁਰਦਿਆਲ ਪੰਜਾਬੀ ਐਵਾਰਡ ਨਾਲ ਸਨਮਾਨਿਆ ਗਿਆ।
 • ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ (ਵਿਦੇਸ਼ੀ)
 • 1983 ਵਿੱਚ ਸਨਮਾਨ ਤੋਂ ਇਲਾਵਾ 16 ਦੇ ਕਰੀਬ ਪ੍ਰਮੁੱਖ ਸਾਹਿਤਕ ਸਭਾਵਾਂ, ਟਰੱਸਟਾਂ ਵੱਲੋਂ ਸਨਮਾਨ ਕੀਤਾ ਗਿਆ।
 • ਕਈ ਸਾਹਿਤ ਸਭਾਵਾਂ ਅਤੇ ਟਰੱਸਟਾਂ ਦੇ ਅਹੁਦੇਦਾਰ ਸਨ।
 • ”ਅਜਾਇਬ ਕਮਲ ਸਾਹਿਤਕ ਅਤੇ ਸੋਸ਼ਲ ਵੈਲਫੇਅਰ ਟਰੱਸਟ ਮਾਹਿਲਪੁਰ (ਹੁਸ਼ਿਆਰਪੁਰ)” ਦਾ ਗਠਨ ਕਰ ਕੇ 20 ਲੱਖ ਰੁਪਏ ਦੀ ਐਫ.ਡੀ. ਕਰਵਾਈ। 20 ਲੱਖ ਰੁਪਏ ਦੇ ਵਿਆਜ ਨਾਲ ਹਰ ਸਾਲ ਇੱਥੇ ਵੱਡਾ ਕਵੀ ਦਰਬਾਰ ਕਰਵਾਇਆ ਜਾਵੇ ਅਤੇ ਚੰਗਾ ਕੰਮ ਅਤੇ ਲਿਖਣ ਵਾਲੇ ਦਾ ਨਗਦੀ ਨਾਲ ਸਨਮਾਨ ਕੀਤਾ ਜਾਵੇ। ਇਸ ਤੋਂ ਇਲਾਵਾ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ‘ਤੇ ਮਦਦ ਕੀਤੀ ਜਾਵੇ। ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਮੁੰਡੇ-ਕੁੜੀਆਂ ਨੂੰ ਆਰਥਿਕ ਮਦਦ ਦਿੱਤੀ ਜਾਵੇ। ਪੜ੍ਹਾਈ ਦੇ ਸ਼ੌਕੀਨ ਗ਼ਰੀਬ ਬੱਚਿਆਂ ਨੂੰ ਆਰਥਿਕ ਸਹਾਇਤਾ ਵੀ ਦਿੰਦੇ ਰਹਿਣਾ। ਅਜਾਇਬ ਕਮਲ 21 ਜਨਵਰੀ 2011 ਨੂੰ ਅਕਾਲ ਚਲਾਣਾ ਕਰ ਗਿਆ।[3]

ਸ਼ਾਇਰੀ[ਸੋਧੋ]

