ਅਜਮੇਰ ਸਿੰਘ ਔਲਖ
ਅਜਮੇਰ ਸਿੰਘ ਔਲਖ | |
|---|---|
ਅਜਮੇਰ ਸਿੰਘ ਔਲਖ | |
| ਜਨਮ | 19 ਅਗਸਤ 1942 ਕੁੰਭੜਵਾਲ, ਸੰਗਰੂਰ ਜ਼ਿਲ੍ਹਾ, ਪੰਜਾਬ |
| ਮੌਤ | 15 ਜੂਨ 2017 (ਉਮਰ 74) ਮਾਨਸਾ, ਪੰਜਾਬ, ਭਾਰਤ |
| ਰਾਸ਼ਟਰੀਅਤਾ | ਭਾਰਤੀ |
| ਸ਼ੈਲੀ | ਨਾਟਕ |
| ਜੀਵਨ ਸਾਥੀ | ਮਨਜੀਤ ਔਲਖ |
ਅਜਮੇਰ ਸਿੰਘ ਔਲਖ (19 ਅਗਸਤ 1942 –15 ਜੂਨ 2017) ਮਾਨਸਾ ਜ਼ਿਲ੍ਹੇ, ਪੰਜਾਬ ਦਾ ਇੱਕ ਪ੍ਰਸਿੱਧ ਪੰਜਾਬੀ ਨਾਟਕਕਾਰ ਸੀ।[1] ਉਸਦਾ ਜਨਮ 1942 ਵਿੱਚ ਕੁੰਭੜਵਾਲ, ਸੰਗਰੂਰ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਹੋਇਆ ਸੀ। ਪਰ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਉਹਨਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਵਿੱਚ ਬਤੀਤ ਕੀਤਾ।
ਜੀਵਨ
[ਸੋਧੋ]ਅਜਮੇਰ ਸਿੰਘ ਔਲਖ ਦਾ ਜਨਮ 19 ਅਗਸਤ 1942 ਨੂੰ ਕੁੰਭੜਵਾਲ, ਸੰਗਰੂਰ ਜ਼ਿਲ੍ਹਾ, ਭਾਰਤ, ਪੰਜਾਬ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਸ੍ਰ. ਕੌਰ ਸਿੰਘ ਅਤੇ ਮਾਤਾ ਦਾ ਨਾਮ ਸ੍ਰੀਮਤੀ ਹਰਨਾਮ ਕੌਰ ਸੀ। ਉਹਨਾਂ ਐੱਮ.ਏ. ਪੰਜਾਬੀ ਕੀਤੀ ਅਤੇ ਵਿਦਿਆਰਥੀਆਂ ਨੂੰ ਇੱਕ ਆਦਰਸ਼ ਅਧਿਆਪਕ ਵਜੋਂ ਸਿੱਖਿਅਤ ਕਰਨ ਦੇ ਨਾਲ-ਨਾਲ ਸਾਹਿਤ ਰਾਹੀਂ ਸਮਾਜਿਕ ਸਰੋਕਾਰਾਂ ਨਾਲ ਜੋੜਦਿਆਂ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿੱਚੋਂ ਸੇਵਾਮੁਕਤ ਹੋਏ। ਪਿਛਲੇ ਸਾਲਾਂ ਵਿੱਚ ਪ੍ਰੋ. ਔਲਖ ਸਾਹਿਬ ਨੂੰ ਕੈਂਸਰ ਦੀ ਬੀਮਾਰੀ ਹੋ ਗਈ ਸੀ। ਪਰ ਲੋਕਾਂ ਦੀਆਂ ਸ਼ੁਭਕਾਮਨਾਵਾਂ ਅਤੇ ਉਹਨਾਂ ਦੀ ਜ਼ਿੰਦਾਦਿਲੀ ਅੱਗੇ ਇੱਕ ਵਾਰ ਇਹ ਬੀਮਾਰੀ ਵੀ ਹਾਰ ਗਈ ਸੀ। ਪਰ ਉਹ 15 ਜੂਨ 2017 ਨੂੰ ਇਸ ਬਿਮਾਰੀ ਕਾਰਨ ਹੀ ਇਸ ਜਹਾਨ ਤੋਂ ਚਲੇ ਗਏ।[2] ਉਹ ਜਮਹੂਰੀ ਸਭਾ ਪੰਜਾਬ ਦੇ ਪ੍ਰਧਾਨ, ਦੇਸ਼ ਭਗਤ ਯਾਦਗਾਰ ਕਮੇਟੀ, ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਕੇਂਦਰੀ ਲੇਖਕ ਸਭਾ ਦੇ ਸਰਗਰਮ ਮੈਂਬਰ ਸਨ। ਉਹ ਉਮਰ ਦੇ ਅੱਠਵੇਂ ਦਹਾਕੇ ਵਿੱਚ ਵੀ ਦੁਨੀਆ ਭਰ ਵਿੱਚ ਜਾ ਕੇ ਨਾਟਕ ਖੇਡ ਰਹੇ ਸਨ ਅਤੇ ਨਵੀਂ ਪੀੜ੍ਹੀ ਨੂੰ ਪੁਸਤਕ ਮੇਲਿਆਂ ਰਾਹੀਂ ਸਾਹਿਤ ਨਾਲ ਜੋੜ ਰਹੇ ਸਨ। ਉਹਨਾਂ ਦਾ ਸੁਪਨਾ ਅਤੇ ਮਿਸ਼ਨ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨਾ ਸੀ। ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਗੱਲ ਉੱਤੇ ਪੰਜਾਬੀ ਜਗਤ ਮਾਣ ਮਹਿਸੂਸ ਕਰ ਰਿਹਾ ਹੈ। ਸੇਵਾ-ਮੁਕਤ ਪੰਜਾਬੀ ਲੈਕਚਰਾਰ ਬਾਅਦ ਵਿੱਚ ਕੁਲਵਕਤੀ ਤੌਰ 'ਤੇ ਰੰਗਮੰਚ ਕਾਮਾ। ਪੰਜਾਬ ਵਿਧਾਨ ਸਭਾ ਵਿੱਚ ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।[3]
ਸ਼ਖਸੀਅਤ
