ਸਮੱਗਰੀ 'ਤੇ ਜਾਓ

ਗੁਰਸ਼ਰਨ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਸ਼ਰਨ ਸਿੰਘ

ਗੁਰਸ਼ਰਨ ਭਾਅ ਜੀ ਜਾਂ ਭਾਈ ਮੰਨਾ ਸਿੰਘ (16 ਸਤੰਬਰ 1929 - 27 ਸਤੰਬਰ 2011) ਜੋ ਉੱਘੇ ਰੰਗਕਰਮੀ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਸ਼ੇਰ-ਏ-ਪੰਜਾਬ, ਇੱਕ ਇੰਜੀਨੀਅਰ, ਲੇਖਕ, ਨਾਟਕਕਾਰ, ਅਦਾਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ, ਵਕਤਾ ਅਤੇ ਸਭ ਤੋਂ ਉਪਰ ਇੱਕ ਵਧੀਆ ਇਨਸਾਨ ਸਨ। ਉਹ ਇੱਕ ਤੁਰਦੀ-ਫਿਰਦੀ ਸੰਸਥਾ ਸਨ।[1]

ਮੁੱਢਲਾ ਜੀਵਨ

[ਸੋਧੋ]

ਗੁਰਸ਼ਰਨ ਸਿੰਘ ਭਾਅ ਜੀ ਦਾ ਜਨਮ 16 ਸਤੰਬਰ, 1929 ਨੂੰ ਡਾਕਟਰ ਗਿਆਨ ਸਿੰਘ ਦੇ ਘਰ ਮੁਲਤਾਨ (ਪਾਕਿਸਤਾਨ) ਵਿੱਚ ਹੋਇਆ। ਲੋਕਾਂ ਦੇ ਇਸ ਨਾਇਕ ਨੇ ਨਿਕੇ ਹੁੰਦਿਆਂ ਤੋਂ ਸਮਿਆਂ ਦੀ ਨਬਜ਼ ਪਛਾਣ ਲਈ ਤੇ ਲੋਕਾਈ ਦੀ ਪੀੜ੍ਹ ਨੂੰ ਵੀ ਮਹਿਸੂਸ ਕੀਤਾ। ਉਹਨਾਂ ਐਮ.ਐਸਸੀ. (ਆਨਰਜ਼) ਟੈਕਨੀਕਲ ਕੈਮਿਸਟਰੀ ਤਕ ਵਿੱਦਿਆ ਪ੍ਰਾਪਤ ਕੀਤੀ। ਮੁਲਤਾਨ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਪੰਜਾਬੀ ਤੇ ਉਰਦੂ ਜ਼ੁਬਾਨਾਂ ਸਿੱਖੀਆਂ। ਬਹੁਤੀ ਵਿੱਦਿਆ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ।

ਮੈਂ ਚੱਲਿਆ ਹਵਾ ਵਿੱਚ ਲਟਕਦੇ ਨਾ ਰਹਿਣਾ।

ਹਮੇਸ਼ਾ ਸੱਚ ਖਾਤਰ ਲੜਨਾ
ਮਸ਼ਾਲਾਂ ਬਾਲ ਕੇ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ'

—ਭਾਅ ਜੀ

ਨੌਕਰੀ ਤੋਂ ਨਾਟਕ ਵੱਲ

[ਸੋਧੋ]

1951 ਵਿੱਚ ਪੜ੍ਹਾਈ ਖ਼ਤਮ ਕਰਨ ਉਪਰੰਤ ਭਾਖੜਾ ਨੰਗਲ ਵਿਖੇ ਸੀਮਿੰਟ ਦੀ ਲੈਬਾਰਟਰੀ ਵਿੱਚ ਨੌਕਰੀ ਕੀਤੀ। ਉਥੇ ਕੰਮ ਕਰਦਿਆਂ ਉਹ ਇਪਟਾ (ਇੰਡੀਅਨ ਪੀਪਲਜ਼ ਥੀਏਟਰ) ਦੇ ਨਾਮੀ ਰੰਗਕਰਮੀ ਜੋਗਿੰਦਰ ਬਾਹਰਲਾ ਦੇ ਨਾਟਕਾਂ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹ ਖੁਦ ਰੰਗਮੰਚ ਦੇ ਖੇਤਰ ਵਿੱਚ ਕੁੱਦ ਪਏ ਅਤੇ ਆਪਣੀ ਸਾਰੀ ਜ਼ਿੰਦਗੀ ਲੋਕ ਪੱਖੀ ਨਾਟ-ਸਰਗਰਮੀਆਂ ਨੂੰ ਸਮਰਪਿਤ ਕਰ ਦਿੱਤੀ।[2] 19 ਸਤੰਬਰ 1975 ਨੂੰ ਉਹਨਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। 1981 ਵਿੱਚ ਉਹਨਾਂ ਨੇ ਆਪਣੀ ਮਰਜ਼ੀ ਨਾਲ ਰਿਟਾਇਰਮੈਂਟ ਲੈ ਲਈ। ਨੌਵੀਂ ਜਮਾਤ ਵਿੱਚ ਪੜ੍ਹਦਿਆਂ ਉਹਨਾਂ ਦਾ ਸਬੰਧ ਕਮਿਊਨਿਸਟ ਪਾਰਟੀ ਨਾਲ ਜੁੜ ਗਿਆ ਤੇ ਉਹ ਕਾਰਡ ਹੋਲਡਰ ਬਣ ਗਏ। ਛੋਟੀ ਉਮਰੇ ਮਾਰਕਸੀ ਫਲਸਫੇ ਨੂੰ ਪੜਿਆ।

