ਸਮੱਗਰੀ 'ਤੇ ਜਾਓ

ਕਰਮ ਸਿੰਘ (ਹਿਸਟੋਰੀਅਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਰਮ ਸਿੰਘ ਹਿਸਟੋਰੀਅਨ
ਜਨਮ
ਕਰਮ ਸਿੰਘ

ਮਾਰਚ 1884
ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ
ਮੌਤ1930
ਪੰਜਾਬ
ਰਾਸ਼ਟਰੀਅਤਾਭਾਰਤ
ਸਿੱਖਿਆਐਫ. ਐਸ.ਸੀ
ਪੇਸ਼ਾਲੇਖਕ ਅਤੇ ਇਤਿਹਾਸਕਾਰ

ਕਰਮ ਸਿੰਘ (ਮਾਰਚ 1884-1930)ਦਾ ਜਨਮ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ ਵਿਖੇ ਸ. ਝੰਡਾ ਸਿੰਘ[1] ਦੇ ਘਰ ਹੋਇਆ। ਦਸਵੀਂ ਪਾਸ ਕਰਨ ਉਪਰੰਤ ਉਹਨਾਂ ਨੇ ਐੱਫ.ਐੱਸ.ਸੀ। ਦੀ ਪੜ੍ਹਾਈ ਲਈ 1902 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਐਫ.ਐਸ.ਸੀ ਵਿੱਚ ਦਾਖਲਾ ਲੈ ਲਿਆ।[1] ਭਾਈ ਰਤਨ ਸਿੰਘ ਭੰਗੂ, ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਸੁੱਖਾ ਸਿੰਘ ਆਦਿ ਵਿਦਵਾਨਾਂ ਨੇ ਸਿੱਖ ਇਤਿਹਾਸ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ ਪਰ ਇਹ ਵਡਮੁੱਲੇ ਗ੍ਰੰਥ ਨਵੀਂ ਵਿਗਿਆਨਕ ਖੋਜ ਦੀ ਕਸਵੱਟੀ ’ਤੇ ਪੂਰੇ ਨਹੀਂ ਉੱਤਰਦੇ। ਇਸ ਕਾਰਨ ਤਾਰੀਖਾਂ ਤੇ ਘਟਨਾਵਾਂ ਬਾਰੇ ਕਈ ਭਰਮ-ਭੁਲੇਖੇ ਪੈਦਾ ਹੁੰਦੇ ਰਹੇ ਹਨ।

ਮੁਢਲਾ ਜੀਵਨ

[ਸੋਧੋ]

ਕਰਮ ਸਿੰਘ ਮੁੱਢਲੇ ਤੌਰ ’ਤੇ ਸਾਇੰਸ ਦੇ ਵਿਦਿਆਰਥੀ ਸਨ ਪਰ ਕਾਲਜ ਦੇ ਸਿੱਖ ਧਰਮ-ਪੱਖੀ ਮਾਹੌਲ ਨੇ ਉਹਨਾਂ ਨੂੰ ਇਤਿਹਾਸਕ ਪੁਸਤਕਾਂ ਪੜ੍ਹਨ ਦੀ ਚੇਟਕ ਲਾ ਦਿੱਤੀ। ਕਰਮ ਸਿੰਘ ਨੇ ਵਿਗਿਆਨਕ ਢੰਗ ਨਾਲ ਸਿੱਖ ਇਤਿਹਾਸ ਦੀ ਖੋਜ ਲਈ ਜੀਵਨ ਅਰਪਣ ਕਰਨ ਦਾ ਪ੍ਰਣ ਪੱਤਰ ਭਰਿਆ।

ਮੌਲਿਕ ਸਿੱਖ ਇਤਹਾਸਕਾਰ

[ਸੋਧੋ]