[ਸੋਧੋ]ਅਜਮੇਰ ਸਿੰਘ ਔਲਖ ਦੀ ਸ਼ਖਸੀਅਤ ਦੀ ਇਹ ਖਾਸੀਅਤ ਸੀ, ਕਿ ਉਹ ਵਿਸ਼ੇਸ਼ ਹੁੰਦੇ ਹੋਏ ਵੀ ਸਾਧਾਰਨ ਬਣੇ ਰਹਿੰਦੇ ਸਨ। ਆਪ ਕਦੇ ਮਾਣ ਨਹੀਂ ਸਨ ਕਰਦੇ, ਪਰ ਦੂਜਿਆਂ ਦਾ ਮਾਣ ਹਮੇਸ਼ਾ ਵਧਾ ਦਿੰਦੇ।[4]
ਨਾਟ ਜੁਗਤਾਂ ਅਤੇ ਸਰੋਕਾਰ
[ਸੋਧੋ]ਜਿਸ ਨਾਟਕ ਲਈ ਅਜਮੇਰ ਔਲਖ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਉਹ ਨਾਟਕ ਵਿਸ਼ੇਸ਼ ਜ਼ਿਕਰ ਦੀ ਮੰਗ ਕਰਦਾ ਹੈ। ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ’' ਨਾਟਕ ਧਾਰਮਿਕ ਸੰਕੀਰਣਤਾ ਅਤੇ ਕੱਟੜਪੰਥੀ ਦੇ ਪ੍ਰਭਾਵ ਅਧੀਨ ਉੱਪਰੋਂ ਦਿਸਦੇ ਅਤਿ-ਧਾਰਮਿਕ ਬੰਦਿਆਂ ਅੰਦਰਲਾ ਕੱਚ ਦਿਖਾਉਂਦਾ ਹੈ।[5] ਆਰਥਿਕ ਖੇਤਰ ਤੋਂ ਲੈ ਕੇ ਸਮਾਜਿਕ ਖੇਤਰ ਵਿੱਚ ਪਸਰੇ ਸੰਕਟ ਦਾ ਸੰਤਾਪ ਅਜਮੇਰ ਔਲਖ ਦੇ ਨਾਟਕਾਂ ਵਿੱਚੋਂ ਸਪਸ਼ਟ ਉੱਘੜਦਾ ਹੈ। ਉਹਨਾਂ ਆਪਣੇ ਮਕਬੂਲ ਨਾਟਕ 'ਬੇਗਾਨੇ ਬੋਹੜ ਦੀ ਛਾਂ' ਵਿੱਚ ਬੋਹੜ ਨੂੰ ਅਜਿਹੇ ਆਰਥਿਕ ਸਮਾਜਿਕ ਨਿਜ਼ਾਮ ਦਾ ਚਿੰਨ੍ਹ ਦਰਸਾਇਆ ਹੈ। ਜੋ ਲੋਕ ਵਿਰੋਧੀ ਹੈ ਤੇ ਜਿਸਦੀ ਛਾਂ ਥੱਲੇ ਲੋਕ ਕਦੇ ਵੀ ਸੁੱਖਾਂ ਭਰੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ। ਜ਼ਿੰਦਗੀ ਦੀ ਹਕੀਕਤ ਇਸ ਨਾਟਕ ਵਿੱਚ ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਹੁੰਦੀ ਹੈ। ਜਦ ਇਹ ਸਤਰਾਂ ਗੂੰਜਦੀਆਂ ਹਨ:
ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ
ਮਰ ਜਾਣਗੇ ਢਿੱਡ ਦੀ ਲੋੜ ਥੱਲੇ
ਘੜੀ ਸੁੱਖ ਦੀ ਭਾਲਦੇ ਭਲਾ ਕਿੱਥੋਂ
ਜਿਹੜੇ ਰਹਿਣ ਬੇਗਾਨੜੇ ਬੋਹੜ ਥੱਲੇ
ਔਲਖ ਦੇ ਨਾਟਕਾਂ ਦਾ ਕੇਂਦਰੀ ਸੰਦੇਸ਼ ਹੈ ਕਿ ਸਮਾਜ ਵਿੱਚ ਪਸਰੀਆਂ ਸਮੱਸਿਆਵਾਂ ਦੀ ਜੜ੍ਹ ਮੌਜੂਦਾ ਪੈਸਾ ਪ੍ਰਧਾਨ ਸਮਾਜ ਹੈ। ਜੀਹਦੇ ਵਿੱਚ ਆਮ ਆਦਮੀ ਦੀ ਵੁੱਕਤ ਇੱਕ ਖੋਟੇ ਪੈਸੇ ਤੋਂ ਜ਼ਿਆਦਾ ਨਹੀਂ ਹੈ। (ਤੂੜੀ ਵਾਲਾ ਕੋਠਾ)[6]
ਅਜਮੇਰ ਸਿੰਘ ਔਲਖ ਨੇ ਭਾਵੇਂ ਆਪਣੇ ਨਾਟਕਾਂ ਦਾ ਸਫ਼ਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਤੋਂ ਸ਼ੁਰੂ ਕੀਤਾ, ਪਰ ਬਹੁਤ ਛੇਤੀ ਹੀ ਉਹਨਾਂ ਨੇ ਨਾਟਕ ਨੂੰ ਯੂਨੀਵਰਸਿਟੀ ਤੇ ਕਾਲਜਾਂ ਦੇ ਸੀਮਤ ਦਾਇਰੇ ਵਿੱਚੋਂ ਕੱਢ ਕੇ ਮਿਹਨਤਕਸ਼ ਪੇਂਡੂ ਕਿਰਤੀ ਲੋਕਾਂ ਤੱਕ ਪਹੁੰਚਾਇਆ। ਉਹਨਾਂ ਆਪਣੇ ਰੰਗਮੰਚ ਦੀ ਕਰਮ ਭੂਮੀ ਪਿੰਡਾਂ ਨੂੰ ਬਣਾ ਲਿਆ ਤੇ ਮਜ਼ਦੂਰਾਂ-ਕਿਸਾਨਾਂ ਦੀ ਜ਼ਿੰਦਗੀ ਨੂੰ ਆਪਣੇ ਨਾਟਕਾਂ ਦੇ ਵਿਸ਼ੇ ਵਜੋਂ ਚੁਣ ਲਿਆ। ਉਹ ਅਜਿਹਾ ਤਾਂ ਕਰ ਸਕੇ, ਕਿਉਂਕਿ ਉਹ ਹਮੇਸ਼ਾ 'ਕਲਾ ਲੋਕਾਂ ਲਈ' ਦੇ ਵਿਚਾਰ ਦੇ ਧਾਰਨੀ ਬਣ ਕੇ ਚੱਲੇ ਸਨ। ਕਲਾ ਨੂੰ ਸਮਾਜਿਕ ਤਬਦੀਲੀ ਦੇ ਵੱਡੇ ਉਦੇਸ਼ ਦੀ ਪੂਰਤੀ ਦਾ ਸਾਧਨ ਬਣਾਇਆ। ਉਹਨਾਂ ਹਾਕਮ ਜਮਾਤਾਂ ਦੇ ਅਜਿਹੇ ਵਿਚਾਰਾਂ ਨੂੰ ਰੱਦ ਕੀਤਾ ਕਿ ਕਲਾ ਤਾਂ ਸਿਰਫ਼ ਮਨੋਰੰਜਨ ਦਾ ਸਾਧਨ ਹੁੰਦੀ ਹੈ ਤੇ ਜ਼ਿੰਦਗੀ ਦੇ ਗੰਭੀਰ ਮੁੱਦਿਆਂ ਦਾ ਕਲਾ ਦੇ ਖੇਤਰ ਵਿੱਚ ਕੋਈ ਸਥਾਨ ਨਹੀਂ ਹੁੰਦਾ। ਉਹਨਾਂ ਲਈ ਕਲਾ ਤਾਂ ਕਿਰਤੀਆਂ ਦੇ ਜੀਵਨ ਦੀ ਅਸਲ ਤਸਵੀਰ ਉਘਾੜਨ ਦਾ ਜ਼ਰੀਆ ਹੈ ਤੇ ਇਹਦੇ ਕੋਹਜ ਨੂੰ ਸੰਵਾਰਨ ਦੀ ਤਾਂਘ ਪੈਦਾ ਕਰ ਦੇਣ ਦਾ ਅਹਿਮ ਹਥਿਆਰ ਹੈ। ਆਪਣੇ ਅਜਿਹੇ ਨਿਸ਼ਾਨੇ ਦੀ ਪੂਰਤੀ ਲਈ ਹੀ ਉਹਨਾਂ ਨੇ ਲੋਕ ਮੁਖੀ ਰੰਗਮੰਚ ਦੀ ਸਿਰਜਣਾ ਕੀਤੀ ਹੈ। ਉਹਨਾਂ ਨੇ ਗੁਰਸ਼ਰਨ ਸਿੰਘ ਦੀਆਂ ਰੰਗਮੰਚ ਪਿਰਤਾਂ ਦੇ ਹਮਸਫ਼ਰ ਰਹਿੰਦਿਆਂ, ਅਜਿਹੇ ਢੰਗ ਤਰੀਕੇ ਖੋਜੇ ਤੇ ਸਿਰਜੇ ਹਨ, ਜਿਨ੍ਹਾਂ ਨਾਲ ਸਧਾਰਨ ਕਿਰਤੀ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ। ਏਸੇ ਲੋੜ ਵਿੱਚੋਂ ਹੀ ਉਹਨਾਂ ਨੇ ਉੱਚ ਪੱਧਰੀਆਂ ਪਰ ਮਹਿੰਗੀਆਂ ਤਕਨੀਕਾਂ ਤੇ ਨਾਟ-ਜੁਗਤਾਂ ਨੂੰ ਤਿਆਗਿਆ। ਘੱਟ ਤੋਂ ਘੱਟ ਖਰਚੀਲੇ ਤੇ ਜਨ-ਸਾਧਾਰਨ ਦੀ ਪਹੁੰਚ ਵਾਲੇ ਪੰਜਾਬੀ ਰੰਗਮੰਚ ਦਾ ਮੁਹਾਂਦਰਾਂ ਘੜਨ ਵਿੱਚ ਉਹਨਾਂ ਦਾ ਅਹਿਮ ਰੋਲ ਹੈ। ਉਹਨਾਂ ਨੇ 70ਵਿਆਂ ਦੇ ਦਹਾਕੇ ਵਿੱਚ ਉਦੋਂ ਆਪਣੀ ਪਤਨੀ ਤੇ ਧੀਆਂ ਨੂੰ ਰੰਗਮੰਚ ਕਲਾਕਾਰਾਂ ਵਜੋਂ ਤੋਰਿਆ। ਜਦੋਂ ਔਰਤਾਂ ਦੇ ਸਟੇਜਾਂ 'ਤੇ ਆਉਣ ਨੂੰ ਆਮ ਪੇਂਡੂ ਲੋਕਾਂ ਦੀਆਂ ਨਜ਼ਰਾਂ ਵਿੱਚ ਮਾਣ-ਇੱਜ਼ਤ ਵਾਲਾ ਕੰਮ ਨਹੀਂ ਸੀ ਗਿਣਿਆ ਜਾਂਦਾ। ਇਉਂ ਉਹ ਗੁਰਸ਼ਰਨ ਸਿੰਘ ਦੀ 'ਥੜਾ-ਥੀਏਟਰ' ਦੀ ਰਵਾਇਤ ਦੇ ਵਾਰਿਸ ਵੀ ਸਨ।
ਉਸਨੇ ਆਪਣੇ ਨਾਟਕਾਂ ਵਿੱਚ ਗਰੀਬ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ ਤੇ ਮਜ਼ਲੂਮ ਜਾਤਾਂ ਦੇ ਸੰਤਾਪ ਨੂੰ ਚਿਤਰਿਆ ਹੈ। ਉਹਨਾਂ ਦੇ ਦੁੱਖ ਤਕਲੀਫ਼ਾਂ, ਅਧੂਰੀਆਂ ਖਾਹਿਸ਼ਾਂ-ਉਮੰਗਾਂ ਨੂੰ ਦਿਖਾਇਆ ਹੈ, ਇਹਨਾਂ ਦੇ ਦਮ ਤੋੜਨ ਦਾ ਹਾਲ ਪ੍ਰਗਟਾਇਆ ਹੈ। ਇਹ ਤਸਵੀਰ ਦਰਸ਼ਕ ਨੂੰ ਹਲੂਣਦੀ ਹੈ ਤੇ ਕੁੱਝ ਚੰਗਾ ਕਰਨ ਲਈ ਪ੍ਰੇਰਦੀ ਹੈ। ਉਹਦੇ ਨਾਟਕਾਂ ਵਿੱਚ ਮਿਹਨਤਕਸ਼ ਲੋਕਾਂ ਦੀ ਸਿਰਫ਼ ਦੁੱਖ ਦਰਦ ਦੀ ਸੰਤਾਪੀ ਜ਼ਿੰਦਗੀ ਹੀ ਨਹੀਂ ਦਿਖਦੀ, ਸਗੋਂ ਇਹਦੇ ਵਿੱਚੋਂ ਪੈਦਾ ਹੁੰਦਾ ਗੁੱਸਾ ਤੇ ਰੋਹ ਵੀ ਝਲਕਦਾ ਹੈ। ਇਹਨਾਂ ਸਥਿਤੀਆਂ ਵਿੱਚੋਂ ਜਨਮ ਲੈਂਦੀ ਸੰਘਰਸ਼ ਚੇਤਨਾ ਦੇ ਝਲਕਾਰਿਆਂ ਨਾਲ ਜ਼ਿੰਦਗੀ ਦੇ ਹੋਰ ਸੋਹਣੀ ਹੋ ਸਕਣ ਦੀ ਆਸ ਵੀ ਬੰਨਾਉਂਦਾ ਹੈ। ਉਹਦੀ ਸਮੁੱਚੀ ਨਾਟ ਰਚਨਾ ਵਿੱਚ ਕਿਰਤ ਦੀ ਵਡਿਆਈ ਤੇ ਉਹਦੀ ਰਾਖੀ ਦਾ ਸੁਨੇਹਾ ਰਚਿਆ ਹੋਇਆ ਹੈ।
