ਸਮੱਗਰੀ 'ਤੇ ਜਾਓ

ਹਾਸ਼ਮ ਸ਼ਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਣ-ਪਛਾਣ

[ਸੋਧੋ]
ਹਾਸ਼ਮ ਸ਼ਾਹ

ਸੱਯਦ ਹਾਸ਼ਮ ਸ਼ਾਹ (1735 - 1843) ਪੰਜਾਬ ਦੇ ਇੱਕ ਸੂਫੀ ਫ਼ਕੀਰ ਤੇ ਸ਼ਾਇਰ ਹੋਏ ਹਨ। ਸੱਯਦ ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸਨ ਅਤੇ “ਸੱਯਦਾਂ ਦੀ ਹਸਨੀ ਸਾਖ ਦੇ ਚੰਨ-ਚਰਾਗ ਸਨ।” ਉਨ੍ਹਾਂ ਦੇ ਵਾਰਸ ਅਜੇ ਤੱਕ ‘ਸੱਯਦ’ ਅਖਵਾਉਂਦੇ ਹਨ ਅਤੇ ਕਲਾਂ ਵਿੱਚ ਵੀ ਉਹ ਹੁਣ ਤੱਕ ‘ਸੱਯਦ’ ਹੀ ਕਰਕੇ ਚਿਤਾਰੇ ਜਾਂਦੇ ਹਨ।[1] ਮੁਹੰਮਦ ਹਾਸ਼ਮ ਸ਼ਾਹ ਕੁਰੈਸੀ ਦੇ ਜਨਮ, ਜੀਵਨ ਅਤੇ ਰਚਨਾ ਸੰਬੰਧੀ ਬਹੁਤ ਵਾਦ ਵਿਵਾਦ ਹੈ, ਮੌਲਾ ਬਖਸ਼ ਕੁਸ਼ਤਾ ਨੇ ਹਾਸ਼ਮ ਦਾ ਜਨਮ 1752-53 ਜਾਂ ਇਸਦੇ ਨੇੜੇ ਦਾ ਸਮਾਂ ਦੱਸਿਆ। ਬਾਵਾ ਬੁੱਧ ਸਿੰਘ ਅਤੇ ਡਾ. ਮੋਹਨ ਸਿੰਘ ਦੀਵਾਨਾ ਨੇ ਇਸ ਜਨਮ ਤਰੀਕ ਨੂੰ ਦਰੁਸਤ ਮੰਨਿਆ ਹੈ। ਸੱਯਦ ਹਾਸ਼ਮ ਕੇ ਇੱਕ ਵਾਰਿਸ ਸੱਯਦ ਮੁਹੰਮਦ ਜਿਆ ਉਲ ਹੱਕ ਦੀ ਲਿਖਤੀ ਰਾਵਾਹੀ ਅਤੇ ਉਨ੍ਹਾਂ ਦੇ ਇੱਕ ਹੋਰ ਵਾਰਿਸ ਸੱਯਦ ਗੁਲਾਮ ਲਬੀ ਤੋਂ ਪ੍ਰਾਪਤ ਹੋਈ। ਯਾਦਾਸ਼ਤ ਦੀ ਨਕਲ ਅਨੁਸਾਰ ਕਵੀ ਹਾਸ਼ਮ ਵੀਰਵਾਰ 27 ਨਵੰਬਰ 1735 ਈ. ਵਿੱਚ ਪੈਦਾ ਹੋਏ। ਹਾਸ਼ਮ ਦੇ ਪਿਤਾ ਦਾ ਨਾਮ ਹਾਜ਼ੀ ਮੁਹੰਮਦ ਸੀ। ਹਾਸ਼ਮ ਦੇ ਦੋ ਭਰਾ ਹੋਰ ਸਨ। ਹਾਸ਼ਮ ਸਭ ਤੋਂ ਵੱਡਾ ਸੀ।1[2] ਹਾਸ਼ਮ ਸ਼ਾਹ ਦੇ ਪਿਤਾ ਦਾ ਨਾਂ ਹਾਜੀ ਮੁਹੰਮਦ ਸ਼ਰੀਫ ਸੀ। ਉਹ ਹਜ਼ਰਤ ਬਖ਼ਤ ਜਮਾਲ ਨੌਸ਼ਾਹੀ ਕਾਦਰੀ ਦੇ ਮੁਰੀਦ ਸਨ ਅਤੇ ਇਸੇ ਕਰਕੇ ‘ਨੌਸ਼ਾਹੀਆ ਫ਼ਕੀਰ’ ਕਹਾਉਂਦੇ ਸਨ। ਹਾਜੀ ਸਾਹਿਬ ਹਾਸ਼ਮ ਦੇ ਕੇਵਲ ਪਿਤਾ ਹੀ ਨਹੀਂ, ਮੁਰਸ਼ਦ ਵੀ ਸਨ।

ਜੀਵਨ

[ਸੋਧੋ]

ਕਵੀ ਹਾਸ਼ਮ ਸ਼ਾਹ ਦਾ ਅਸਲੀ ਤੇ ਪੂਰਾ ਨਾਂ ਸਯਦ ਮੁਹੰਮਦ ਹਾਸ਼ਮ ਸੀ। ਹਾਸ਼ਮ ਸ਼ਾਹ ਦਾ ਜਨਮ 27 ਨਵੰਬਰ ਸੰਨ 1735 ਈਸਵੀ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਉ ਕਲਾਂ ਵਿਖੇ ਪਿਤਾ ਹਾਜ਼ੀ ਮੁਹੰਮਦ ਸ਼ਰੀਫ ਦੇ ਘਰ ਹੋਇਆ। ਸਯਦ ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸਨ ਅਤੇ ਸਯਦਾਂ ਦੀ ਹਸਨੀ ਸ਼ਾਖ ਦੇ ਚੰਨ-ਚਰਾਗ ਸਨ। ਉਨ੍ਹਾਂ ਦੇ ਵਾਰਿਸ ਅੱਜ ਤੱਕ ਸਯਦ ਅਖਵਾਉਂਦੇ ਹਨ।

ਹਾਸ਼ਮ ਦੀ ਵਿੱਦਿਆ-ਸਿੱਖਿਆ ਉਨਾਂ ਦੇ ਵਿਦਵਾਨ ਤੇ ਕਰਨੀ ਵਾਲੇ ਪਿਤਾ ਦੇ ਹੱਥੀ ਬਚਪਨ ਵਿਚ ਹੀ ਸ਼ੁਰੂ ਹੋ ਗਈ ਸੀ।ਉਨ੍ਹਾਂ ਨੇ ਫਾਰਸੀ, ਅਰਬੀ, ਹਿਕਮਤ, ਸੰਸਕ੍ਰਿਤ ਅਤੇ ਪੰਜਾਬੀ ਵਿਚ ਮੁਹਾਰਤ ਹਾਸਿਲ ਕੀਤੀ।ਮੀਰ ਕਰਾਮਤ ਉੱਲਾ ਤੇ ਮੀਆਂ ਮੌਲਾ ਬਖਸ ਕੁਸ਼ਤਾ ਅਨੁਸਾਰ ਆਪ ਨੂੰ ਰਮਲ ਅਤੇ ਜੋਤਿਸ਼ ਵਿੱਦਿਆ ਦਾ ਵੀ ਸੌਕ ਸੀ।ਇਸ ਲਈ ਆਪ ਉੱਲਾ ਸਾਹਿਬ ਬਟਾਲਵੀ ਦੇ ਚੇਲੇ ਹੋਏ।

ਕਵੀ ਹਾਸ਼ਮ ਸ਼ਾਹ ਦਾ ਸੰਨ 1823 ਵਿਚ ਦੇਹਾਂਤ ਹੋ ਗਿਆ ।ਜਿਲ੍ਹਾ ਸਿਆਲਕੋਟ ਦੇ ਪਿੰਡ ਥਰਪਾਲ ਵਿਚ ਆਪ ਦਾ ਮਜਾਰ ਹੈ।ਦੇਹਾਂਤ ਵੇਲੇ ਕਵੀ ਹਾਸ਼ਮ ਚੌਂਹਠ ਵਰਿਆਂ ਦਾ ਸੀ।

ਇੰਜ ਕਵੀ ਹਾਸ਼ਮ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਹੋਇਆ ਸੀ।

ਵਿੱਦਿਆ

[ਸੋਧੋ]

