ਸਮੱਗਰੀ 'ਤੇ ਜਾਓ

ਸਾਹਿਰ ਲੁਧਿਆਣਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਹਿਰ ਲੁਧਿਆਣਵੀ

ਸਾਹਿਰ ਲੁਧਿਆਣਵੀ (8 ਮਾਰਚ 1921-25 ਅਕਤੂਬਰ 1980) ਹਿੰਦ ਦੀ ਪ੍ਰਗਤੀਵਾਦੀ ਲਹਿਰ ਨਾਲ ਜੁੜੇ ਇੱਕ ਪ੍ਰਸਿੱਧ ਉਰਦੂ ਸ਼ਾਇਰ ਅਤੇ ਹਿੰਦੀ ਗੀਤਕਾਰ ਸਨ। ਉਸ ਨੂੰ ਦੋ ਵਾਰ ਫਿਲਮਫੇਅਰ ਅਵਾਰਡ ਅਤੇ 1971 ਵਿੱਚ ਪਦਮ ਸ਼ਰੀ ਮਿਲਿਆ।[1][2] ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਪ੍ਰਣਾਬ ਮੁਖਰਜੀ ਨੇ 8 ਮਾਰਚ 2013 ਨੂੰ ਰਾਸ਼ਟਰਪਤੀ ਭਵਨ ਵਿਖੇ ਉਸ ਦੀ ਜਨਮ ਸ਼ਤਾਬਦੀ ਤੇ ਯਾਦਗਾਰੀ ਸਟੈਂਪ ਜਾਰੀ ਕੀਤੀ ਸੀ।[3]

ਮੁੱਢਲਾ ਜੀਵਨ

[ਸੋਧੋ]

ਇਹਨਾਂ ਦਾ ਜਨਮ ਇੱਕ ਵੱਡੇ ਵਿਸਵੇਦਾਰ ਚੌਧਰੀ ਫਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਬਰਤਾਨਵੀ ਪੰਜਾਬ ਵਿੱਚ ਲੁਧਿਆਣਾ ਵਿਖੇ ਹੋਇਆ। ਆਪਣੇ ਬਾਪ ਦਾ ਇਹ ਇਕਲੌਤਾ ਪੁੱਤਰ ਸੀ। ਇਸ ਦਾ ਨਾਂ ਅਬਦੁਲ ਹੈਈ ਰੱਖਿਆ ਗਿਆ। ਅਬਦੁਲ ਹੈਈ ਨੇ ਦਸਵੀਂ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ 1937 ਵਿੱਚ ਪਾਸ ਕੀਤੀ। ਫਿਰ ਉਹ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਵਿੱਚ ਦਾਖਲ ਹੋ ਗਿਆ। ਕਾਲਜ ਵਿੱਚ ਆਪਣੀ ਸ਼ਾਇਰੀ ਲਈ ਉਹ ਬਹੁਤ ਮਸ਼ਹੂਰ ਸੀ। ਪਹਿਲੇ ਸਾਲ ਹੀ ਉਸਨੂੰ ਆਪਣੀ ਜਮਾਤਣ ਕੁੜੀ ਨਾਲ ਪ੍ਰਿੰਸੀਪਲ ਦੇ ਲਾਨ ਵਿੱਚ ਬੈਠਣ ਕਰਕੇ ਕਾਲਜ ਵਿੱਚੋਂ ਕਢ ਦਿੱਤਾ।[4][5] ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਕੁੜੀ ਅੰਮ੍ਰਿਤਾ ਪ੍ਰੀਤਮ ਸੀ। ਪਰ ਇਹ ਗੱਲ ਸਹੀ ਨਹੀਂ, ਉਹ ਉਸ ਸਮੇਂ ਤੱਕ ਕਦੇ ਲੁਧਿਆਣੇ ਨਹੀਂ ਸੀ ਰਹੀ। ਫਿਰ ਲਹੌਰ ਜਾ ਕੇ ਸਾਹਿਰ ਦਿਆਲ ਸਿੰਘ ਕਾਲਜ, ਲਾਹੌਰ ਵਿੱਚ ਦਾਖਲ ਹੋ ਗਿਆ। ਪਰ ਉੱਥੋਂ ਵੀ ਉਸ ਨੂੰ ਇਨਕਲਾਬੀ ਸ਼ਾਇਰੀ ਕਰਕੇ ਕੱਢ ਦਿੱਤਾ ਗਿਆ। ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਦਾਖਲ ਹੋਇਆ ਪਰ ਬੀ.ਏ. ਦੇ ਇਮਤਿਹਾਨ ਤੋਂ ਪਹਿਲਾਂ ਹੀ ਫੇਰ ਕਾਲਜ ਤੋਂ ਬਾਹਰ ਹੋ ਗਿਆ। ਸਾਹਿਰ ਇਸਲਾਮਿਕ ਪਾਕਿਸਤਾਨ ਦੀ ਬਜਾਏ ਸੈਕੂਲਰ ਭਾਰਤ ਚਾਹੁੰਦਾ ਸੀ।ਉਹ ਪਹਿਲਾਂ ਪਾਕਿਸਤਾਨ ਚਲਾ ਗਿਆ,ਫਿਰ ਭਾਰਤ ਆ ਗਿਆ ਪਰ ਇਥੋਂ ਦੇ ਹਾਲਾਤ ਦੇਖ ਕੇ ਫਿਰ ਪਾਕਿਸਤਾਨ ਚਲਾ ਗਿਆ। ਕਰੀਬ ਨੌਂ ਮਹੀਨੇ ਪਾਕਿਸਤਾਨ ਵਿੱਚ ਗੁਜ਼ਾਰਨ ਮਗਰੋਂ ਜੂਨ 1948 ਵਿੱਚ ਲਾਹੌਰ ਤੋਂ ਭੱਜ ਆਇਆ। ਉਸ ਦਾ ਭਾਰਤ ਆਉਣਾ ਦੇਸ਼ ਲਈ ਫ਼ਾਇਦੇਮੰਦ ਸੀ ਅਤੇ ਪਾਕਿਸਤਾਨ ਲਈ ਬਹੁਤ ਵੱਡਾ ਨੁਕਸਾਨ।[6]