ਅਜਮੇਰ ਸਿੰਘ ਔਲਖ ਨੇ ਪ੍ਰਚਲਿਤ ਸਮਾਜਿਕ ਧਾਰਨਾਵਾਂ ਦੇ ਪਿੱਛੇ ਛੁਪੀ ਕਰੂਰ ਹਕੀਕਤ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਉਘਾੜਿਆ ਹੈ। ਆਦਮੀ ਦਾ ਅਣਵਿਆਹਿਆ ਰਹਿ ਜਾਣਾ ਔਲਖ ਲਈ ਮਜ਼ਾਕ ਦਾ ਮੁੱਦਾ ਨਹੀਂ, ਸਗੋਂ ਗੁਜ਼ਾਰੇ ਦੇ ਸਾਧਨਾਂ ਦੀ ਤੋਟ ਵਿੱਚੋਂ ਉਪਜੀ ਗ਼ਰੀਬ ਆਦਮੀ ਦੀ ਤ੍ਰਾਸਦੀ ਹੈ। ਗਰੀਬ ਕਿਸਾਨੀ ਵਿੱਚ ਅਣਵਿਆਹੇ ਆਦਮੀਆਂ ਦੀ ਤ੍ਰਾਸਦੀ ਤੇ ਉਸੇ ਘਰ ਦੀਆਂ ਔਰਤਾਂ ਦੇ ਜੀਵਨ ਹਾਲਤਾਂ ਨੂੰ ਔਲਖ ਨੇ ਇਉਂ ਪੇਸ਼ ਕੀਤਾ ਹੈ ਕਿ ਸਧਾਰਨ ਦਿਖਦੇ ਅਜਿਹੇ ਸਮਾਜਿਕ ਵਰਤਾਰੇ ਰੜਕਣ ਲੱਗ ਜਾਂਦੇ ਹਨ। ਉਹਦੇ ਨਾਟਕ ਅਜਿਹੇ ਸੰਸਕਾਰਾਂ ਤੇ ਸੋਚਾਂ ਦੇ ਅਸਰਾਂ ਨੂੰ ਖੋਰਨ ਵਿੱਚ ਸਹਾਈ ਹੁੰਦੇ ਹਨ। ਜਿਹੜੀਆਂ ਸੋਚਾਂ ਮੌਜੂਦਾ ਲੁਟੇਰੇ ਸਮਾਜਿਕ ਨਿਜ਼ਾਮ ਨੂੰ ਤਾਕਤ ਬਖਸ਼ਦੀਆਂ ਹਨ ਤੇ ਇਹਦੀ ਇਨਕਲਾਬੀ ਤਬਦੀਲੀ ਲਈ ਸੰਘਰਸ਼ ਕਰਦੇ ਲੋਕਾਂ ਦੀ ਤਿਆਰੀ ਨੂੰ ਨਾਂਹ-ਪੱਖੀ ਰੁਖ਼ ਪ੍ਰਭਾਵਿਤ ਕਰਦੀਆਂ ਹਨ। ਸਮਾਜਿਕ ਵਿਕਾਸ ਵਿੱਚ ਅੜਿੱਕਾ ਬਣਦੀ ਜਗੀਰੂ ਚੌਧਰ, ਮਰਦਾਵਾਂ ਸਮਾਜਿਕ ਦਾਬਾ ਤੇ ਜਾਤਪਾਤੀ ਸਮਾਜਕ ਦਾਬਾ ਵਿਤਕਰਾ ਉਸਦੀ ਕਲਾ ਦਾ ਵਿਸ਼ੇਸ਼ ਚੋਟ-ਨਿਸ਼ਾਨਾ ਹਨ। ਉਸਦੀ ਕਲਾ ਦਾ ਝੰਜੋੜਾ ਪਿਛਾਂਹ-ਖਿੱਚੂ ਸੋਚਾਂ ਸੰਸਕਾਰਾਂ ਨੂੰ ਤਿਆਗਣ ਤੇ ਨਵਾਂ ਸਮਾਜ ਬਣਾਉਣ ਦਾ ਇਨਕਲਾਬੀ ਉੱਦਮ ਜੁਟਾਉਣ ਲਈ ਪ੍ਰੇਰਦਾ ਹੈ। ਅਖੌਤੀ ਨੀਵੀਆਂ ਜਾਤਾਂ ਲਈ ਉਹਦੇ ਨਾਟਕਾਂ ਵਿੱਚ ਤਰਸ ਦੀ ਭਾਵਨਾ ਦੀ ਥਾਂ ਮਾਣ ਨਾਲ ਸਿਰ ਉੁੱਚਾ ਕਰਕੇ ਜਿਉਣ ਦੀ ਅਧਿਕਾਰ ਜਤਾਈ ਝਲਕਦੀ ਹੈ।
ਅਜਮੇਰ ਔਲਖ ਦਾ ਨਾਟਕ ਤੇ ਰੰਗਮੰਚ ਲੋਕ ਲਹਿਰ ਦੇ ਨਾਲ ਨਾਲ ਤੁਰਿਆ ਹੈ। 80 ਵਿਆਂ ਦੇ ਸ਼ੁਰੂ ਵਿੱਚ ਲਿਖੇ ਉਸਦੇ ਨਾਟਕਾਂ ਵਿੱਚ ਆੜਤੀਆਂ ਸ਼ਾਹੂਕਾਰਾਂ ਦੀ ਲੁੱਟ ਦੀ ਸਤਾਈ ਗਰੀਬ ਕਿਸਾਨੀ ਤੇ ਖੇਤ-ਮਜ਼ਦੂਰਾਂ ਵਿੱਚ ਉਬਾਲੇ ਮਾਰਦੇ ਗੁੱਸੇ ਦੀ ਤਸਵੀਰ ਹੈ। ਇਸ ਗੁੱਸੇ ਦੇ ਗ਼ਲਤ ਲੀਹ ਤੇ ਚੜ ਜਾਣ ਤਾ ਤੌਖ਼ਲਾ ਵੀ ਹੈ ਤੇ ਸਹੀ ਲੀਹ ਤੇ ਤੋਰਨ ਲਈ ਵੱਡੇ ਸਾਂਝੇ ਦੁਸ਼ਮਣ ਖਿਲਾਫ਼ ਸੰਘਰਸ਼ਾਂ ਦੀ ਧਾਰ ਸੇਧਤ ਕਰਨ ਦੀ ਦਿਸ਼ਾ ਵੀ ਹੈ। ਮੌਜੂਦਾ ਨਿੱਜੀਕਰਨ ਸੰਸਾਰੀਕਰਨ ਦੇ ਹੱਲੇ ਦੇ ਦੌਰ ਵਿੱਚ ਉਸਨੇ ਜ਼ਮੀਨੀ ਘੋਲ ਨੂੰ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਇਆ ਹੈ। ਔਲਖ ਨੇ ਗੋਬਿੰਦਪੁਰੇ ਵਿੱਚ ਚੱਲੇ ਘੋਲ ਨਾਲ ਬਹੁਤ ਗਹਿਰਾ ਸਰੋਕਾਰ ਦਿਖਾਉਂਦਿਆਂ ਨਾਟਕ 'ਐਇੰ ਨੀਂ ਹੁਣ ਸਰਨਾ' ਲਿਖ ਕੇ, ਹਕੂਮਤੀ ਤੇ ਕਾਰਪੋਰੇਟ ਲਾਣੇ ਦੀਆਂ ਲੋਟੂ ਵਿਉਂਤਾਂ ਦਾ ਪਾਜ ਉਘੇੜਦਿਆਂ, ਕਿਸਾਨੀ ਸੰਘਰਸ਼ ਦੀ ਲੋੜ ਨੂੰ ਉਭਾਰਿਆ ਹੈ। 'ਸਰਮਾਏਦਾਰਾਂ ਨੂੰ ਚਿੱਤ ਕਰਨ ਲਈ' ਹਰ ਹਥਿਆਰ ਵਰਤਣ ਦਾ ਸੰਦੇਸ਼ ਦਿੱਤਾ ਹੈ। ਖਾਲਿਸਤਾਨੀ ਦਹਿਸ਼ਤ-ਗਰਦੀ ਦੇ ਦੌਰ ਵਿੱਚ ਔਲਖ ਆਪਣੇ ਨਾਟਕ 'ਅੰਨੇ ਨਿਸ਼ਾਨਚੀ' ਰਾਹੀਂ ਫ਼ਿਰਕੂ ਸਿਆਸਤ ਦਾ ਪਾਜ ਉਘੇੜਦਿਆਂ, ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦਾ ਰਿਹਾ ਹੈ। ਲੋਕ ਮਨਾਂ 'ਤੇ ਪੱਸਰੀ ਅੰਧ-ਵਿਸ਼ਵਾਸਾਂ ਦੀ ਧੁੰਦ ਨੂੰ ਦੂਰ ਕਰਨ ਲਈ ਤਰਕਸ਼ੀਲ ਲਹਿਰ ਦੀ ਮਹੱਤਤਾ ਨੂੰ ਉਭਾਰਦਾ ਨਾਟਕ ''ਚਾਨਣ ਦੇ ਵਣਜਾਰੇ'' ਲਿਖਿਆ ਤੇ ਖੇਡਿਆ ਹੈ। ਗਦਰ ਸ਼ਤਾਬਦੀ ਮੌਕੇ ਗਦਰ ਲਹਿਰ ਦੀ ਵਿਰਾਂਗਣ ਗੁਲਾਬ ਕੌਰ ਦੀ ਕਰਨੀ ਰਾਹੀਂ ਲਹਿਰ ਦੀ ਦੇਣ ਦਰਸਾਉਂਦਾ ਨਾਟਕ ''ਤੂੰ ਚਰਖਾ ਘੁਕਦਾ ਰੱਖ ਜਿੰਦੇ'' ਲੋਕਾਂ ਨੂੰ ਦਿੱਤਾ ਹੈ।