ਹਾਸ਼ਮ ਸ਼ਾਹ ਦੀ ਵਿੱਦਿਆ ਸਿੱਖਿਆ ਉਹਨਾਂ ਦੇ ਵਿਦਵਾਨ ਤੇ ਕਰਨੀ ਵਾਲੇ ਪਿਤਾ ਦੇ ਹੱਥੀ ਬਚਪਨ ਵਿੱਚ ਸ਼ੁਰੂ ਹੋ ਗਈ। ਉਹਨਾਂ ਨੇ ਅਰਬੀ, ਫਾਰਸੀ, ਹਿਕਸਤ, ਸੰਸਕ੍ਰਿਤ ਤੇ ਪੰਜਾਬੀ ਵਿੱਚ ਮੁਹਰਤ ਹਾਸਿਲ ਕੀਤੀ। ਆਪ ਅਮੀਰ ਉੱਲਾ ਸਾਹਿਬ ਬਟਾਲਵਲੀ ਦੇ ਚੇਲੇ ਹੋਏ ਅਰਬੀ, ਫਾਰਸੀ ਤੋਂ ਇਲਾਵਾ ਆਪ ਨੂੰ ਰਮਲ ਤੇ ਇਲਮ ਜੋਤਿਸ਼ ਦਾ ਵੀ ਗਿਆਨ ਸੀ। ਵਿਆਹ-ਸੰਤਾਨ :- ਕੁਸ਼ਤਾ ਅਨੁਸਾਰ ਹਾਸ਼ਮ ਨੇ ਤਿੰਨ ਵਿਆਹ ਕੀਤੇ। ਇੱਕ ਰਾਮਦਾਸ, ਇੱਕ ਜੰਡਿਆਲਾ ਗੁਰੂ ਅਤੇ ਇੱਕ ਬ੍ਰਾਹਮਣ ਤੀਵੀਂ ਨਾਲ। ਦੇ ਘਰ ਦੋ ਪੁੱਤਰ ਪੈਦਾ ਹੋਏ ਅਹਿਮਦ ਸ਼ਾਹ ਤੇ ਮੁਹੰਮਦ ਸ਼ਾਹ।

ਹਾਸ਼ਮ ਸ਼ਾਹ ਤੇ ਮਹਾਰਾਜਾ ਰਣਜੀਤ ਸਿੰਘ

[ਸੋਧੋ]

ਹਾਸ਼ਮ ਸ਼ਾਹ ਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ਬਾਰੇ ਕੋਈ ਪ੍ਰਮਾਣਿਕ ਨਹੀਂ ਹੈ। ਕਈ ਵਿਦਵਾਨ ਹਾਸ਼ਮ ਸ਼ਾਹ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਵੀ ਮੰਨਦੇ ਹਨ ਤੇ ਕਈ ਦਰਬਾਰੀ ਕਵੀ। ਪਰ ਇਤਿਹਾਸਿਕ ਤੌਰ ਤੇ ਇਸ ਦੀ ਕੋਈ ਪ੍ਰਮਾਣਿਕ ਨਹੀਂ ਮਿਲਦੀ। ਖਾਨਦਾਨੀ ਰਵਾਇਤ ਅਨੁਸਾਰ ਸੱਯਦ ਹਾਸ਼ਮ ਸ਼ਾਹ ਮਹਾਰਾਜਾ ਰਣਜੀਤ ਸਿੰਘ ਨਾਲ ਗੂੜ੍ਹੇ ਸੰਬੰਧ ਸਨ ਤੇ ਮਹਾਰਾਜਾ ਨੇ ਆਪ ਨੂੰ ਕਈ ਮੁਹਰਾਂ ਦਿੱਤੀਆਂ ਸਨ। ਹਾਸ਼ਮ ਸ਼ਾਹ ਦੇ ਨਾਂ ਨਾਲ ਕਈ ਬੋਲੀਆਂ ਵਿੱਚ ਕਈ ਪ੍ਰਕਾਰ ਦੇ ਵਿਸ਼ਿਆਂ ਤੇ ਵੰਨਗੀਆਂ ਦੀ ਰਚਨਾ ਸੰਬੰਧਤ ਹੈ। ਉਹ ਕਵੀ ਵੀ ਸਨ ਫ਼ਕੀਰ ਵੀ ਤੇ ਗ੍ਰਹਿਸਥੀ ਵੀ ਨਾਲੇ ਹਿਕਮਤ ਤੇ ਜੋਤਿਸ਼ ਦੇ ਵੀ ਜਾਣੂ ਤੇ ਅਭਿਆਸੀ ਸਨ।