ਮੈਂ ਉਹਨਾਂ ਲੋਕਾਂ ’ਚੋਂ ਹਾਂ ਜੋ ਸਦਾ ਸਫਰ ’ਤੇ ਰਹੇ, ਜਿਹਨਾਂ ਦੇ ਸਿਰ ’ਤੇ ਸਦਾ ਤਾਰਿਆਂ ਦਾ ਥਾਲ ਰਿਹਾ

ਸੁਰਜੀਤ ਪਾਤਰ

ਰੰਗਮੰਚ

[ਸੋਧੋ]

ਨਾਟਕਾਂ ਵਿੱਚ ਆਪਣੀ ਪਤਨੀ ਕੈਲਾਸ਼ ਕੌਰ ਅਤੇ ਦੋ ਧੀਆਂ ਨੂੰ ਨਾਲ ਲੈ ਕੇ ਮੋਢਿਆਂ ਉਤੇ ਨਾਟ-ਸਮੱਗਰੀ ਦੇ ਥੈਲੇ ਚੁੱਕੀ ਭਾਅ ਜੀ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਦੇ, ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦੇ, ਨਾਟਕ ਖੇਡਦੇ, ਲੋਕਾਂ ਵਿੱਚ ਚੰਗਾ ਸਾਹਿਤ ਲੈ ਕੇ ਜਾਂਦੇ, ਬਿਨਾਂ ਕੋਈ ਟਿਕਟ ਲਾਇਆਂ ਹਜ਼ਾਰਾਂ, ਲੱਖਾਂ ਲੋਕਾਂ ਸਾਹਮਣੇ ਨਾਟਕ ਖੇਡਦੇ, ਕਿਸਾਨਾਂ, ਮਜ਼ਦੂਰਾਂ ਦੇ ਘਰਾਂ 'ਚ ਰੁੱਖੀ-ਮਿੱਸੀ ਦਾਲ ਰੋਟੀ ਛੱਕ ਕੇ ਠੰਡਾ ਪਾਣੀ ਪੀ ਕੇ ਫੇਰ ਅਗਲੇ ਪਿੰਡ ਲੋਕਾਂ ਨੂੰ ਪ੍ਰੇਰਨ ਵਾਲਾ ਜ਼ਿੰਦਗੀ ਦਾ ਮਸੀਹਾ, ਲੱਖਾਂ ਨੌਜਵਾਨਾਂ ਨੂੰ ਪ੍ਰੇਰਦਾ। ਉਹ ਹਮੇਸ਼ਾ ਹੀ ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ ਤੇ ਗ਼ਦਰੀ ਬਾਬਿਆਂ ਦੇ ਰਾਹ ਨੂੰ ਆਪਣਾ ਰਾਹ ਕਹਿੰਦੇ। 50 ਸਾਲਾਂ ਦੇ ਰੰਗਮੰਚ ਸਫ਼ਰ ਵਿੱਚ ਉਹਨਾਂ ਨੇ 185 ਤੋਂ ਵੱਧ ਨਾਟਕ ਲਿਖੇ, ਉਹਨਾਂ ਨਾਟਕਾਂ ਦੀਆਂ 12000 ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਸ਼-ਵਿਦੇਸ਼ ਵਿੱਚ ਕੀਤੀਆਂ। ਉਹਨਾਂ ਨੇ ਅਦਾਕਾਰੀ ਅਤੇ ਨਾਟ ਪੇਸ਼ਕਾਰੀ ਦੀ ਆਪਣੀ ਵਿਸ਼ੇਸ਼ ਸ਼ੈਲੀ ਵਿਕਸਤ ਕੀਤੀ, ਆਪਣੀ ਹੋਂਦ ਭੁੱਲ ਕੇ ਪਾਤਰ ਦਾ ਸਾਕਾਰ ਰੂਪ ਹੋ ਜਾਣ ਵਾਲੀ ਸ਼ੈਲੀ, ਜਜ਼ਬੇ ਗੁੱਧੀ, ਦਰਸ਼ਕਾਂ ਦੀ ਸੋਚ ਨੂੰ ਕਰਾਮਾਤੀ ਢੰਗ ਨਾਲ ਆਪਣੇ ਨਾਲ ਬਰਾਬਰ ਤੋਰ ਲੈਣ ਵਾਲੀ ਸ਼ੈਲੀ, ਥੜਾ ਰੰਗਮੰਚ ਸ਼ੈਲੀ, ਨੁੱਕੜ ਨਾਟਕ ਸ਼ੈਲੀ, ਪੇਂਡੂ ਰੰਗਮੰਚ ਸ਼ੈਲੀ। ਉਹਨਾਂ ਨੇ ਰੰਗਮੰਚ ਨੂੰ ਸਮਾਜਿਕ ਚੇਤਨਾ ਲਈ ਹਥਿਆਰ ਵਜੋਂ ਵਰਤਿਆ। ਉਮਰ ਦੇ ਅੱਠ ਦਹਾਕੇ ਪਾਰ ਕਰਕੇ ਵੀ ਗੁਰਸ਼ਰਨ ਸਿੰਘ ਲੋਕਾਂ ਨੂੰ ਜਗਾਉਣ ਲਈ ਹੋਕੇ ਦੇ ਰਿਹਾ ਸੀ।[3][4]