ਏਨੀ ਬਰੀਕੀ ਵਿੱਚ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਚਿਤਰ ਸਕਣ ਵਿੱਚ ਉਹਦੀ ਇਨਕਲਾਬੀ ਦ੍ਰਿਸ਼ਟੀ ਦੇ ਨਾਲ ਨਾਲ ਉਹਦਾ ਆਪਣਾ ਪੇਂਡੂ ਕਿਸਾਨੀ ਜੀਵਨ ਦਾ ਸਿੱਧਾ ਅਨੁਭਵ ਵੀ ਹੈ। ਇੱਕ ਗ਼ਰੀਬ ਕਿਸਾਨ ਮੁਜਾਰੇ ਪਰਿਵਾਰ ਵਿੱਚ ਜਨਮੇ ਅਜਮੇਰ ਔਲਖ ਨੇ ਗਰੀਬ ਕਿਸਾਨੀ ਦੀਆਂ ਮੁਸ਼ਕਿਲਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ, ਜਗੀਰਦਾਰਾਂ ਦੇ ਜਬਰ ਦਾ ਸੇਕ ਝੱਲਿਆ ਹੈ। ਥੁੜ-ਜ਼ਮੀਨੇ ਕਿਸਾਨ ਪਰਿਵਾਰ ਦੀਆਂ ਤੋਟਾਂ ਭਰੀ ਜ਼ਿੰਦਗੀ ਵਿੱਚ ਬਚਪਨ ਗੁਜ਼ਾਰਿਆ ਹੈ। ਨਿੱਕੇ ਹੁੰਦਿਆਂ ਔਲਖ ਵੱਲੋਂ ਆਪਣੀ ਮਾਂ ਤੋਂ ਮੱਕੀ ਦੀ ਛੱਲੀ ਮੰਗਣ ਤੇ ਮਾਂ ਵੱਲੋਂ ਖੇਤੋਂ ਛੱਲੀ ਲਿਆਉਣ ਮੌਕੇ ਜਗੀਰਦਾਰਾਂ ਦੇ ਗੁੰਡਿਆਂ ਵੱਲੋਂ ਪੰਡ ਦੀ ਤਲਾਸ਼ੀ ਲੈਣ ਤੇ ਮਾਂ ਵੱਲੋਂ ਗੁੱਸੇ ਵਿੱਚ ਛੱਲੀ ਵਗਾ ਮਾਰਨ ਦੀ ਘਟਨਾ ਉਹਦੇ ਚੇਤਿਆਂ ਵਿੱਚ ਡੂੰਘੀ ਤਰ੍ਹਾਂ ਉੱਕਰੀ ਪਈ ਹੈ। ਇਉਂ ਹੀ ਮਗਰੋਂ ਚੜਦੀ ਜਵਾਨੀ ਵੇਲੇ ਜਗੀਰਦਾਰ ਵੱਲੋਂ ਉਹਦੀ ਪਿੱਠ 'ਤੇ ਮਾਰੇ ਠੁੱਡੇ ਦੀ ਪੀੜ ਅਜਮੇਰ ਔਲਖ ਨੂੰ ਅਜੇ ਵੀ ਮਹਿਸੂਸ ਹੁੰਦੀ ਹੈ। ਉਹਨੇ ਕਿਸਾਨਾਂ ਦੀ ਲੁੱਟ ਦਾ ਸੰਤਾਪਦੇਖਿਆ ਤੇ ਖੇਤਾਂ ਦੀ ਰਾਖੀ ਲਈ ਉੱਠਦੇ ਕਿਸਾਨ ਉਭਾਰ ਦੇ ਦਿਨਾਂ ਵਿੱਚ ਹੀ ਪਲ਼ ਕੇ ਵੱਡਾ ਹੋਇਆ। ਉਹਦੇ ਮਨ ਵਿੱਚ ਪੈਪਸੂ ਦੀ ਜੁਝਾਰ ਮੁਜਾਰਾ ਲਹਿਰ ਦੀ ਚੜ੍ਹਤ ਦੇ ਦਿਨਾਂ ਦੀਆਂ ਯਾਦਾਂ ਸਾਂਭੀਆਂ ਪਈਆਂ ਹਨ। ਬਚਪਨ ਵਿੱਚ ਕਿਸਾਨ ਸੰਘਰਸ਼ਾਂ ਦੀਆਂ ਸਟੇਜਾਂ ਤੋਂ ਆਪਣੇ ਰਚੇ ਗੀਤ ਗਾਉਂਦਿਆਂ, ਉਹਨੇ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਇਉਂ ਉਹ ਕਿਸਾਨ ਸੰਘਰਸ਼ਾਂ ਦੀ ਗੁੜਤੀ ਲੈ ਕੇ ਸਾਹਿਤਕ ਪਿੜ ਵਿੱਚ ਆਇਆ। ਉੱਘੇ ਕਿਸਾਨ ਆਗੂ ਧਰਮ ਸਿੰਘ ਫੱਕਰ ਵੱਲੋਂ ਉਹਦੇ ਗੀਤ ਬਦਲੇ ਦਿੱਤੀ ਹੱਲਾਸ਼ੇਰੀ ਤੇ ਇੱਕ ਰੁਪਏ ਦਾ ਇਨਾਮ ਅੱਜ ਵੀ ਅਜਮੇਰ ਔਲਖ ਨੂੰ ਕਿਸਾਨ ਮਜ਼ਦੂਰ ਹਿਤਾਂ ਲਈ ਕਲਮ ਚਲਾਉਣ ਤੇ ਨਾਟਕ ਖੇਡਣ ਦੀ ਪ੍ਰੇਰਨਾ ਦਿੰਦਾ ਹੈ।
ਅਜਮੇਰ ਸਿੰਘ ਔਲਖ ਨੇ ਪ੍ਰਗਤੀਵਾਦੀ ਨਾਟਕਾਂ ਨੂੰ ਖਰਚੀਲੀ ਮੰਚ-ਸੱਜਾ ਦੇ ਬੰਧਨਾਂ ਵਿੱਚ ਨਹੀਂ ਬੰਨ੍ਹਿਆ। ਉਸ ਨੇ ਇਸ ਦਾ ਘੇਰਾ ਵਿਸ਼ਾਲ ਕੀਤਾ ਅਤੇ ਇਸ ਨੂੰ ਸਾਦ-ਮੁਰਾਦੇ ਅੰਦਾਜ਼ ਵਿੱਚ ਪਿੰਡਾਂ ਦੇ ਗਲੀ-ਮੁਹੱਲਿਆਂ ਵਿੱਚ ਲਿਆ ਖੜ੍ਹਾ ਕੀਤਾ। ਅਜਿਹਾ ਕਰਕੇ ਉਸ ਨੇ ਆਪਣੇ ਨਾਟਕਾਂ ਵਿਚਲੇ ਕਰਮਯੋਗੀ ਅਭਿਨੈ ਨੂੰ ਸਾਖਸ਼ਾਤ ਉਹਨਾਂ ਲੋਕਾਂ ਸਾਹਵੇਂ ਪੇਸ਼ ਕੀਤਾ, ਜਿਹਨਾਂ ਵਿੱਚੋਂ ਉਸ ਨੇ ਨਾਟਕਾਂ ਦੇ ਵਿਸ਼ੇ ਲਏ ਅਤੇ ਪਾਤਰਾਂ ਦੇ ਕਾਫ਼ਲੇ ਤੋਰੇ।[7]