ਰਚਨਾਵਾਂ

[ਸੋਧੋ]

ਪੰਜਾਬੀ

[ਸੋਧੋ]
  1. ਹੀਰ ਰਾਂਝੇ ਦੀ ਬਿਰਤੀ
  2. ਕਿੱਸਾ ਸੋਹਣੀ ਮਹੀਂਵਾਲ
  3. ਕਿੱਸਾ ਸੱਸੀ ਪੰਨੂੰ[3]
  4. ਸ਼ੀਰੀ ਫ਼ਰਹਾਦ ਕੀ ਬਾਰਤਾ
  5. ਕਿੱਸਾ ਮਹਿਮੂਦ ਸ਼ਾਹ ਰਾਜ਼ਨਵੀ
  6. ਦੋਹੜੇ
  7. ਡਿਉਢਾਂ
  8. ਗੰਜੇ ਅਸਰਾਰ(ਸੀਹਰਫ਼ੀਆਂ)
  9. ਬਾਰਾਂਮਾਹ
  10. ਮਅਦਨਿ ਫ਼ੈਜ਼(ਮੁਨਾਜਾਤਾਂ)
  11. ਫੁਟਕਲ ਰਚਨਾਵਾਂ ਤੇ ਕੁਝ ਗਜ਼ਲਾਂ[4]

ਹੀਰ ਰਾਂਝਾ

[ਸੋਧੋ]

ਹਾਸ਼ਮ ਨੇ ਹੀਰ ਦਾ ਕਿੱਸਾ ਕੇਵਲ ਇੱਕ ਹੀ ਹਰਫੀ ਵਿੱਚ ਲਿਖਣ ਦੀ ਕਮਾਲ ਕੀਤੀ। ਉਸਨੇ 150 ਪੰਗਤੀਆਂ ਵਿੱਚ ਇਹ ਗਾਥਾ ਦਾ ਬਿਆਨ ਕਰਦਿਆ ਆਪਣੇ ਵਿਚਾਰਾ ਨੂੰ ਸੰਖੇਪ ਰੂਪ ਵਿੱਚ ਅੱਲਾਹ ਦੀ ਸਿਫ਼ਤ ਕਰਦਿਆ ਇਹ ਵਿਚਾਰ ਦਿੱਤਾ ਹੈ ਕਿ ਆਸ਼ਕਾ ਕਾਮਲਾਂ ਦਾ ਕਿੱਸਾ ਸਹਿਣਾ ਵੀ ਬੰਦਗੀ ਹੈ। ਉਸਨੇ ਇਸ ਕਥਾ ਵਿਚਲੇ ਵਿਸਥਾਰਾ ਦੀ ਥਾਂ ਉਸਦੀ ਮੂਲਭਾਵਨਾ ਭਾਵ ਇਸ਼ਕ ਵਿੱਚ ਕੱਠੇ ਹੋਏ ਪ੍ਰੇਮੀਆ ਦੀ ਪੀੜ੍ਹ ਨੂੰ ਹੀ ਵਿਸ਼ਾ ਬਣਾ ਕੇ ਕਥਾ ਲਿਖੀ ਹੈ।3[5]

ਸੋਹਣੀ ਮਹੀਂਵਾਲ

[ਸੋਧੋ]