ਜਗਾਉਣ ਦਾ ਹੋਕਾ

[ਸੋਧੋ]

ਭਾਖੜਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਉਥੇ ਕੰਮ ਚੌਵੀ ਘੰਟੇ ਚਲਦਾ ਸੀ। ਕੋਈ ਛੁੱਟੀ ਨਹੀਂ ਸੀ ਹੁੰਦੀ। ਅਫ਼ਸਰਾਂ ਨੇ ਕਿਹਾ ਕਿ ਅਗਲੇ ਦਿਨ 8-12 ਵਾਲੀ ਸ਼ਿਫਟ ਵਿੱਚ ਜ਼ਰੂਰੀ ਕੰਮ ਚਲਾਏ ਜਾਣ ਅਤੇ ਬਾਕੀ ਛੁੱਟੀ ਕੀਤੀ ਜਾਵੇ ਪਰ ਮੈਨੇਜਮੈਂਟ ਨੇ ਇਹ ਗੱਲ ਨਾ ਮੰਨੀ। ਨਤੀਜੇ ਦੇ ਤੌਰ 'ਤੇ ਉਥੇ ਲੋਹੜੀ ਦੀ ਬਹੁਤ ਵੱਡੀ ਹੜਤਾਲ ਹੋਈ। ਇਹ ਗੱਲ 1954 ਦੀ ਹੈ। ਇੱਥੇ ਹੀ ਉਹਨਾਂ ਨੇ ਪਹਿਲਾ ਨਾਟਕ 'ਲੋਹੜੀ ਦੀ ਹੜਤਾਲ' ਲਿਖਿਆ ਅਤੇ ਖੇਡਿਆ। 1952 ਭਾਖੜਾ ਡੈਮ ’ਤੇ ਬਤੌਰ ਇੰਜੀਨੀਅਰ ਸੇਵਾ ਨਿਭਾ ਰਹੇ ਸਨ। ਡੈਮ ’ਤੇ ਮੁਲਾਜ਼ਮਾ ਨੂੰ ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਕਰਕੇ ਅਫ਼ਸਰਾਂ ਤੇ ਰਾਜਨੀਤਕ ਲੋਕਾਂ ਵੱਲੋਂ ਹੱਕੀ ਮੰਗਾਂ ਦੀ ਅਣਦੇਖੀ ਕਾਰਨ ਮਿਹਨਤੀ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ। ਇਸੇ ਹੜਤਾਲ ’ਚ ਗੁਰਸ਼ਰਨ ਸਿੰਘ ਨੇ ਉਸ ਸਮੇਂ ਇੱਕ ਨਾਟਕ ਲਿਖ ਕੇ ਖੇਡਿਆ ਜਿਸ ਦਾ ਨਾਂ ਵੀ ‘ਹੜਤਾਲ’ ਸੀ। ਸਰਕਾਰ ਦੀਆਂ ਨਜ਼ਰਾਂ ਵਿੱਚ ਗੁਰਸ਼ਰਨ ਸਿੰਘ ਵਿਦਰੋਹੀ ਸੁਰ ਰੱਖਣ ਵਾਲਾ ਤੇ ਹੋਰਨਾਂ ਨੂੰ ਵਿਦਰੋਹ ਲਈ ਉਕਸਾਉਣ ਵਾਲਾ ਬਣ ਗਿਆ। ਅਜਿਹੇ ਹਾਲਾਤ ਵਿੱਚ ਗੁਰਸ਼ਰਨ ਸਿੰਘ ਦਾ ਨੌਕਰੀ ਕਰਨਾ ਮੁਸ਼ਕਲ ਹੋ ਗਿਆ। ਸਿੱਟੇ ਵਜੋਂ ਅਸਤੀਫ਼ਾ ਦੇ ਕੇ ਨਾਟਕ ਵਿਧਾ ਦੇ ਖੇਤਰ ਵਿੱਚ ਆ ਡਟੇ।[5]

ਨੁੱਕੜ ਨਾਟਕ

[ਸੋਧੋ]

ਉਹਨਾਂ ਨੇ ਨਾਟਕ ਵਰਗੀ ਕਲਾ ਦੀ ਨਬਜ਼ ਪਛਾਣ ਲਈ ਕਿ ਇਹ ਲੋਕਾਂ 'ਤੇ ਜਾਦੂ ਵਰਗਾ ਅਸਰ ਕਰਦੀ ਹੈ। ਉਹਨਾਂ ਨੇ ਬਿਨਾਂ ਸਟੇਜ ਰਿਹਰਸਲ, ਲਾਈਟਾਂ ਅਤੇ ਮਿਊਜ਼ਿਕ ਦੇ ਨੁੱਕੜ ਨਾਟਕਾਂ ਦੀ ਨੀਂਹ ਰੱਖੀ। ਇਸ ਨੂੰ ਪ੍ਰਾਚੀਨ ਲੋਕ ਕਲਾ ਵਿੱਚ ਢਾਲ ਕੇ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ। ਨਾਟਕ ਇੱਕ ਅਜਿਹੀ ਆਦਿ ਕਾਲੀ ਸਾਹਿਤਕ ਕਲਾ ਹੈ, ਜਿਸ ਦਾ ਪ੍ਰਭਾਵ ਚਿਰ ਸਥਾਈ ਅਤੇ ਸੰਦੇਸ਼ ਬੜੇ ਉਤੇਜਕ ਸੁਭਾਅ ਵਾਲਾ ਹੁੰਦਾ ਹੈ। ਇਹੀ ਕਾਰਨ ਸੀ ਕਿ ਪਿੰਡਾਂ ਵਿੱਚ ਇਹ ਲੋਕ ਲਹਿਰ ਦਾ ਰੂਪ ਧਾਰਨ ਕਰ ਗਈ।

ਡਰਾਮਾ ਪਾਰਟੀ

[ਸੋਧੋ]

ਅੰਮ੍ਰਿਤਸਰ ਸਕੂਲ ਆਫ ਡਰਾਮਾ ਰਾਹੀਂ ਨਵੇਂ ਮੁੰਡੇ-ਕੁੜੀਆਂ ਨੂੰ ਨਾਟਕ ਨਾਲ ਜੋੜਿਆ। ਇਹ ਮੁੰਡੇ ਖੁਦ ਵੱਡੇ ਕਲਾਕਾਰ ਅਤੇ ਨਿਰਦੇਸ਼ਕ ਬਣ ਗਏ। ਡਾ. ਸਾਹਿਬ ਸਿੰਘ ਅਤੇ ਕੇਵਲ ਧਾਲੀਵਾਲ ਵਰਗੇ ਨਾਮਵਰ ਕਲਾਕਾਰ ਹੁਣ ਗੁਰਸ਼ਰਨ ਸਿੰਘ ਦੀ ਸੋਚ ਨੂੰ ਹਰ ਆਦਮੀ ਤਕ ਲਿਜਾਣ ਲਈ ਪ੍ਰਤੀਬੱਧ ਹਨ। 1964 ਵਿੱਚ ਭਾਅ ਜੀ ਨੇ ਅੰਮ੍ਰਿਤਸਰ ਵਿਖੇ ਦੋਸਤਾਂ ਨਾਲ ਰਲ ਕੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਨੀਂਹ ਰੱਖੀ। ਅੱਜ ਇਹ ਸੰਸਥਾ ਨਾਟਕਾਂ ਦੀ ਉੱਘੀ ਸੰਸਥਾ ਹੈ। ਇਸ ਨੇ ਥੀਏਟਰ ਨੂੰ ਕਸਬੀ ਪੱਧਰ 'ਤੇ ਅਪਣਾਇਆ। ਇਸ ਸੰਸਥਾ ਦਾ ਉਦੇਸ਼ ਸੀ ਕਿ ਚੰਗੇ, ਅਗਾਂਹਵਧੂ ਨਾਟਕਾਂ ਦੀ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਨਾ ਤਾਂ ਜੋ ਸਰਮਾਏਦਾਰੀ ਤਾਕਤਾਂ ਦੇ ਖ਼ਿਲਾਫ਼ ਭਰਵੀਂ ਮੋਰਚੇਬੰਦੀ ਕੀਤੀ ਜਾ ਸਕੇ।

ਸੰਪਾਦਨਾ ਅਤੇ ਪ੍ਰਕਾਸ਼ਨ

[ਸੋਧੋ]