ਕਰਮ ਸਿੰਘ ਦਾ ਇਤਿਹਾਸ ਖੋਜਣ ਦਾ ਢੰਗ ਮੌਲਿਕ, ਸਾਇੰਟਫਕ ਤੇ ਨਿਵੇਕਲਾ ਸੀ।ਉਸ ਨੇ ਆਪਣੇ ਨੋਟਾਂ ਰਾਹੀਂ ਇਸ ਸ਼ੈਲੀ ਦੀ ਵਿਆਖਿਆ ਆਪਣੇ ਮਾਲਕ ਪੱਤਰ ਫੁਲਵਾੜੀ ਵਿੱਚ ਛਪਵਾਏ ਲੇਖਾਂ ਵਿੱਚ ਕੀਤੀ ਹੈ।ਕਾਲਜ ਦੀ ਪੜ੍ਹਾਈ ਛੱਡਣ ਬਾਅਦ ਉਸ ਨੂੰ ਆਪਣੇ ਜਨੂਨ ਕਾਰਨ ਬਹੁਤ ਮਾਇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿੱਚ ਇਕਾ ਦੁੱਕਾ ਵਿਅੱਕਤੀਆਂ ਨੇ ਹੀ ਸਾਥ ਦਿੱਤਾ ਜਿਸ ਵਿੱਚ ਉਹਨਾਂ ਦੇ ਇੱਕ ਮਿੱਤਰ ਮਾਸਟਰ ਈਸ਼ਰ ਸਿੰਘ ਨੇ ਆਪਣੀ ਅੱਧੀ ਤਨਖ਼ਾਹ ਜੋ ਉਸ ਵੇਲਾਂਗੇ ਸਾਢੇ ਸੱਤ ਰੁਪਏ ਸੀ ਦੇ ਕੇ ਆਪਣਾ ਯੋਗਦਾਨ ਪਾਇਆ।ਭਾਈ ਤਖਤ ਸਿੰਘ ਫ਼ਿਰੋਜ਼ਪੁਰ ਵਾਲੇ ਤੇ ਭਾਈ ਮੋਹਨ ਸਿੰਘ ਵੈਦ ਨੇ ਹੌਸਲਾ ਅਫਜਾਈ ਕੀਤੀ। ਸਿੱਖ ਸਭਾ ਸੁਸਾਇਟੀਆਂ ਨੂੰ ਤਾਂ ਉਹਨਾਂ ਦੇ ਕੰਮ ਦੀ ਮਹੱਤਤਾ ਬਹੁਤ ਦੇਰ ਬਾਅਦ ਪਤਾ ਲੱਗੀ ਜਦ 1929 ਵਿੱਚ ਅਕਾਲ ਤਖਤ ਵਿਖੇ ਹੋਈ ਇਕੱਤਰਤਾ ਵਿੱਚ ਸਿੱਖ ਹਿਸਟਰੀ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਇਨ੍ਹਾਂ ਨੂੰ ਸੰਸਥਾਪਕ ਸਕੱਤਰ ਐਲਾਨਿਆ ਗਿਆ।ਫੁਲਵਾੜੀ ਦੇ ਸੰਪਾਦਕ ਹੀਰਾ ਸਿੰਘ ਦਰਦ[1] ਨੇ ਉਹਨਾਂ ਦੀ ਛਪੀ ਕਿਤਾਬ ਬੰਦਾ ਬਹਾਦਰ ਪੜ੍ਹ ਕੇ ਕਦਰ ਕਰਨੀ ਸ਼ੁਰੂ ਕੀਤੀ ਤੇ ਫੁਲਵਾੜੀ ਮਾਸਕ ਪੱਤਰ ਜਿਸ ਦੇ ਹੀਰਾ ਸਿੰਘ ਸੰਪਾਦਕ ਸਨ, ਵਿੱਚ ਇਨ੍ਹਾਂ ਦੇ ਅਨੇਕਾਂ ਲੇਖ ਛਪਵਾਏ।ਉਹਨਾਂ ਦੇ ਲਿਖਣ ਤੇ ਖੋਜ ਕਰਨ ਦੇ ਢੰਗ ਦੇ ਕੁਝ ਅਹਿਮ ਨੁਕਤੇ ਹਨ:

ਬਜ਼ੁਰਗ ਇਤਿਹਾਸਕ ਪਾਤਰ[2]

[ਸੋਧੋ]

ਕਰਮ ਸਿੰਘ ਨੇ 1905 ਵਿੱਚ ਬੀ.ਏ. ਦੇ ਚੌਥੇ ਸਾਲ ਦੀ ਪੜ੍ਹਾਈ ਇਮਤਿਹਾਨ ਤੋਂ ਤਿੰਨ ਮਹੀਨੇ ਪਹਿਲਾਂ ਇਸ ਕਾਰਨ ਛੱਡ ਦਿੱਤੀ[1] ਕਿ ਸਿੱਖ ਰਾਜ ਦੀ ਚੜ੍ਹਦੀ ਤੇ ਢਹਿੰਦੀ ਕਲਾ ਅੱਖੀਂ ਵੇਖ ਚੁੱਕੇ ਅੱਸੀ-ਨੱਬੇ ਸਾਲਾ ਬਜ਼ੁਰਗ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ ਤੇ ਉਹਨਾਂ ਦੇ ਨਾਲ ਹੀ ਵੱਡਮੁੱਲਾ ਅੱਖੀਂ ਵੇਖਿਆ ਤੇ ਹੰਢਾਇਆ ਇਤਿਹਾਸ ਵੀ ਲੋਪ ਹੋ ਰਿਹਾ ਹੈ। ਇਨ੍ਹਾਂ ਬਜ਼ੁਰਗ ਇਤਿਹਾਸਕ ਪਾਤਰਾਂ ਦੇ ਬਿਆਨ ਕਲਮਬੰਦ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਸੀ। 21-22 ਸਾਲ ਦੇ ਨੌਜਵਾਨ ਨੂੰ ਕੋਈ ਮਾਨਤਾ ਪ੍ਰਾਪਤ ਇਤਿਹਾਸਕਾਰ ਮੰਨਣ ਲਈ ਵੀ ਤਿਆਰ ਨਹੀਂ ਸੀ। ਕਰਮ ਸਿੰਘ ਨੇ 1905-06 ਵਿੱਚ ਉਹਨਾਂ 18-20 ਬਿਰਧ ਵਿਅਕਤੀਆਂ ਦੇ ਬਿਆਨ[2] ਲਿਖੇ ਜਿਹਨਾਂ ਨੇ ਲਾਹੌਰ ਦਰਬਾਰ ਵਿੱਚ ਫ਼ੌਜੀ ਨੌਕਰੀਆਂ ਕੀਤੀਆਂ ਸਨ। ਕਰਮ ਸਿੰਘ ਨੇ ਉਹਨਾਂ ਵੱਲੋਂ ਦੱਸੀਆਂ ਸਿਰਫ਼ ਉਹ ਗੱਲਾਂ ਰਿਕਾਰਡ ਕੀਤੀਆਂ ਜੋ ਪਹਿਲਾਂ ਇਤਿਹਾਸ ਦਾ ਹਿੱਸਾ ਨਹੀਂ ਸਨ। ਬਜ਼ੁਰਗਾਂ ਵਿੱਚ ਇੱਕ ਸੱਜਣ ਉਹ ਵੀ ਸੀ ਜੋ ਸਰਦਾਰ ਚੇਤ ਸਿੰਘ ਦੇ ਕਤਲ ਸਮੇਂ ਮਹਾਰਾਜਾ ਖੜਕ ਸਿੰਘ ਕੋਲ ਹਾਜ਼ਰ ਸੀ। ਇੱਕ ਵਿਅਕਤੀ ਉਹ ਵੀ ਸੀ ਜੋ ਸੰਧਾਵਾਲੀਆ ਦਾ ਨੌਕਰ ਸੀ ਤੇ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਸਮੇਂ ਹਾਜ਼ਰ ਸੀ। ਇੱਕ ਗਵਾਹ ਰਾਜਾ ਹੀਰਾ ਸਿੰਘ ਦੇ ਕਤਲ ਸਮੇਂ ਖ਼ਾਲਸਾ ਫ਼ੌਜ ਨਾਲ ਸੀ। ਸਰਦਾਰ ਜਵਾਹਰ ਸਿੰਘ ਦੇ ਕਤਲ ਸਮੇਂ ਮੌਕੇ ’ਤੇ ਹਾਜ਼ਰ ਮਹਾਰਾਜਾ ਦਲੀਪ ਸਿੰਘ ਦੇ ਅਰਦਲੀ ਵੀ ਇਨ੍ਹਾਂ ਵਿੱਚ ਸ਼ਾਮਿਲ ਸੀ। ਖਖਿਆਂ ਬਾਬਿਆਂ ਦੀ ਬਗ਼ਾਵਤ ਸਮੇਂ ਇਨ੍ਹਾਂ ਗਵਾਹਾਂ ਵਿੱਚੋਂ ਇੱਕ ਖੋੜੀ ਦੇ ਕਿਲ੍ਹੇ ਵਿੱਚੋਂ ਦੁਸ਼ਮਣ ਦੇ ਕਾਬੂ ਆ ਗਿਆ ਸੀ ਅਤੇ ਤਸੀਹੇ ਝੱਲ ਕੇ ਵੀ ਆਪਣੇ ਧਰਮ ’ਤੇ ਕਾਇਮ ਰਿਹਾ ਸੀ। ਇੱਕ ਫ਼ੌਜੀ ਨੇ ਮੁੱਦਕੀ, ਫੇਰੂ ਸ਼ਹਿਰ, ਸਭਰਾਵਾਂ, ਰਾਮਨਗਰ, ਮੋਂਗ ਰਸੂਲ (ਚੇਲੀਆਂ ਵਾਲੀ) ਤੇ ਗੁਜਰਾਤ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਫ਼ੌਜੀਆਂ ਦੇ ਬਿਆਨ ਸਿੱਖ ਇਤਿਹਾਸ ਦੀਆਂ ਫ਼ੈਸਲਾਕੁੰਨ ਘਟਨਾਵਾਂ ਦਾ ਅੱਖੀਂ ਵੇਖਿਆ ਹਾਲ ਹੈ, ਜਿਸ ਨੂੰ ਸਭ ਤੋਂ ਭਰੋਸੇਯੋਗ ਮੰਨਿਆ ਜਾ ਸਕਦਾ ਹੈ।