ਹਾਸ਼ਮ ਨੇ ਪੰਜਾਬ ਦੀ ਸੋਹਣੀ ਮਹੀਂਵਾਲ ਦੀ ਪ੍ਰੀਤ ਕਹਾਣੀ ਨੂੰ ਸੰਪੂਰਨ ਕਿੱਸੇ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਕਵਿਤਾਇਆਂ ਹੈ। ਇਸ ਕਹਾਣੀ ਵੱਲ ਪੰਜਾਬੀ ਸਾਹਿਤ ਵਿੱਚ ਪ੍ਰਥਮ ਸੰਕੇਤ ਭਾਈ ਗੁਰਦਾਸ ਈ. ਦੀ ਵਾਰਸਤਾਈ ਵਿੱਚ ਮਿਲਦਾ ਹੈ ਅਤੇ ਦਸਮ ਗ੍ਰੰਥ ਤੇ ਚਿਤਰੋਖਯਾਨ 101 ਵਿੱਚ ਇਹ ਕਹਾਣੀ ਬਿਆਨ ਕੀਤੀ ਗਈ ਹੈ। ਕਥਾਨਕ ਪੱਖ ਸੋਹਣੀ ਮਹੀਂਵਾਲ ਦੀ ਕਹਾਣੀ ਹੀਰੋ, ਲੀਆਂਡਰ ਦੇ ਦੁਖਾਂਤ ਨਾਲ ਮੇਲ ਖਾਂਦੀ ਹੈ।4[6]

ਸੱਸੀ ਪੁੰਨੂੰ

[ਸੋਧੋ]

ਸੱਸੀ ਪੁੰਨੂੰ ਹਾਸਮ ਦੀ ਸਭ ਤੋਂ ਪ੍ਰਸਿੱਧ ਅਤੇ ਸੰਪੂਰਨ ਰਚਨਾ ਹੈ। ਹਾਸ਼ਮ ਸ਼ਾਹ ਦਾ ਸਭ ਤੋਂ ਵਧ ਪ੍ਰਸਿੱਧੀ ਪਾਉਣ ਵਾਲਾ ਕਿੱਸਾ ਸੱਸੀ ਹੈ। ਕਵੀ ਨੇ 124 ਦਵੱਈਆ ਵਿੱਚ ਬੜੇ ਦਰਦਨਾਕ ਢੰਗ ਨਾਲ ਇਹ ਪ੍ਰੀਤ-ਕਥਾ ਬਿਆਨ ਕੀਤੀ ਹੈ। ਸਮੁੱਚੇ ਪੰਜਾਬੀ ਸੰਸਾਰ ਵਿੱਚ ਉਨ੍ਹਾਂ ਦੀ ਮਸ਼ਹੂਰੀ ਤੇ ਮਕਬੂਲੀਅਤ ਦਾ ਮੁੱਖ ਆਧਾਰ ਵੀ ਅਜੇ ਤੱਕ ਇਹੋ ਹੈ। ਇਸ ਨੇ ਤਾਂ ਉਨ੍ਹਾਂ ਦੇ ਸਮਕਾਲੀ ਤੇ ਕੜਤੋੜ ਕਵੀ, ਮੌਲਵੀ ਅਹਿਮਦ ਯਾਰ ਜਹੇ ਵਿਦਵਾਨ ਚੀਸਤੀ ਤੇ ਬੇਲਿਹਾਜ ਆਲੋਚਕ ਤੋਂ ਵੀ ਭਰਪੂਰ ਸ਼ਲਾਘਾ ਪ੍ਰਾਪਤ ਕੀਤੀ ਹੈ। ਇਹ ਉਨ੍ਹਾਂ ਨੇ ਹੀ ਲਿਖਿਆ ਸੀ:

            ਹਾਸ਼ਮ ‘ਸਸੀ’ ਸੋਹਣੀ ਜੋੜੀ,
            ਸਦ ਰਹਿਮਤ ਉਸਤਾਦੋ।

ਬਾਵਾ ਬੁੱਧ ਸਿੰਘ ਅਨੁਸਾਰ ਹਾਸ਼ਮ ਨੇ ਸੱਸੀ ਕਾਹਦੀ ਆਖੀ, ਆਖੀ ਘਰ ਘਰ ਖਿਹਰਾ ਦਾ ਮੂਆਤਾ ਲਾ ਦਿੱਤਾ। ਪ੍ਰੇਮ ਦੇ ਭਾਂਬੜ ਬਾਲ, ਬਾਲੂ ਵੱਲ ਜੱਗਮੱਗ ਕਰਾ ਦਿੱਤਾ।

ਦਹੋੜੇ ਤੇ ਡਿਉਢਾ

[ਸੋਧੋ]