ਆਖਿਰੀ ਇੱਛਾ
[ਸੋਧੋ]ਉਹਨਾਂ ਦੀ ਇਹ ਵੀ ਖਾਹਸ਼ ਸੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦਾ ਪਰਿਵਾਰ ਉਹਨਾਂ ਦੀ ਯੁਗ ਪਲਟਾਊ ਸੋਚ ’ਤੇ ਡੱਟ ਕੇ ਪਹਿਰਾ ਦੇਵੇ।[8]
ਪ੍ਰੋ. ਅਜਮੇਰ ਸਿੰਘ ਔਲਖ ਨੇ 29 ਨਵੰਬਰ 2013 ਨੂੰ ਆਪਣੀ ਅੰਤਿਮ ਇੱਛਾ ਲਿਖ ਕੇ ਰੱਖੀ ਸੀ। ਉਹਨਾਂ ਲਿਖਿਆ ਕਿ ਚਿਤਾ ਨੂੰ ਅਗਨੀ ਵਿਖਾਉਣ ਦੀ ਰਸਮ ਪਹਿਲਾਂ ਉਹਨਾਂ ਦੀਆਂ ਧੀਆਂ, ਜੋ ਉਸ ਸਮੇਂ ਹਾਜ਼ਰ ਹੋਣ, ਕਰਨ। ਭੋਗ ਆਦਿ ਦੀ ਕੋਈ ਧਾਰਮਿਕ ਰਸਮ ਨਹੀਂ ਹੋਣੀ ਚਾਹੀਦੀ, ਸਿਰਫ਼ ਸਰਧਾਂਜਲੀ ਸਮਾਗਮ ਰੱਖਿਆ ਜਾਵੇ ਤੇ ਕੋਈ ਸਿਆਸੀ ਬੁਲਾਰਾ ਨਾ ਸੱਦਿਆ ਜਾਵੇ। ਸਮਾਗਮ ਬੇਲੋੜਾ ਤੇ ਲੰਬਾ ਵੀ ਨਾ ਹੋਵੇ।[9]
ਸੰਘਰਸ਼ ਦੀ ਦਾਸਤਾਨ
[ਸੋਧੋ]ਲੇਖਕ ਗੁਰਬਚਨ ਸਿੰਘ ਭੁੱਲਰ ਲਿਖਦੇ ਹਨ ਕਿ ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿੱਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ ਦੇ ਝੰਬੇ ਹੋਏ ਸਰੀਰ ਦੀ ਪੀੜ ਹਰਨ ਵਾਸਤੇ ਆਪਣੇ ਅਡੋਲ ਹੌਸਲੇ ਨਾਲ ਹਸਪਤਾਲੀ ਕਮਰਿਆਂ ਵਿੱਚ ਲੜਿਆ। ਜਦੋਂ ਵੀ, ਜਿਥੇ ਵੀ ਮਜ਼ਦੂਰਾਂ-ਕਿਸਾਨਾਂ ਦੇ ਹੱਕਾਂ ਵਾਸਤੇ, ਲੋਕਾਂ ਦੇ ਜਮਹੂਰੀ ਅਧਿਕਾਰਾਂ ਵਾਸਤੇ, ਪੰਜਾਬੀ ਦੇ ਬੋਲਬਾਲੇ ਤੇ ਲੇਖਕਾਂ ਦੇ ਹੱਕੀ ਸਥਾਨ ਵਾਸਤੇ ਆਵਾ’’ ਬੁਲੰਦ ਹੁੰਦੀ ਸੀ, ਉਹ ਅਗਲੀ ਕਤਾਰ ਵਿੱਚ ਖਲੋਤਾ ਦਿਸਦਾ ਸੀ। ਲੋਕ-ਹਿਤ ਦਾ ਮੋਰਚਾ ਕੋਈ ਵੀ ਭਖਦਾ, ਉਹਦੀ ਵਫ਼ਾਦਾਰੀ ਅਡੋਲ ਹੁੰਦੀ। ਨਾਟ-ਖੇਤਰ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਵਾਂਗ ਅਜਮੇਰ ਵੀ ਅਜਿਹੇ ਯੋਧੇ ਦੀ ਮਿਸਾਲ ਹੈ। ਜਿਹਨਾਂ ਦੀ ਜਾਨ ਆਪਣੀ ਦੇਹ ਵਿੱਚ ਨਹੀਂ, ਜਨਤਾ ਵਿੱਚ ਹੁੰਦੀ ਹੈ। ਦੇਹ ਤਾਂ ਆਉਣੀ-ਜਾਣੀ ਹੈ, ਪਰ ਜਨਤਾ ਅਮਰ ਹੈ। ਜਿਸ ਕਾਰਨ ਜਨਤਾ ਵਿੱਚ ਸਾਹ ਲੈਂਦੇ ਤੇ ਜਨਤਾ ਵਿੱਚ ਜਿਉਂਦੇ ਅਜਿਹੇ ਬੰਦੇ ਵੀ ਅਮਰ ਰਹਿੰਦੇ ਹਨ।[10] ਔਲਖ ਆਪਣੀ ਬਿਮਾਰੀ ਵੱਲੋਂ ਬੇਪਰਵਾਹ ਸੀ, ਉਸ ਨੂੰ ਤਾਂ ਹਰ ਵੇਲੇ ਦੱਬੇ-ਕੁਚਲੇ ਲੋਕਾਂ ਦੇ ਚੰਗੇ ਭਵਿੱਖ ਦੀ ਹੀ ਪਰਵਾਹ ਸੀ। ਦਵਾਈਆਂ ਦੇਣ ਦੀ ਪਰਵਾਹ ਪਤਨੀ ਨੂੰ ਹੀ ਕਰਨੀ ਪੈਂਦੀ ਸੀ। ਉਹ ਅਕਸਰ ਕਹਿੰਦਾ ਸੀ, ਬਿਮਾਰੀ-ਬਮੂਰੀ ਦਾ ਮੈਨੂੰ ਆਪ ਨੀ ਪਤਾ, ਮਨਜੀਤ ਨੂੰ ਪੁੱਛ ਲਓ। ਕੈਂਸਰ ਦਾ ਪਤਾ 2008 ਵਿੱਚ ਲੱਗਾ ਸੀ, ਕੀ ਪਤਾ ਜੜ੍ਹ ਕਦੋਂ ਦੀ ਲੱਗੀ ਹੋਵੇ? ਉਹ ਤਾਂ ਨਿਉਂ-ਜੜ੍ਹ ਵਰਗੇ ਨਾਟਕ ਖੇਡਣ ਵਿੱਚ ਹੀ ਮਗਨ ਸੀ।[11]
ਜਨਤਕ ਅਤੇ ਰਾਜਨੀਤਕ ਭੂਮਿਕਾ