ਲਾਹੌਰ ਦਰਬਾਰ ਦੇ ਰੋਜ਼ਨਾਮਚੇ

[ਸੋਧੋ]

ਕਰਮ ਸਿੰਘ ਨੇ ਆਪਣੀ ਖੋਜ ਨੂੰ ਸਿਰਫ਼ ਖ਼ਾਲਸਾ ਰਾਜ ਦੀਆਂ ਘਟਨਾਵਾਂ ਤਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਸਿੱਖ ਇਤਿਹਾਸ ਨਾਲ ਸਬੰਧਿਤ ਹੋਰ ਵਿਸ਼ਿਆਂ ’ਤੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲਾਹੌਰ ਦਰਬਾਰ ਦੇ ਰੋਜ਼ਨਾਮਚਿਆਂ ਰਾਹੀਂ ਵੀ ਇਤਿਹਾਸਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦਾ ਉੱਦਮ ਕੀਤਾ। ਕਰਮ ਸਿੰਘ ਨੇ ਲਾਹੌਰ ਦਰਬਾਰ ਦੇ ਗੁਪਤ ਇਤਿਹਾਸ ਦੀ ਪੜਚੋਲ ਦਾ ਵੀ ਕੰਮ ਕੀਤਾ। ਰਾਜਾ ਗੁਲਾਬ ਸਿੰਘ ਤੇ ਰਾਜਾ ਧਿਆਨ ਸਿੰਘ ਡੋਗਰਿਆਂ ਵੱਲੋਂ ਖ਼ਾਲਸਾ ਰਾਜ ਖ਼ਿਲਾਫ਼ ਰਚੀਆਂ ਸਾਜ਼ਿਸ਼ਾਂ ਅਤੇ ਕਤਲਾਂ ਬਾਰੇ ਵੀ ਚਾਨਣਾ ਪਾਇਆ। ਸਰਦਾਰ ਚੇਤ ਸਿੰਘ ਦੇ ਧਿਆਨ ਸਿੰਘ ਵੱਲੋਂ ਕਤਲ ਦਾ ਹਾਲ ਵੀ ਉਜਾਗਰ ਕੀਤਾ। ਇਹ ਵੀ ਪਤਾ ਲਾਇਆ ਕਿ ਕਿਵੇਂ ਕੁੰਵਰ ਨੌਨਿਹਾਲ ਸਿੰਘ ਨੂੰ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਵਿਰੁੱਧ ਉਕਸਾਇਆ ਅਤੇ ਚੇਤ ਸਿੰਘ ਦੇ ਕਤਲ ਵਿੱਚ ਸਾਜ਼ਿਸ਼ਕਾਰ ਬਣਾਇਆ ਗਿਆ।