ਦੋਹੜੇ ਤੇ ਡਿਹੁੰਢਾਂ ਦੇ ਬ੍ਰਿਹਾ ਅਤੇ ਬਿਜੋਗ ਕਾਵਿ ਦਾ ਸੋਜ਼ ਭਰਿਆ ਉੱਤਮ ..... ਹਨ। ਇੰਨਾਂ ਰਚਨਾਵਾਂ ਕਰਕੇ ਹੀ ਹਾਸ਼ਮ ਲੋਕ ਪ੍ਰਿਯ ਹੋਇਆ ਅਤੇ ਇਸਦੇ ਦੋਹੜੇ ਘਰ-2 ਗਏ, ਸੁਵੇ ਜਾਣ ਲੱਗੇ।5[7]

ਹਿੰਦੀ

[ਸੋਧੋ]
  1. ਗਿਆਨ ਪ੍ਰਕਾਸ਼ (ਗਿਆਨ-ਮਾਲਾ ਨਾਂ ਵੀ ਹੈ)
  2. ਸਲੋਕ
  3. ਚਿੰਤਾਹਰ
  4. ਪੋਥੀ ਰਾਜਨੀਤੀ
  5. ਪੋਥੀ ਹਿਕਮਤ ਵਾ ਰਮਲ
  6. ਟੀਕਾ ਪੰਜ ਗ੍ਰੰਥੀ

ਫ਼ਾਰਸੀ

[ਸੋਧੋ]
  1. ਦੀਵਾਨ ਹਾਸ਼ਮ
  2. ਮਸਨਵੀ ਹਾਸਮ
  3. ਚਹਾਰ ਬਹਾਰ ਹਾਸ਼ਮ
  4. ਗੰਜੇ ਮੁਆਨੀ ਜਾਂ ਫ਼ਕਰਨਾਮਾ
  5. ਮਅਦਿਨ ਫ਼ੈਜ਼

ਇਨ੍ਹਾਂ ਤੋਂ ਇਲਾਵਾ ਕੁਝ ਹੋਰ ਰਚਨਾਵਾਂ

[ਸੋਧੋ]
  1. ਕਾਫ਼ੀਆਂ
  2. ਬਾਰਾਂਮਾਹ
  3. ਸ. ਮਹਾਂ ਸਿੰਘ ਬਾਰੇ ਵਾਰ ਜਾਂ ਮਰਸੀਆ
  4. ਕਿੱਸਾ ਲੈਲਾ ਮਜਨੂੰ।
  5. ਅਰਜ਼ੋਈਆਂ(ਉਰਦੂ ਵਿਚ)

ਵਿਸ਼ਾ ਪੱਖ

[ਸੋਧੋ]

ਸੱਯਦ ਹਾਸ਼ਮ ਸ਼ਾਹ ਇੱਕ ਅਨੁਭਵੀ ਫਕੀਰ ਸ਼ਾਇਰ ਸਨ। ਉਨ੍ਹਾਂ ਦੀ ਪੰਜਾਬੀ ਰਚਨਾ ਉਨ੍ਹਾਂ ਦੇ ਅੰਦਰਲੇ ਮਨ ਦਾ ਉਛਾਲ ਹੈ ਅਤੇ ਇਸੇ ਕਰਕੇ ਇਸ ਦਾ ਵਿਸ਼ਾ ਵਸਤੂ ਉਨ੍ਹਾਂ ਦੇ ਫ਼ਕੀਰੀ ਸੁਭਾਅ ਅਤੇ ਸਖਸ਼ੀਅਤ ਦਾ ਪ੍ਰਤੀਬਿੰਬ ਹੈ। ਇਸਦਾ ਮੁੱਖ ਵਿਸ਼ਾ ਸੇ੍ਰਮਣੀ ਤੱਤ ਦੇ ਮਹਾਨ ਧੁਰਾ ਆਦਰਸ਼ਕ ‘ਇਸ਼ਕ` ਜਾ ‘ਪ੍ਰੀਤ` ਹੈ। ‘ਇਸ਼ਕ` ਜਾਂ ‘ਪ੍ਰੀਤ` ਵੀ ਉਹ ਜੋ ਸਰਵ ਵਿਆਪਕ ਹੈ ਜੋ ਸਾਰੇ ਜੱਗ ਦਾ ਮੂਲ ਹੈ। ਜਿਸਦਾ ਸ਼ਿਕਾਰ ਇਸ ਸ੍ਰਿਸ਼ਟੀ ਨੂੰ ਰਚਨਹਾਰ ਆਪ ਵੀ ਹੈ।[8]