[ਸੋਧੋ]ਕਲਾ ਤੇ ਸਾਹਿਤਕ ਖੇਤਰ ਦੀ ਘਾਲਣਾ ਦੇ ਨਾਲ ਅਜਮੇਰ ਸਿੰਘ ਔਲਖ ਨੇ ਲੋਕ ਹੱਕਾਂ ਦੀ ਲਹਿਰ ਵਿੱਚ ਇੱਕ ਜਮਹੂਰੀ ਕਾਰਕੁੰਨ ਵਜੋਂ ਵੀ ਰੋਲ ਅਦਾ ਕੀਤਾ। ਉਹ ਅਜਿਹੇ ਦੌਰ ਵਿੱਚ ਅੱਗੇ ਆਇਆ ਜਦੋਂ ਵੱਡੀਆਂ ਬਹੁਕੌਮੀ ਕੰਪਨੀਆਂ ਦੀ ਅੰਨੀ ਲੁੱਟ ਲਈ ਦੇਸ਼ ਦੇ ਕਿਰਤੀ ਲੋਕਾਂ ਤੇ ਹਕੂਮਤੀ ਜਬਰ ਦਾ ਕੁਹਾੜਾ ਤੇਜ਼ ਕੀਤਾ ਗਿਆ। ਜੰਗਲਾਂ ਤੇ ਜ਼ਮੀਨਾਂ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਦਾ ਸ਼ਿਕਾਰ ਖੇਡਣ ਲਈ 'ਅਪ੍ਰੇਸ਼ਨ ਗਰੀਨ ਹੰਟ' ਸ਼ੁਰੂ ਕੀਤਾ ਗਿਆ ਤਾਂ ਪੰਜਾਬ ਵਿੱਚ 'ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ' ਨਾਂ ਦੇ ਪਲੇਟਫਾਰਮ ਨੇ ਇਸ ਹਕੂਮਤੀ ਜਬਰ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਅਜਮੇਰ ਔਲਖ ਇਸ ਫਰੰਟ ਦੀਆਂ ਮੋਹਰੀ ਕਤਾਰਾਂ ਵਿੱਚ ਖੜਾ ਰਿਹਾ। ਉਹ ਜਮਹੂਰੀ ਅਧਿਕਾਰ ਸਭਾ ਦਾ ਪੰਜਾਬ ਦਾ ਪ੍ਰਧਾਨ ਬਣਿਆ। ਉਹ ਲੋਕਾਂ ਵਿੱਚ ਜਮਹੂਰੀ ਹੱਕਾਂ ਦੀ ਸੋਝੀ ਦਾ ਪਸਾਰਾ ਕਰਨ ਤੇ ਹਕੂਮਤੀ ਜਬਰ ਦਾ ਵਿਰੋਧ ਕਰਨ ਦੀਆਂ ਸਰਗਰਮੀਆਂ ਦਾ ਮੋਢੀ ਸੀ। ਉਹ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਚੱਲੀ 'ਰਾਜ ਬਦਲੋ, ਸਮਾਜ ਬਦਲੋ' ਨਾਂ ਦੀ ਵਿਸ਼ਾਲ ਜਨਤਕ ਮੁਹਿੰਮ ਦਾ ਅੰਗ ਰਿਹਾ।
ਨਾਟ-ਪੁਸਤਕਾਂ
[ਸੋਧੋ]ਇਕਾਂਗੀ
[ਸੋਧੋ]ਪੂਰੇ ਨਾਟਕ
[ਸੋਧੋ]- ਭੱਜੀਆਂ ਬਾਹਾਂ (1987)
- ਸੱਤ ਬਗਾਨੇ (1988)
- ਕਿਹਰ ਸਿੰਘ ਦੀ ਮੌਤ (1992)
- ਸਲਵਾਨ (1994)
- ਇੱਕ ਸੀ ਦਰਿਆ (1994)
- ਝਨਾਂ ਦੇ ਪਾਣੀ (2000)[12]
ਕਹਾਣੀਆਂ
[ਸੋਧੋ]ਅਜਮੇਰ ਔਲਖ ਨੇ ਸ਼ੁਰੂ ਵਿੱਚ ਕੁਝ ਕਹਾਣੀਆਂ ਵੀ ਲਿਖੀਆਂ। ਇੱਕ ਕਹਾਣੀ "ਮੰਜੇ ਦੀ ਬਾਹੀ" ਬਹੁਤ ਪ੍ਰਸਿੱਧ ਹੋਈ।[13]
ਪ੍ਰਾਪਤੀਆਂ
[ਸੋਧੋ]- ਹੁਣ ਤੱਕ ਸੈਂਕੜੇ ਵਿਦਿਆਰਥੀਆਂ ਵੱਲੋਂ ਨਾਟਕਾਂ ‘ਤੇ ਖੋਜ-ਪੱਤਰ ਲਿਖ ਕੇ ਪੀ.ਐਚ.ਡੀ. ਦੀ ਡਿਗਰੀ ਲਈ।
- ਪੰਜਾਬੀ ਸਾਹਿਤ ਅਕਾਦਮੀ ਦੁਆਰਾ ‘ਅਰਬਦ ਨਰਬਦ ਧੁੰਦੂਕਾਰਾ’ ਨੂੰ 1981 ਵਿੱਚ ਬਿਹਤਰੀਨ ਇਕਾਂਗੀ ਪੁਰਸਕਾਰ।
- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਈਸ਼ਵਰ ਚੰਦਰ ਇਨਾਮ ‘ਅੰਨ੍ਹੇ ਨਿਸ਼ਾਨਚੀ’ ਨੂੰ 1983 ਵਿੱਚ।
- ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਪੰਜਾਬੀ ਆਰਟਿਸਟਸ ਵੱਲੋਂ 1991 ਵਿੱਚ ਬਿਹਤਰੀਨ ਸਾਹਿਤਕਾਰ।
- ਪੰਜਾਬੀ ਸਾਹਿਤ ਅਕਾਦਮੀ ਵੱਲੋਂ 1996 ਕਰਤਾਰ ਸਿੰਘ ਧਾਲੀਵਾਲ ਇਨਾਮ।
- ਫੁੱਲ ਮੈਮੋਰੀਅਲ ਟਰੱਸਟ ਵੱਲੋਂ ਗੁਰਦਿਆਲ ਸਿੰਘ ਫੁੱਲ ਇਨਾਮ 1997।
- ਲੋਕ ਸੱਭਿਆਚਾਰਿਕ ਵਿਕਾਸ ਮੰਚ ਜੈਤੋ ਵੱਲੋਂ 1999 ਪੰਜਾਬੀ ਰੰਗਮੰਚ ਸੇਵਾ ਸਨਮਾਨ।
- ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ 1999 ਪੰਜਾਬੀ ਬੋਲੀ ਸੇਵਾ ਇਨਾਮ।
- ਪੰਜਾਬੀ ਕਲਾ ਕੇਂਦਰ ਬੰਬਈ – ਚੰਡੀਗੜ੍ਹ ਵੱਲੋਂ 2000 ਬਲਰਾਜ ਸਾਹਨੀ ਯਾਦਗਾਰੀ ਇਨਾਮ।
- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੀਵਨ ਗੌਰਵ ਸਨਮਾਨ-2000.
- ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਇਨਾਮ 1999
ਕੁਝ ਹੋਰ ਗੱਲਾਂ
[ਸੋਧੋ]ਔਲਖ ਦਾ ਪਿੰਡ ਕਿਸ਼ਨਗੜ੍ਹ ਫਰਵਾਹੀ ਇਕ ਜਗੀਰਦਾਰ ਦੀ ਮਲਕੀਅਤ ਸੀ। ਪਿੰਡ ਦੇ ਸਾਰੇ ਕਿਸਾਨ ਓਸੇ ਦੇ ਮੁਜ਼ਾਰੇ ਹੁੰਦੇ ਸੀ। 1952 ਦੇ 'ਪਰਜਾ ਮੰਡਲ ਅੰਦੋਲਨ' ਦੇ ਸੰਘਰਸ਼ ਤੋਂ ਬਾਅਦ ਇਹ ਕਿਸਾਨਾਂ ਨੂੰ ਵੀ ਜ਼ਮੀਨ ਮਿਲ ਗਈ। ਇਸ ਇਲਾਕੇ ਚ ਕਮਿਊਨਿਸਟ ਪਾਰਟੀ ਦਾ ਬਹੁਤ ਜ਼ੋਰ ਸੀ। ਔਲਖ ਇਹ ਪਾਰਟੀ ਦੇ ਜਲਸਿਆਂ ਚ ਭਾਗ ਲੈਂਦਾ।
ਤੁਕਬੰਦੀ ਕਰਕੇ ਕਵਿਤਾਵਾਂ ਲਿਖਣ ਲੱਗਿਆ। ਪ੍ਰਾਇਮਰੀ ਜਮਾਤਾਂ ਪਾਸ ਕਰਕੇ ਮਿਡਲ ਸਕੂਲ, ਭੀਖੀ ਵਿਚ ਦਾਖਲਾ ਲੈ ਲਿਆ। ਪ੍ਰਗਤੀਸ਼ੀਲ ਸਾਹਿਤ ਵੱਲ ਇਸਦਾ ਰੁਝਾਨ ਵਧਿਆ।
ਉਸਦੀਆਂ ਲਿਖੀਆਂ ਕੁਝ ਟੂਕਾਂ:
ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ,
ਤੈਨੂੰ ਢਿੱਡੇ ਸ਼ਿੱਤਰ ਨਾ ਥਿਓਂਦੇ।
ਹੁਣ ਹੋ ਹੁਸ਼ਿਆਰ, ਕਰ ਜੱਟਾ ਮਾਰੋ ਮਾਰ।
ਜਾਕੇ ਵੈਰੀ ਦੇ ਬੂਹੇ ਤੇ ਅੜ ਜਾ
ਵੈਰੀ ਦੇ ਟਾਕਰੇ ਨੂੰ ਤਿਆਰ ਹੋ ਕੇ ਤੂੰ ਖੜ ਜਾ।
ਦਸਵੀਂ ਤੋਂ ਬਾਅਦ ਓਹਨੇ ਨਾਵਲਕਾਰ ਨਾਨਕ ਸਿੰਘ ਤੇ ਜਸਵੰਤ ਕੰਵਲ ਨੂੰ ਪੜ੍ਹਿਆ। ਗਿਆਰਵੀ ਪਾਸ ਕਰਨ ਉਪਰੰਤ ਓਹਨੇ ਪ੍ਰਾਈਵੇਟ ਬੀ. ਏ. ਕੀਤੀ। ਐਮ. ਏ. ਕਰਨ ਲਈ ਮਹਿੰਦਰਾ ਕਾਲਜ ਪਟਿਆਲਾ ਚ ਦਾਖਲਾ ਲਿਆ। ਮਾਰਕਸਵਾਦੀ ਚਿੰਤਨ ਦਾ ਅਧਿਐਨ ਕੀਤਾ। ਪ੍ਰੋ. ਪ੍ਰੀਤਮ ਸਿੰਘ, ਡਾ. ਅਤਰ ਸਿੰਘ, ਦਲੀਪ ਕੌਰ ਟਿਵਾਣਾ ਅਤੇ ਰਤਨ ਸਿੰਘ ਜੱਗੀ ਓਹਨਾ ਦੇ ਪ੍ਰੋਫੈਸਰ ਹੁੰਦੇ।
ਹਵਾਲੇ
[ਸੋਧੋ]- ↑ "Eminent Punjabi writer Ajmer Singh Aulakh passes away". tribuneindia.com. Archived from the original on 2017-06-18. Retrieved 2017-06-19.
- ↑ 'ਦੁਨਿਆਵੀ ਮੰਚ’ ਤੋਂ ਵਿਦਾ ਹੋਏ ਅਜਮੇਰ ਔਲਖ
- ↑ ਪੰਜਾਬ ਵਿਧਾਨ ਸਭਾ ਵੱਲੋਂ ਅਜਮੇਰ ਔਲਖ ਨੂੰ ਸ਼ਰਧਾਂਜਲੀ ਭੇਂਟ[permanent dead link]
- ↑ ਸ਼ਰਨਜੀਤ ਕੌਰ (8-07-2018). "ਪ੍ਰੋਫ਼ੈਸਰ ਅਜਮੇਰ ਔਲਖ ਨੂੰ ਯਾਦ ਕਰਦਿਆਂ…". ਪੰਜਾਬੀ ਟ੍ਰਿਬਿਊਨ.
{{cite news}}: Check date values in:|date=(help); Cite has empty unknown parameter:|dead-url=(help) - ↑ ਨਾ ਜੁਰਾਬ ਤੇ ਨਾ ਨਕਾਬ ਪਾਉਣ ਵਾਲਾ ਔਲਖ
- ↑ "ਇਨਕਲਾਬੀ ਜਨਤਕ ਸਲਾਮ ਸਮਾਰੋਹ".
- ↑ "ਆਪਣੀ ਹੋਣੀ ਬਦਲਣ ਦੀ ਪ੍ਰੇਰਨਾ". Tribune Punjabi. 2018-07-28. Retrieved 2018-07-30.
{{cite news}}: Cite has empty unknown parameter:|dead-url=(help)[permanent dead link] - ↑ ਨਿਰੰਜਣ ਬੋਹਾ. "ਆਖਿਰ ਤੁਰ ਹੀ ਗਿਆ ਪੰਜਾਬੀ ਨਾਟਕ ਦਾ ਸ਼ਾਹ ਅਸਵਾਰ: ਅਜਮੇਰ ਸਿੰਘ ਔਲਖ".
- ↑ ਔਲਖ ਦੀ ਆਖਿਰੀ ਇੱਛਾ
- ↑ ਔਲਖ :ਜਿਸ ਮੋਰਚੇ ਉੱਤੇ ਲੜਿਆ, ਖ਼ੂਬ ਲੜਿਆ!
- ↑ ਰੰਗ-ਮੰਚ ਦੇ ਸੰਗਰਾਮੀਏ ਨੂੰ ਸਦਾ ਸਲਾਮ-ਪ੍ਰਿੰਸੀਪਲ ਸਰਵਣ ਸਿੰਘ
- ↑ "ਅਜਮੇਰਔਲਖ.ਇਨ ਨਾਟ ਰਚਨਾ". Archived from the original on 2015-02-02. Retrieved 2015-03-18.
{{cite web}}: Unknown parameter|dead-url=ignored (|url-status=suggested) (help) Archived 2015-02-02 at the Wayback Machine. - ↑ "ਮੰਜੇ ਦੀ ਬਾਹੀ". Archived from the original on 2022-08-11.
- Articles with dead external links from ਅਕਤੂਬਰ 2021
- CS1 errors: empty unknown parameters
- CS1 errors: dates
- Articles with dead external links from ਜੁਲਾਈ 2023
- CS1 errors: unsupported parameter
- ਪੰਜਾਬੀ-ਭਾਸ਼ਾ ਲੇਖਕ
- ਪੰਜਾਬੀ ਨਾਟਕਕਾਰ
- ਸਾਹਿਤ ਅਕਾਦਮੀ ਇਨਾਮ ਜੇਤੂ
- ਪੰਜਾਬੀ ਵਿੱਚ ਸਾਹਿਤ ਅਕਾਦਮੀ ਇਨਾਮ ਜੇਤੂ
- ਜਨਮ 1942
- ਰੰਗਕਰਮੀ
- ਮੌਤ 2017
- ਮਾਨਸਾ ਜ਼ਿਲ੍ਹਾ, ਭਾਰਤ ਦੇ ਲੋਕ