ਇਤਿਹਾਸ ਨੂੰ ਵਾਰਾਂ ਰਾਹੀ ਇਕੱਤਰ ਕਰਨਾ

[ਸੋਧੋ]

ਕਰਮ ਸਿੰਘ ਨੇ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਇਕੱਤਰ ਕਰਨ ਦਾ ਯਤਨ ਕੀਤਾ ਕਿਉਂਕਿ ਪਿਛਲੇ ਸਮਿਆਂ ਵਿੱਚ ਸਾਡੇ ਦੇਸ਼ ’ਚ ਵਾਰਾਂ ਸੁਣਨ ਦਾ ਬੜਾ ਰਿਵਾਜ ਸੀ। ਢਾਡੀਆਂ ਦੀ ਬੜੀ ਕਦਰ ਸੀ। ਉਹਨਾਂ ਨੇ ਗੁੱਜਰਾਂ ਵਾਲਾ ਜ਼ਿਲ੍ਹੇ ਵਿੱਚ ਇੱਕ ਰੁਪਿਆ ਦੇ ਕੇ ਇੱਕ ਵਾਰ ਸੁਣੀ ਤੇ ਪੰਜ ਰੁਪਏ ਦੇ ਕੇ ਇੱਕ ਵਾਰ ਲਿਖ ਲਈ ਜਿਸ ਨੂੰ ਨਾਦਰ ਸ਼ਾਹ ਦੀ ਪੌੜੀ ਆਖਦੇ ਸੀ। ਉਹਨਾਂ ਕੋਲ ਹੋਰ ਵਾਰਾਂ ਲਿਖਣ ਲਈ ਦੇਣ ਯੋਗ ਪੈਸੇ ਨਹੀਂ ਸਨ। ਸੁਰ ਸਿੰਘ ਦੇ ਪਿਛੋਕੜ ਵਾਲੇ ਢਾਡੀਆਂ, ਜਿਹਨਾਂ ਦੀ ਭਾਈ ਬਿਧੀ ਚੰਦ ਦੇ ਪਰਿਵਾਰ ਨਾਲ ਨੇੜਤਾ ਸੀ, ਵਿੱਚੋਂ ਇੱਕ ਵਿਅਕਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਅੱਠ ਵਾਰਾਂ ਯਾਦ ਸਨ। ਕਰਮ ਸਿੰਘ ਨੇ ਖਾਨ ਬਹਾਦਰ ਦੇ ਸਮੇਂ ਦੀਆਂ ਘਟਨਾਵਾਂ ਬਾਰੇ ਕਵੀ ਸੁੰਦਰ ਦਾਸ ਜੀ ਆਗਮ ਕਪੂਰਥਲੇ ਦੀਆਂ ਕਵਿਤਾਵਾਂ ਵੀ ਪ੍ਰਾਪਤ ਕਰਨ ਦਾ ਯਤਨ ਕੀਤਾ।

15 ਲੜਾਈਆਂ ਦੇ ਵਰਨਣ ਦੀ ਖੋਜ

[ਸੋਧੋ]