ਲੋਕਾਂ ਤੱਕ ਆਪਣੇ ਵਿਚਾਰ ਪਹੁੰਚਾਉਣ ਲਈ ਉਹਨਾਂ ਨੇ ਨਾਟਕ ਦੇ ਨਾਲ ਹੋਰ ਸਾਧਨਾਂ ਨੂੰ ਵੀ ਵਰਤੋਂ ਵਿੱਚ ਲਿਆਂਦਾ। ਸੰਨ 1980 ਤੋਂ ਲੈ ਕੇ ਸੰਨ 1989 ਤੱਕ ਉਹ ਮੈਗਜ਼ੀਨ 'ਸਮਤਾ'[6] ਦੀ ਸੰਪਾਦਨਾ ਕਰਦੇ ਰਹੇ। ਇਸ ਸਮੇਂ ਦੌਰਾਨ ਸਮਤਾ ਦੇ 100 ਤੋਂ ਵਧੇਰੇ ਅੰਕ ਪ੍ਰਕਾਸ਼ਤ ਹੋਏ। 'ਸਮਤਾ' ਵਿੱਚ ਅਗਾਂਹਵਧੂ ਸਾਹਿਤ ਛਾਪਣ ਦੇ ਨਾਲ ਨਾਲ ਉਹ ਆਪਣੇ ਦੌਰ ਦੀਆਂ ਸਮਾਜਕ, ਸੱਭਿਆਚਾਰਕ ਅਤੇ ਸਿਆਸੀ ਸਥਿਤੀਆਂ 'ਤੇ ਗੰਭੀਰ ਅਤੇ ਮੁੱਲਵਾਨ ਟਿੱਪਣੀਆਂ ਕਰਦੇ ਸਨ। 'ਸਮਤਾ' ਤੋਂ ਬਿਨਾਂ ਉਹ ਕਈ ਸਾਲ 'ਸਰਦਲ' ਨਾਂ ਦੇ ਰਸਾਲੇ ਦੇ ਵੀ ਸੰਪਾਦਕ ਰਹੇ।

ਲੋਕਾਂ ਤੱਕ ਸਸਤੀਆਂ ਕਿਤਾਬਾਂ ਪਹੁੰਚਾਉਣ ਲਈ ਉਹ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਦੇ ਨਾਂ ਹੇਠ ਕਿਤਾਬਾਂ ਦੀ ਪ੍ਰਕਾਸ਼ਨਾ ਵੀ ਕਰਦੇ ਸਨ। ਆਪਣੇ ਨਾਟਕਾਂ ਦੇ ਪ੍ਰੋਗਰਾਮਾਂ ਵਿੱਚ ਉਹ ਇਸ ਪ੍ਰਕਾਸ਼ਨ ਵਲੋਂ ਛਾਪੀਆਂ ਗਈਆਂ ਕਿਤਾਬਾਂ ਲੋਕਾਂ ਨੂੰ ਸਸਤੇ ਮੁੱਲ 'ਤੇ ਵੇਚਿਆ ਕਰਦੇ ਸਨ।

ਕੈਨੇਡਾ ਫੇਰੀਆਂ

[ਸੋਧੋ]

ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ 'ਤੇ ਗੁਰਸ਼ਰਨ ਸਿੰਘ ਪਹਿਲੀ ਵਾਰੀ ਆਪਣੀ ਟੀਮ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਲ ਸੰਨ 1983 ਵਿੱਚ ਕੈਨੇਡਾ ਆਏ। ਇਸ ਸਮੇਂ ਉਹਨਾਂ ਦੇ ਨਾਟਕਾਂ ਦੇ ਪ੍ਰੋਗਰਾਮ ਕੈਨੇਡਾ ਭਰ ਦੇ ਸ਼ਹਿਰਾਂ ਵਿੱਚ ਕਰਵਾਏ ਗਏ। ਇਸ ਦੇ ਨਾਲ ਹੀ ਇਪਾਨਾ ਨੇ ਉਹਨਾਂ ਦੇ ਦੋ ਨਾਟਕਾਂ 'ਮਿੱਟੀ ਦਾ ਮੁੱਲ' ਅਤੇ 'ਚਾਂਦਨੀ ਚੌਂਕ ਤੋਂ ਸਰਹਿੰਦ ਤੱਕ' ਦੀ ਵੀਡੀਓ ਅਤੇ ਇੱਕ ਅਗਾਂਹਵਧੂ ਗੀਤਾਂ ਦਾ ਰਿਕਾਰਡ 'ਛੱਟਾ ਚਾਨਣਾ ਦਾ' ਰਿਕਾਰਡ ਕਰਵਾਇਆ। ਸੰਨ 1985 ਵਿੱਚ ਉਹ ਦੂਸਰੀ ਵਾਰ ਇਕੱਲੇ ਕੈਨੇਡਾ ਆਏ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੈਨੇਡਾ ਦੇ ਸਥਾਨਕ ਕਲਾਕਾਰਾਂ ਨਾਲ ਮਿਲ ਕੇ ਨਾਟਕਾਂ ਦੇ ਪ੍ਰੋਗਰਾਮ ਪੇਸ਼ ਕੀਤੇ। ਇਹਨਾਂ ਦੋਹਾਂ ਫੇਰੀਆਂ ਦੌਰਾਨ ਉਹਨਾਂ ਨੇ ਕੈਨੇਡਾ ਵਿੱਚ ਰੰਗਮੰਚ ਸਰਗਰਮੀਆਂ ਕਰ ਰਹੇ ਜਾਂ ਕਰਨ ਦੇ ਚਾਹਵਾਨ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਹਨਾਂ ਨੂੰ ਰੰਗਮੰਚ ਕਰਨ ਲਈ ਉਤਸ਼ਾਹਿਤ ਕੀਤਾ। ਨਤੀਜੇ ਵਜੋਂ ਕੈਨੇਡਾ ਵਿੱਚ ਕਈ ਨਾਟਕ ਮੰਡਲੀਆਂ ਹੋਂਦ ਵਿੱਚ ਆਈਆਂ। ਇਸ ਤਰ੍ਹਾਂ ਉਹਨਾਂ ਨੇ ਕੈਨੇਡਾ ਵਿੱਚ ਪੰਜਾਬੀ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਇਆ।