ਮੈਂ ਕਾਹਲ ਹੋ ਜਾਂਦਾ, ਮੈਂ ਪਾਗਲ ਹੋ ਜਾਂਦਾ।
ਜੇ ਕਵਿਤਾ ਲਿਖਦਾ ਨਾ, ਮੈਂ ਪਾਗਲ ਹੋ ਜਾਂਦਾ।
ਅਨੇਕਾਂ ਫਲਸਫੇ ਛਾਣੇ, ਉਹਨਾਂ ‘ਚੋਂ ਕੀ ਭਲਾ ਮਿਲਿਆ।
ਜਾਂ ਮਿੱਟੀ ਦਾ ਮਨੁੱਖ ਮਿਲਿਆ, ਜਾਂ ਪੱਥਰ ਦਾ ਖ਼ੁਦਾ ਮਿਲਿਆ।
ਬਲੇ ਹੋਏ ਪਰ ਤਕ ਕੇ ਦਿਲ ਰੋ ਉਠਦਾ ਹੈ।
ਸੋਨੇ ਦੇ ਪਿੰਜਰੇ ਵਿੱਚ ਮੇਰਾ ਸਾਹ ਘੁੱਟਦਾ ਹੈ।
ਜਦੋਂ ਸੁਕਰਾਤ ਵਾਲਾ ਸੱਚ ਉਸਨੇ ਪਾ ਲਿਆ ਹੋਣਾ।
ਉਸ ਦਾ ਜੂਠਾ ਪਿਆਲਾ ਉਸਨੇ ਮੂੰਹ ਨੂੰ ਲਾ ਲਿਆ ਹੋਣਾ।
ਇਹ ਸੱਚ ਹੋਣਾ ਕਿ ਉਸ ਨੂੰ ਬੌਨਿਆਂ ਨੇ ਪਾ ਲਿਆ ਘੇਰਾ।
ਭੁਲੇਖਾ ਹੈ ਕਿ ਉਸ ਨੂੰ ਬੌਨਿਆਂ ਨੇ ਢਾ ਲਿਆ ਹੋਣਾ।
ਕਿਸੇ ਨੂੰ ਪਰ ਲਗਾ ਦਿੱਤੇ, ਕਿਸੇ ਦੇ ਪਰ ਕਟਾ ਦਿੱਤੇ।
ਸਮੇਂ ਨੇ ਆਦਮੀ ਸ਼ਤਰੰਜ ਦੇ ਮੋਹਰੇ ਬਣਾ ਦਿੱਤੇ।

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ

 • ਤਾਸ਼ ਦੇ ਪੱਤੇ
 • ਸ਼ਤਰੰਜ ਦੀ ਖੇਡ
 • ਮੈਂ ਜੋ ਪੈਗ਼ੰਬਰ ਨਹੀਂ
 • ਵਿੱਦਰੋਹੀ ਪੀੜ੍ਹੀ
 • ਉਲਾਰ ਨਸਲ ਦਾ ਸਰਾਪ
 • ਬੋਦੀ ਵਾਲਾ ਤਾਰਾ

ਲੰਮੀਆਂ ਕਵਿਤਾਵਾਂ

 • ਵਰਤਮਾਨ ਤੁਰਿਆ ਹੈ
 • ਇਸ਼ਤਿਹਾਰਾਂ 'ਚੋਂ ਜੰਮੇਂ ਮਨੁੱਖ
 • ਇਕੋਤਰ ਸੌ ਅੱਖਾਂ ਵਾਲਾ ਮਹਾਂ ਭਾਰਤ
 • ਸਿੰਙਾਂ ਵਾਲਾ ਦੇਵਤਾ
 • ਕੰਧਾਂ ਉੱਤੇ ਉੱਕਰੇ ਹਸਤਾਖਰ
 • ਖਾਲੀ ਕੁਰਸੀ ਦਾ ਦੁਖਾਂਤ
 • ਅਫਰੀਕਾ 'ਚ ਨੇਤਰਹੀਣ
 • ਲਿਖਤੁਮ ਕਾਲਾ ਘੋੜਾ
 • ਤ੍ਰੈ-ਕਾਲਕ
 • ਹਸਤਾਖਰਾਂ 'ਚ ਘਿਰਿਆ ਮਨੁੱਖ
 • ਬੀਜ ਤੋਂ ਬ੍ਰਹਮੰਡ
 • ਆਪਣਾ ਆਪਣਾ ਆਸਮਾਨ