ਉੱਤਰੀ ਗੰਗ-ਦੁਆਬ, ਯਮਨਾ ਤੋਂ ਗੰਗਾ ਵਿਚਕਾਰ ਸਹਾਰਨਪੁਰ ਤੇ ਮੇਰਠ ਦੇ ਇਲਾਕੇ ’ਤੇ ਖ਼ਾਲਸਾ ਵੱਲੋਂ 1710 ਤੋਂ 1804 ਤਕ ਕਬਜ਼ਾ ਕਰਨ ਅਤੇ ਰਾਖੀ ਦੀ ਉਗਰਾਹੀ ਲਈ ਹੋਈਆਂ ਤਕਰੀਬਨ 15 ਲੜਾਈਆਂ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਇਲਾਕੇ ਵਿੱਚ ਖ਼ਾਲਸਾ ਦੀ ਸਰਦਾਰੀ ਸ਼ਾਇਦ ਅੱਜ ਦੇ ਇਤਿਹਾਸਕਾਰ ਭੁੱਲ ਚੁੱਕੇ ਹਨ।

ਭਾਰਤ ’ਤੇ ਸੱਤਵੇਂ ਹਮਲੇ ਦੇ ਸਮਕਾਲੀ ਦਾ ਜੰਗਨਾਮਾ

[ਸੋਧੋ]

ਕਰਮ ਸਿੰਘ ਨੇ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ’ਤੇ ਸੱਤਵੇਂ ਹਮਲੇ ਸਮੇਂ ਉਸ ਦੇ ਸਾਥੀ ਕਾਜ਼ੀ ਨੂਰ ਮੁਹੰਮਦ ਵਾਸੀ ਗੰਜਾਬੇ ਬਲੋਚਿਸਤਾਨ ਵੱਲੋਂ ਰਚਿਤ ਜੰਗਨਾਮਾ ਵੀ ਲੱਭਿਆ ਅਤੇ ਇਸ ਦਾ ਤਰਜਮਾ ਕਰਕੇ ਪਾਠਕਾਂ ਲਈ ਪੇਸ਼ ਕੀਤਾ। ਇਹ ਲਿਖਤ ਵੈਰੀਆਂ ਵੱਲੋਂ ਸਿੱਖਾਂ ਦੇ ਉੱਚ ਆਚਰਨ ਅਤੇ ਬਹਾਦਰੀ ਦੀ ਬੇਮਿਸਾਲ ਦਾਸਤਾਨ ਹੈ। ਇਹ ਜੰਗਨਾਮਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜਤ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ,ਜੈ ਸਿੰਘ,ਹਰੀ ਸਿੰਘ ਭੰਗੀ, ਗੁਲਾਬ ਸਿੰਘ, ਗੁੱਜਰ ਸਿੰਘ, ਰਾਮ ਦਾਸ ਤੇ ਖ਼ਾਲਸਾ ਫ਼ੌਜ ਵੱਲੋਂ ਅਬਦਾਲੀ ਨੂੰ ਭੈਅ-ਭੀਤ ਕਰਕੇ ਜਾਨ ਬਚਾਉਣ ਲਈ ਵਾਪਸ ਭੱਜਣ ਲਈ ਮਜਬੂਰ ਕਰ ਦੇਣ ਦਾ ਇਤਿਹਾਸ ਹੈ। ਆਲਾ ਜੱਟ ਵੱਲੋਂ ਅਹਿਮਦ ਸ਼ਾਹ ਅਬਦਾਲੀ ਦੀ ਗੁਲਾਮੀ ਕਬੂਲ ਕਰਨ, ਜ਼ਮੀਨ ਲੈਣ ਤੇ ਉਸ ਦੀ ਮਦਦ ਕਰਨ ਦਾ ਵੀ ਅੱਖੀਂ ਵੇਖਿਆ ਇਤਿਹਾਸ ਦਰਜ ਹੈ।