ਇਸ ਤੋਂ ਬਾਅਦ ਉਹ ਸੰਨ 1995 ਅਤੇ 1997 ਵਿੱਚ ਆਪਣੀ ਨਾਟਕ ਮੰਡਲੀ ਨਾਲ ਕੈਨੇਡਾ ਆਏ ਅਤੇ ਕੈਨੇਡਾ ਦੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਨਾਟਕ ਪੇਸ਼ ਕੀਤੇ।[7]

ਰੰਗਕਰਮੀ ਨਾਮ

[ਸੋਧੋ]

ਰੰਗਕਰਮੀ ਗੁਰਸ਼ਰਨ ਸਿੰਘ ਭਾਅ ਜੀ ਜਿਸ ਮੁਕਾਮ ’ਤੇ ਸਨ ਸ਼ਾਇਦ ਸਰਕਾਰੀ ਨੌਕਰੀ ਦੌਰਾਨ ਨਹੀਂ ਪਹੁੰਚਦੇ। ਪੈਸੇ ਤਾਂ ਬਥੇਰੇ ਇਕੱਠੇ ਹੋ ਜਾਂਦੇ ਪਰ ਲੋਕਸ਼ਕਤੀ ਇਕੱਠੀ ਨਹੀਂ ਸੀ ਹੋਣੀ। ਪੰਜਾਬੀ ਸਾਹਿਤ ਨੂੰ ਹੋਰ ਅਮੀਰ ਬਣਾਉਣ ਵਿੱਚ ਉਹਨਾਂ ਦਾ ਭਰਵਾਂ ਯੋਗਦਾਨ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕੋਰਸਾਂ ਵਿੱਚ ਉਹਨਾਂ ਦੇ ਨਾਟਕ ਲੱਗੇ ਹੋਏ ਹਨ। ਬਹੁਤ ਸਾਰੇ ਖੋਜਾਰਥੀਆਂ/ਵਿਦਵਾਨਾਂ ਨੇ ਭਾਅ ਜੀ ਦੀ ਨਾਟਕ ਸ਼ੈਲੀ ਤੇ ਹੋਰ ਵੱਖ-ਵੱਖ ਪਹਿਲੂਆਂ ’ਤੇ ਕੰਮ ਕੀਤਾ ਹੈ ਤੇ ਹੋਈ ਜਾ ਰਿਹਾ ਹੈ।

ਸਰਦਾਰ ਸਾਹਿਬ, ਸੁਨਾ ਕਰਤੇ ਥੇ ਕਿ ਸ਼ੈਕਸਪੀਅਰ ਕੇ ਜ਼ਮਾਨੇ ਮੇਂ ਲੋਕ ਬਿਲਕੁਲ ਬਲੈਕ ਕਰਟਿਨ ਕੇ ਆਗੇ ਆ ਕਰ ਨਾਟਕ ਕੀਆ ਕਰਤੇ ਥੇ ਅੋਰ ਘੰਟਾ ਭਰ ਲੋਗੋਂ ਕੋ ਸਪੈਲ- ਬਾਊਂਡ ਰਖਤੇ ਥੇ। ਆਜ ਇਸ ਹਾਲ ਮੇਂ ਹਮ ਨੇ ਫਿਰ ਦੇਖਾ। ਹਮ ਆਪਕੇ ਆਗੇ ਸਰ ਝੁਕਾਤੇ ਹੈ। ਆਪ ਬਹੁਤ ਬੜੇ ਕਲਾਕਾਰ ਹੈ।

—ਦਲੀਪ ਕੁਮਾਰ

ਭਾਈ ਮੰਨਾ ਸਿੰਘ

[ਸੋਧੋ]