ਕਾਵਿ ਕਲਾ

[ਸੋਧੋ]

ਸੱਯਦ ਹਾਸ਼ਮ ਸ਼ਾਹ ਦੀ ਵਡਿਆਈ ਕੇਵਲ ਉਨ੍ਹਾਂ ਦੇ ਵਿਸ਼ੇ-ਵਸਤੂ ਦੀ ਮਹਾਨਤਾ ਵਿੱਚ ਹੀ ਨਹੀਂ, ਸਗੋਂ ਸ਼ੈਲੀ ਦੀ ਸੁੰਦਰਤਾ ਤੇ ਕੁਸ਼ਲਤਾ ਵਿੱਚ ਵੀ ਹੈ। ਉਹ ਇੱਕ ਸੁਚੇਤ ਕਲਾਕਾਰ ਤੇ ਸੁਚੱਜੇ ਸ਼ੈਲੀਕਾਰ ਵੀ ਹਨ। ਉਨ੍ਹਾਂ ਦੀ ਕਾਵਿ-ਕਲਾ ਦਾ ਲੋਹਾ ਮੀਆਂ ਮੁਹੰਮਦ ਬਖ਼ਸ਼ ਵਰਗੇ ਉਘੇ ਕਵੀ ਤੇ ਨਿਰਪੱਖ ਸਮਾਲੋਚਕ ਨੇ ਵੀ ਮੰਨਿਆ ਹੈ। ਮੀਆਂ ਸਾਹਿਬ ਨੇ ਵਾਰਸ ਨੂੰ “ਸੁਖ਼ਨ ਦਾ ਵਾਰਿਸ” ਕਹਿਣ ਤੋਂ ਬਾਅਦ ਹਾਸ਼ਮ ਨੂੰ “ਮੁਲਕ ਸੁਖ਼ਨ ਦਾ ਸਿਰਕਰ ਦਾ ਰਾਜਾ” ਆਖਿਆ ਹੈ। ਲਿਖਦੇ ਹਨ:

ਉਹ ਭੀ ਮੁਲਕ ਸੁਖ਼ਨ ਦੇ ਅੰਦਰ, ਰਾਜਾ ਸੀ ਸਿਰ ਕਰਦਾ:
ਜਿਸ ਕਿੱਸੇ ਦੀ ਚੜ੍ਹੇ ਮੁਹਿੰਮੇ, ਸੋਈੳ ਸੀ ਸਰ ਕਰਦਾ। (ਸੈਫੁਲ ਮਲੂਕ)
                                  

ਹਾਸ਼ਮ ਨੇ ਬਿੰਬ ਚਿੱਤਰ ਤੇ ਅਲੰਕਾਰ ਵੀ ਚੋਖੇ ਵਰਤੇ ਹਨ; ਪਰ ਕਵਿਤਾ ਨੂੰ ਸਿੰਗਾਰਨ ਲਈ ਨਹੀਂ ਆਮ ਤੌਰ ਤੇ ਭਾਵਾਂ ਨੂੰ ਪਰਗਾਟਾਉਣ ਲਈ। ਉਹ ਵੀ ਇੰਨੇ ਸੰਕੋਚ ਤੇ ਢੁਕਾਅ ਨਾਲ ਕਿ ਕੋਈ ਵਾਧੂ ਜ਼ੋਰ ਜਾਂ ਫਾਲਤੂ ਰੰਗਰੇਜ਼ੀ ਵਰਤੀ ਹੋਈ ਮਹਿਸੂਸ ਨਹੀਂ ਹੁੰਦੀ।