ਮੱਕਾ-ਮਦੀਨਾ ਬਾਰੇ ਇਤਿਹਾਸਕ ਤੱਥਾਂ ਦੀ ਉੱਥੇ ਜਾ ਕੇ ਪੜਤਾਲ

[ਸੋਧੋ]

ਸਰਦਾਰ ਕਰਮ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਮੱਕਾ-ਮਦੀਨਾ ਤੋਂ ਬਗਦਾਦ ਯਾਤਰਾ ਬਾਰੇ ਖੋਜ ਕਰਨ ਦਾ ਉੱਦਮ ਵੀ ਕੀਤਾ। ਕਰਮ ਸਿੰਘ ਕਰਾਚੀ ਤੋਂ ਬਗਦਾਦ ਪਹੁੰਚਣ ਵਿੱਚ ਵੀ ਕਾਮਯਾਬ ਹੋ ਗਏ।

ਰਚਨਾਵਾਂ

[ਸੋਧੋ]

ਇਸ ਤਰ੍ਹਾਂ ਕਰਮ ਸਿੰਘ ਨੇ ਆਪਣਾ ਜੀਵਨ ਖੋਜ ਦੇ ਲੇਖੇ ਲਾਇਆ। ਉਹਨਾਂ ਨੇ ਹੇਠ ਲਿਖੀਆਂ ਪੁਸਤਕਾ ਪੰਥ ਦੀ ਝੋਲੀ ਪਾਈਆਂ।

  1. ਬੰਦਾ ਬਹਾਦਰ
  2. ਕਤਕ ਕਿ ਵਿਸਾਖ
  3. ਜੀਵਨ ਹਰਨਾਮ ਕੌਰ
  4. ਜੀਵਨ ਸਦਾ ਕੌਰ
  5. ਬੰਦਾ ਕੌਣ ਥਾ
  6. ਮਹਾਰਾਜਾ ਆਲਾ ਸਿੰਘ
  7. ਗੁਰਪੁਰਬ ਨਿਰਣੈ
  8. ਅਮਰ-ਖ਼ਾਲਸਾ
  9. ਗੁਰੂ ਗਾਥਾ
  10. ਬੰਦਾ ਕੋਣ ਥਾ (ਉਰਦੂ, بندہ کون تھا؟)
  11. ਰਾਜਾ ਧਿਆਨ ਸਿੰਘ[3]

ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਆਪਣੀ ਯਾਦ ਸ਼ਕਤੀ ’ਤੇ ਬੜਾ ਭਰੋਸਾ ਸੀ, ਜਿਸ ਕਾਰਨ ਉਹਨਾਂ ਨੇ ਬਹੁਤੇ ਲਿਖਤੀ ਨੋਟਸ ਨਹੀਂ ਬਣਾਏ।ਲੇਕਿਨ ਛੋਟੀ ਉਮਰੇ ਹੀ ਉਹ1930 ਵਿੱਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ।

ਹਵਾਲੇ

[ਸੋਧੋ]
  1. 1.0 1.1 1.2 1.3 ਦਰਦ, ਹੀਰਾ ਸਿੰਘ (1964). ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ ਭਾਗ ਪਹਿਲਾ (ਪੰਜਵੀਂ 2004 ed.). ਅੰਮ੍ਰਿਤਸਰ: ਸਿੱਖ ਇਤਿਹਾਸ ਰਿਸਰਚ ਬੋਰਡ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ.
  2. 2.0 2.1 ਦਰਦ, ਹੀਰਾ ਸਿੰਘ (2005 ਪੰਜਵੀਂ ਵਾਰ). ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ ਭਾਗ ਦੂਜਾ. ਅੰਮ੍ਰਿਤਸਰ: ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ. {{cite book}}: Check date values in: |publication-date= (help)
  3. "ਰਾਜਾ ਧਿਆਨ ਸਿੰਘ". https://pa.wikisource.org/. ਭਾਪੇ ਦੀ ਹੱਟੀ (ਰਜਿਸਟਰਡ). Retrieved 15 ਜਨਵਰੀ 2020. {{cite web}}: External link in |website= (help)