ਸਾਹਿਤਕ ਸਫ਼ਰ

[ਸੋਧੋ]

ਸ਼ਾਇਰੀ ਦਾ ਸ਼ੌਕ ਉਸ ਨੂੰ ਸਕੂਲ ਵਿੱਚ ਹੀ ਸੀ ਪਰ ਕਾਲਜ ਦੇ ਸਾਹਿਤਕ ਮਾਹੌਲ ਵਿੱਚ ਇਸ ਵਿੱਚ ਹੋਰ ਨਿਖਾਰ ਆਇਆ। ਉਹ ਸਾਹਿਰ ਕਿਵੇਂ ਬਣਿਆ? ਅਲਾਮਾ ਇਕਬਾਲ ਦੇ ਹਜ਼ਰਤ ਦਾਗ਼ ਬਾਰੇ ਲਿਖੇ ਮਰਸੀਏ ਦਾ ਜਦ ਉਸ ਨੇ ਇਹ ਸ਼ਿਅਰ ਪੜ੍ਹਿਆ ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ਿਰਾਜ਼ ਭੀ ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ ਤਾਂ ਉਸ ਨੇ ਆਪਣਾ ਤਖੱਲਸ ‘ਸਾਹਿਰ’ ਰੱਖ ਲਿਆ। ਉਸ ਦਾ ਅਸਲੀ ਨਾਂ ਅਬਦੁਲ ਹੈਈ ਘੱਟ ਲੋਕਾਂ ਨੂੰ ਹੀ ਪਤਾ ਹੈ। ਉਸ ਦਾ ਤਖੱਲਸ ਉਸ ਦੀ ਸ਼ਖ਼ਸੀਅਤ ’ਤੇ ਪੂਰਾ ਢੁਕਦਾ ਸੀ। ਸਾਹਿਰ ਹਰ ਮੁਸ਼ਾਇਰੇ ਦੀ ਮੁੱਖ ਖਿੱਚ ਹੁੰਦਾ। ਉਸ ਦੀਆਂ ਰੁਮਾਂਚਕ ਨਜ਼ਮਾਂ ਨੌਜਵਾਨ ਦਿਲਾਂ ਦੀ ਧੜਕਣਾਂ ਦੀ ਤਰਜਮਾਨੀ ਕਰਦੀਆਂ ਸਨ। ਇਸ ਕਰਕੇ ਉਨ੍ਹਾਂ ਵਿੱਚ ਉਹ ਹਰਦਿਲ ਅਜ਼ੀਜ਼ ਹੋ ਗਿਆ। ਬਾਅਦ ਵਿੱਚ ਇਸ ਵੱਡੇ ਸ਼ਾਇਰ ਨੇ ਆਪਣੇ ਪੈਦਾਇਸ਼ੀ ਸ਼ਹਿਰ ਲੁਧਿਆਣੇ ਦਾ ਨਾਂ ਆਪਣੇ ਨਾਮ ਦਾ ਹਿੱਸਾ ਬਣਾ ਕੇ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ। ਲਾਹੌਰ ਵਿੱਚ ਉਸ ਦਾ ਪ੍ਰਸਿੱਧ ਸ਼ਾਇਰਾਂ ਨਾਲ ਮੇਲ-ਜੋਲ ਹੋ ਗਿਆ। 1944 ਵਿੱਚ ਉਸ ਦੀ ਕਿਤਾਬ ‘ਤਲਖ਼ੀਆਂ’ ਛਪੀ ਤਾਂ ਉਹ ਰਾਤੋ-ਰਾਤ ਸਟਾਰ ਬਣ ਗਿਆ। ਅੰਮ੍ਰਿਤਾ ਪ੍ਰੀਤਮ ਵੀ ਲਾਹੌਰ ਹੀ ਰਹਿੰਦੀ ਸੀ। ਉਹ ਸਾਹਿਰ ਤੇ ਲੱਟੂ ਹੋ ਗਈ। ਉਸ ਨੇ ਸਾਹਿਰ ਲਈ ਆਪਣੇ ਇਸ਼ਕ ਦੀ ਕਹਾਣੀ ਬੜੀ ਬੇਬਾਕੀ ਨਾਲ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਬਿਆਨ ਕੀਤੀ ਹੈ। ਇਸ ਬਾਰੇ ‘ਇਕ ਸੀ ਅਨੀਤਾ’ ਵਿੱਚ ਵੀ ਲਿਖਿਆ। ‘ਸੁਨੇਹੜੇ’ ਜਿਸ ’ਤੇ ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਦੀਆਂ ਸਾਰੀਆਂ ਨਜ਼ਮਾਂ ਤਾਂ ਸਾਹਿਰ ਨੂੰ ਹੀ ਮੁਖ਼ਾਤਿਬ ਹਨ। ‘ਤਲਖ਼ੀਆਂ’ ਵਿੱਚ ‘ਮਾਦਾਮ’, ‘ਮਤਾਆਏ ਗ਼ੈਰ’, ‘ਏਕ ਤਸਵੀਰ-ਏ-ਰੰਗ’ ਆਦਿ ਨਜ਼ਮਾਂ ਅੰਮ੍ਰਿਤਾ ਬਾਰੇ ਹਨ।

ਫ਼ਿਲਮੀ ਸਫ਼ਰ

[ਸੋਧੋ]