ਦੂਰਦਰਸ਼ਨ ਜਲੰਧਰ ਤੋਂ ਪੇਸ਼ ਕੀਤੇ ਲੜੀਵਾਰ ਸੀਰੀਅਲ ਵਿੱਚ ਉਹ ‘ਭਾਈ ਮੰਨਾ ਸਿੰਘ’ ਦੇ ਨਾਂ ਨਾਲ ਚਰਚਿਤ ਹੋਏ। ਦੇਸ਼ਾਂ, ਵਿਦੇਸ਼ਾਂ ਵਿੱਚ ਪ੍ਰਸੰਸਕਾਂ ਅਤੇ ਚਾਹੁਣ ਵਾਲਿਆਂ ਨੇ ਸਤਿਕਾਰ ਨਾਲ ਆਪ ਜੀ ਨੂੰ ਭਾਅ ਜੀ ਦਾ ਨਾਂ ਦਿੱਤਾ।

ਕਾਰਜ

[ਸੋਧੋ]

ਆਪ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦਾ ਨਕਸ਼ਾ ਹੋਰਾਂ ਇੰਜੀਨੀਅਰ ਨਾਲ ਮਿਲ ਕੇ ਵਾਹਿਆ ਸੀ। ਆਪ ਜੀ ਦੀ ਸਲਾਹ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀ ਦੇ ਪਿਤਾ ਦੇ ਨਾਂ ਦੇ ਨਾਲ ਉਸ ਦੀ ਮਾਤਾ ਦਾ ਨਾਂ ਵੀ ਦਰਜ ਹੋਣ ਲੱਗਿਆ। ਪੰਜਾਬ ਦੇ ਬੁਰੇ ਦਿਨਾਂ ਵਿੱਚ ਭਾਅ ਜੀ ਨੇ ਆਪਣੀ ਆਵਾਜ਼ ਨੂੰ ਛੁਪਾਇਆ ਨਹੀਂ ਸਗੋਂ ਆਪਣੇ ਸਟੇਜੀ ਪ੍ਰੋਗਰਾਮਾਂ ’ਤੇ ਗ਼ਲਤ ਨੂੰ ਗ਼ਲਤ ਕਹਿੰਦੇ ਰਹੇ।

ਨਾਟਕ[8]

[ਸੋਧੋ]
  • ਬਾਬਾ ਬੋਲਦਾ ਹੈ
  • ਸੀਸ ਤਲੀ 'ਤੇ
  • ਧਮਕ ਨਗਾਰੇ ਦੀ
  • ਬੇਗਮੋ ਦੀ ਧੀ
  • ਨਵਾਂ ਜਨਮ ਅਤੇ ਹੋਰ ਨਾਟਕ
  • ਚਾਂਦਨੀ ਚੌਂਕ ਤੋਂ ਸਰਹੰਦ ਤੱਕ
  • ਘੁੰਮਣਘੇਰੀ
  • ਟੁੰਡਾ ਹੌਲਦਾਰ
  • ਸੁਖੀ ਬਸੈ ਮਸਕੀਨੀਆ
  • ਕਿਵ ਕੂੜੈ ਤੁਟੈ ਪਾਲ
  • ਸੂਰਮੇ ਦੀ ਸਿਰਜਣਾ
  • ਪੁਰਜ਼ਾ-ਪੁਰਜ਼ਾ ਕਟ ਮਰੇ
  • ਤੱਤੀ ਤਵੀ
  • ਤਬੈ ਰੋਸ ਜਾਗਯੋ
  • ਗੁਰੂ ਲਾਧੋ ਰੇ
  • ਨਿਓਟਿਆਂ ਦੀ ਓਟ
  • ਚੰਡੀਗੜ੍ਹ ਪੁਆੜੇ ਦੀ ਜੜ੍ਹ
  • ਹਿਟ ਲਿਸਟ
  • ਜੰਗੀ ਰਾਮ ਦੀ ਹਵੇਲੀ
  • ਇਨਕਲਾਬ ਜ਼ਿੰਦਾਬਾਦ
  • ਹੋਰ ਭੀ ਉਠਸੀ ਮਰਦਾ ਕਾ ਚੇਲਾ
  • ਤੇ ਦੇਵ ਪੁਰਸ਼ ਹਾਰ ਗਏ
  • ਕੰਮੀਆਂ ਦਾ ਵਿਹੜਾ
  • ਅਸੀਂ ਯੁੱਗ ਸਿਰਜਾਂਗੇ
  • ਕਵਿਤਾ ਦਾ ਕਤਲ
  • ਨਿੱਕਰ ਰਾਜ
  • ਪਾਣੀ
  • ਲਾਰੇ
  • ਠੱਗੀ
  • ਸ਼ਹੀਦ
  • ਸੰਕਟ ਹੈ ਸੰਕਟ ਨਹੀਂ
  • ਸਾਡਾ ਵਿਰਸਾ
  • ਖੁਦਕੁਸ਼ੀ ਨਹੀਂ
  • ਸੰਘਰਸ਼ ਸਾਡਾ ਨਾਅਰਾ ਹੈ
  • ਕਸ਼ਮੀਰ
  • ਇਨਕਲਾਬ ਦੇ ਰਾਹ ’ਤੇ
  • ਸਾਖੀ ਭਾਈ ਘਨੱਈਆ ਜੀ
  • ਮੁਖਧਾਰਾ
  • ਤਮਾਸ਼ਾ-ਏ-ਹਿੰਦੋਸਤਾਨ
  • ਤੰਦੂਰ
  • ਸਤਨਾਮੀ ਬਾਈ
  • ਹੀਰੋਸ਼ੀਮਾ