ਮਿੰਨੀ ਕਵਿਤਾ ਸੰਗ੍ਰਹਿ

 • ਸ਼ਬਦ ਨੰਗੇ ਹਨ
 • ਰੇਤਲੇ ਸ਼ੀਸ਼ੇ
 • ਰੋਜ਼ਨਾਮਚੇ ਦਾ ਸਫਰ

ਗ਼ਜ਼ਲ ਸੰਗ੍ਰਹਿ

 • ਸ਼ੀਸ਼ਿਆਂ ਦਾ ਸ਼ਹਿਰ
 • ਮੱਥੇ ਵਿੱਚਲਾ ਆਕਾਸ਼
 • ਟੁਕੜੇ ਟੁਕੜੇ ਸੂਰਜ

ਨਾਟਕੀ ਕਵਿਤਾਵਾਂ

 • ਖਲਾਅ 'ਚ ਲਟਕੇ ਮਨੁੱਖ
 • ਬਨੇਰੇ ਉੱਤੇ ਬੈਠੀ ਅੱਖ
 • ਚੁੱਪ ਬੈਠੀ ਕਵਿਤਾ

ਕਾਵਿ-ਨਾਟਕ

 • ਚਾਣਕ ਅੰਨ੍ਹੇਂ ਹਨ
 • ਹਥੇਲੀ ਉੱਤੇ ਉੱਗਿਆ ਸ਼ਹਿਰ
 • ਦਾੜ੍ਹੀ ਵਾਲਾ ਘੋੜਾ
 • ਉਰਫ ਉੰਨੀ ਸੌ ਨੜ੍ਹਿਨਵੇਂ
 • ਲੰਙੜਾ ਆਸਮਾਨ
 • ਸੂਤਰਧਾਰ ਬੋਲਦਾ ਹੈ
 • ਹੀਜੜੇ
 • ਕਲੰਕੀ ਅਵਤਾਰ
 • ਨਾਟਕ ਵਿੱਚਲਾ ਸ਼ੈਤਾਨ
 • ਇਕ ਛਾਤੀ ਵਾਲੀ ਔਰਤ
 • ਊਠਾਂ ਵਰਗੇ ਆਦਮੀਂ

ਮਹਾਂ ਨਾਟਕ

 • ਘਰ 'ਚ ਬਘਿਆੜ
 • ਦਸਤਾਨਿਆਂ ਵਰਗੇ ਹੱਥ
 • ਮੰਟੋ ਮਰਿਆ ਨਹੀਂ

ਮਹਾਂ ਕਾਵਿ

 • ਧਰਤੀਨਾਮਾਂ
 • ਸੂਰਜਨਾਮਾਂ

ਕਵਿਤਾ 'ਚ ਕਾਵਿ-ਸ਼ਾਸਤਰ

 • ਬੀਜ ਤੋਂ ਬਰਹਿਮੰਡ

ਕਾਵਿ ਰੇਖਾ ਚਿਤਰ

 • ਸਰਾਪੇ ਸਮਿਆਂ ਦੇ ਪੈਗ਼ੰਬਰ

ਨਾਵਲ

 • ਅਗਿਆਤ ਵਾਸੀ
 • ਮਰਦ ਵਿੱਚਲੀ ਔਰਤ
 • ਸ਼ੀਸੇ ਤੇ ਚਿਹਰੇ
 • ਦੋ ਪੱਤਣਾਂ ਦੇ ਤਾਰੂ
 • ਸ਼ੀਸ਼ੇ ਵਿੱਚਲਾ ਪ੍ਰੋਮੀਥੀਅਸ

ਆਲੋਚਨਾਂ ਤੇ ਸਾਹਿਤ ਇਤਿਹਾਸ

 • ਪ੍ਰਯੋਗਵਾਦ ਤੇ ਉਸ ਤੋਂ ਅਗਾਂਹ

ਅੰਗਰੇਜ਼ੀ 'ਚ ਮਹਾਂ ਨਾਵਲ

 • Black Mantra Sutra

ਅੰਗਰੇਜ਼ੀ 'ਚ ਕਾਵਿ-ਸੰਗ੍ਰਹਿ

 • The Rebel Sound
 • Horses and Heroes
 • Scrap Gods
 • Woman on the Cross

ਹਵਾਲੇ[ਸੋਧੋ]

 1. Encyclopaedia of Indian Literature (Vol. 1), ed. Amaresh Dhatta (Sahitya Akademi: 2006), p. 110
 2. Encyclopaedia of Indian Literature (Vol. 1), ed. Amaresh Dhatta (Sahitya Akademi: 2006), p. 109.
 3. ਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਨਹੀਂ ਰਿਹਾ