ਹਾਸ਼ਮ ਨਾਮੀ ਹਕੀਮ ਸੀ, ਮੰਨਿਆ ਦੰਨਿਆ ਫ਼ਕੀਰ ਸੀ। ਸ਼ਾਇਰੀ ਵਿੱਚ ਤਾਂ ਉਹ ਆਪ ਆਪਣੀ ਸਦੀ ਦਾ ਪ੍ਰਤੀਨਿਧ ਹੈ,ਉਸ ਦੀ ਮਧੁਰਤਾ, ਮਾਇਆ ਨੂੰ ਦਾਸੀ ਬਣਾਉਣ ਵਾਲੀ ਹੈ; ਇਸ ਲਈ ਉਸ ਫ਼ਕੀਰ ਦੀ ਅਮੀਰੀ ਸ਼ੰਕਾ ਦੀ ਮੁਥਾਜ ਨਹੀਂ।

ਹਵਾਲੇ

[ਸੋਧੋ]
  1. [ਡਾ. ਹਰਨਾਮ ਸਿੰਘ ਸ਼ਾਨ, ਸੱਯਦ ਹਾਸ਼ਮ ਸ਼ਾਹ ਜੀਵਨ ਅਤੇ ਰਚਨਾ, ਪਬਲੀਕੇਸ਼ਨ ਬਿਊਰੋ, ਪਟਿਆਲਾ, 1995, ਪੰਨਾ 16]
  2. [ਡਾ. ਸੁਰਿੰਦਰਪਾਲ ਸਿੰਘ ਮੰਡ, ਹਾਸ਼ਮ ਦੀ ਕਿੱਸਾਕਾਰੀ, ਵਾਰਿਸ ਸ਼ਾਹ ਫ਼ਾਉਡੇਸ਼ਨ, ਅੰਮ੍ਰਿਤਸਰ, 2011, ਪੰਨਾ 53]
  3. "ਇੰਡੈਕਸ:Sassi Punnu - Hashim.pdf - ਵਿਕੀਸਰੋਤ" (PDF). pa.wikisource.org. Retrieved 2020-02-04.
  4. ਹਰਨਾਮ ਸਿੰਘ ਸ਼ਾਨ, ਹਾਸ਼ਮ ਸ਼ਾਹ ਜੀਵਨੀ ਤੇ ਰਚਨਾ, ਸਾਹਿਤ ਅਕਾਦਮੀ, ਦਿੱਲੀ, 1991 ਪੰਨਾ-33
  5. ਸੁਖਜੀਤ ਕੌਰ, ਹਾਸ਼ਿਮ ਦੀ ਕਿੱਸਾ ਕਾਵਿ ਨੂੰ ਦੇਣ, ਅਮਰਜੀਤ ਸਾਹਿਤ ਪ੍ਰਕਾਸ਼ਨ ਪਟਿਆਲਾ, 2004, ਪੰਨਾਂ 25
  6. ਡਾ. ਮਨਜੀਤ ਕੌਰ ਕਾਲਕਾ, ਕਿੱਸਾਗਰ ਹਾਸ਼ਮ ਰਚਨਾ ਤੇ ਦੁਖਾਂਤ ਚਿੰਤਨ, ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2012, ਪੰਨਾ 41
  7. ਡਾ. ਜੀਤ ਸਿੰਘ ਸੀਤਲ, ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿੱਪੂ, ਪਟਿਆਲਾ, 1979, ਪੰਨਾ 22, 26
  8. [ਡਾ. ਹਰਨਾਮ ਸਿੰਘ ਸ਼ਾਨ, ਹਾਸ਼ਮ ਸ਼ਾਹ ਜੀਵਨੀ ਅਤੇ ਰਚਨਾ, ਸਾਹਿਤ ਅਕਾਦਮੀ, ਦਿੱਲੀ, 1994, ਪੰਨਾ 84-117]

ਸਹਾਇਕ ਪੁਸਤਕਾਂ :- ਹਾਸ਼ਮ ਸ਼ਾਹ (ਜੀਵਨੀ ਤੇ ਰਚਨਾ) - ਹਰਨਾਮ ਸਿੰਘ ਸ਼ਾਨ ਸੱਸੀ ਹਾਸ਼ਮ - ਭਾਗਇੰਦਰ ਕੌਰ ਹਾਸ਼ਮ ਰਚਨਾਵਲੀ - ਪ੍ਰੋ. ਪਿਆਰਾ ਸਿੰਘ ਪਦਮ