ਸਨਮਾਨ

[ਸੋਧੋ]
  • ਪੰਜਾਬੀ ਟ੍ਰਿਬਿਊਨ ਵੱਲੋਂ ਸਾਲ ਦੀ ਚੰਗੀ ਸ਼ਖਸੀਅਤ ਬਾਰੇ ਮੰਗੀ ਗਈ ਰਾਇ ਵਿੱਚ ਭਾਅ ਜੀ ਦੇ ਹਿੱਸੇ ਬਹੁਮਤ ਆਇਆ।
  • ਪਿੰਡ ਕੁੱਸਾ ਜ਼ਿਲ੍ਹਾ ਮੋਗਾ ਵਿਖੇ ਲਾਮਿਸਾਲ ਇਕੱਠ ਵਿੱਚ ਆਪ ਦਾ ਸਨਮਾਨ ਕੀਤਾ ਗਿਆ।
  • ਮਹਾਰਾਸ਼ਟਰ ਦੀ ਨਾਟਕ ਸੰਸਥਾ ਨੇ ਨਾਟਕ ਖੇਤਰ ਦਾ ਵੱਡਾ ਐਵਾਰਡ ‘ਨਾਟਕ ਰਤਨ’ ਦੇ ਕੇ ਸਨਮਾਨ ਕੀਤਾ।
  • 24 ਦਸੰਬਰ 2010 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰਸ਼ਰਨ ਸਿੰਘ ਨੂੰ ਡੀ. ਲਿਟ ਦੀ ਡਿਗਰੀ ਦੇ ਕੇ ਸਨਮਾਨਿਆ ਗਿਆ।

ਬਾਹਰਲੇ ਲਿੰਕ

[ਸੋਧੋ]

ਹਵਾਲੇ

[ਸੋਧੋ]
  1. ਅਮਰੀਕ. "ਉਹ ਨੁੱਕੜ ਨਾਟਕਾਂ ਨੂੰ ਪੰਜਾਬ ਦੇ ਪਿੰਡ ਪਿੰਡ ਲੈ ਗਿਆ". Tribuneindia News Service. Retrieved 2020-09-20.
  2. "ਇਨਕਲਾਬ ਦਾ ਸੁੱਚਾ ਗੀਤ: ਭਾਅ ਜੀ ਗੁਰਸ਼ਰਨ ਸਿੰਘ- ਲੇਖਕ, ਕੇਹਰ ਸ਼ਰੀਫ਼". Archived from the original on 2014-07-15. Retrieved 2014-09-16. {{cite web}}: Unknown parameter |dead-url= ignored (|url-status= suggested) (help)
  3. http://paash.wordpress.com/2012/01/09/ਪਾਸ਼-ਟਰੱਸਟ-ਵੱਲੋਂ-ਭਾਅ-ਜੀ-ਗੁਰ/[permanent dead link]
  4. ਰਾਮ ਸਵਰਨ ਲੱਖੇਵਾਲੀ (2019-01-25). "ਬਣ ਜ਼ਿੰਦਗੀ ਦਾ ਸਿਰਨਾਵਾਂ..." Punjabi Tribune Online (in ਹਿੰਦੀ). Retrieved 2019-01-25.[permanent dead link]
  5. http://www.doabaheadlines.co.in/story/11949[permanent dead link]
  6. http://www.watanpunjabi.ca/vishesh/samta.php
  7. ਵਤਨੋਂ ਦੂਰ - ਜੁਲਾਈ-ਅਗਸਤ, 1983 (ਸਫਾ 40), ਵਤਨੋਂ ਦੂਰ - ਸਤੰਬਰ-ਦਸੰਬਰ, 1983 (ਸਫਾ 24), ਅਤੇ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਦੀ ਕਿਤਾਬ ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪ੍ਰਗਤੀਸ਼ੀਲ ਲਹਿਰ (2000), ਚੇਤਨਾ ਪ੍ਰਕਾਸ਼ਨ, ਲੁਧਿਆਣਾ।
  8. "ਗੁਰਸ਼ਰਨ ਸਿੰਘ ਦੇ ਨਾਟਕ". Tribuneindia News Service. Archived from the original on 2023-01-06.