ਲਾਹੌਰ ਤੋਂ ਸਾਹਿਰ ਫ਼ਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਚਲਿਆ ਗਿਆ ਜਿੱਥੇ ਪਹਿਲਾਂ ਉਸ ਦੇ ਪੈਰ ਨਾ ਜੰਮੇ। 14 ਅਗਸਤ 1947 ਨੂੰ ਦੇਸ਼ ਵੰਡਿਆ ਗਿਆ। ਲੁਧਿਆਣੇ ਤੋਂ ਉਸ ਦੀ ਮਾਂ ਨੂੰ ਉਸ ਦੇ ਹਿੰਦੂ ਸਿੱਖ ਦੋਸਤਾਂ ਨੇ ਬੜੀ ਮੁਸ਼ਕਲ ਨਾਲ ਬਚਾ ਕੇ ਲਾਹੌਰ ਭੇਜਿਆ। ਸਤੰਬਰ 1947 ਵਿੱਚ ਆਪਣੀ ਮਾਂ ਦੀ ਭਾਲ ਵਿੱਚ ਸਾਹਿਰ ਵੀ ਲਾਹੌਰ ਪਹੁੰਚ ਗਿਆ। ਉੱਥੇ ਉਹ ਕਮਿਊਨਿਸਟ ਰਸਾਲੇ ‘ਸਵੇਰਾ’ ਦਾ ਸੰਪਾਦਕ ਬਣ ਗਿਆ। ਪਰ ਜਦ ਉਸ ਦੀ ਗ੍ਰਿਫ਼ਤਾਰੀ ਦੇ ਵਰੰਟ ਨਿਕਲੇ ਤਾਂ ਜੂਨ 1948 ਵਿੱਚ ਆਪਣੀ ਮਾਂ ਸਮੇਤ ਉਹ ਮੁੜ ਬਈ ਚਲਿਆ ਗਿਆ। ਬਹੁਤ ਜੱਦੋਜਹਿਦ ਪਿੱਛੋਂ 1950 ਵਿੱਚ ਰੀਲੀਜ਼ ਹੋਈ ਫ਼ਿਲਮ ‘ਬਾਜ਼ੀ’ ਦੀ ਕਾਮਯਾਬੀ ਨੇ ਸਾਹਿਰ ਨੂੰ ਫ਼ਿਲਮੀ ਨਗ਼ਮਾ ਨਿਗਾਰੀ ਵਿੱਚ ਉਸੇ ਤਰ੍ਹਾਂ ਮਸ਼ਹੂਰ ਕਰ ਦਿੱਤਾ ਜਿਸ ਤਰ੍ਹਾਂ ‘ਤਲਖ਼ੀਆਂ’ ਨੇ ਸਾਹਿਤਕ ਖੇਤਰ ਵਿੱਚ ਕੀਤਾ ਸੀ। ਸਾਹਿਰ ਨੇ ਫ਼ਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾਂ ਤੇ ਨਾਮਣਾ ਦੋਨੋਂ ਖੱਟੇ। ਆਪਣੇ ਵੇਲੇ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ ਨਿਗਾਰ ਸੀ। ਫ਼ਿਲਮ ਰਾਈਟਰਜ਼ ਐਸੋਸੀਏਸ਼ਨ ਦਾ ਬਿਨਾਂ ਮੁਕਾਬਲਾ ਪ੍ਰਧਾਨ ਵੀ ਬਣਿਆ। ਇਸ ਪਦਵੀ ’ਤੇ ਹੁੰਦਿਆਂ ਉਸ ਨੇ ਨਗ਼ਮਾਂ ਨਿਗਾਰਾਂ ਨੂੰ ਫ਼ਿਲਮੀ ਦੁਨੀਆ ਅਤੇ ਰੇਡੀਓ ਵਿੱਚ ਬੜੀ ਸਤਿਕਾਰ ਵਾਲੀ ਥਾਂ ਦਿਵਾਈ। ਜਿਵੇਂ ਫ਼ਿਲਮ ਦੀ ਕਾਸਟ ਦਿਖਾਉਣ ਵੇਲੇ ਨਗ਼ਮਾ ਨਿਗਾਰ ਦਾ ਨਾਂ ਸੰਗੀਤਕਾਰ ਤੋਂ ਪਹਿਲਾਂ ਆਵੇ, ਰੇਡੀਓ ’ਤੇ ਫ਼ਰਮਾਇਸ਼ੀ ਪ੍ਰੋਗਰਾਮ ਵਿੱਚ ਨਗ਼ਮਾ ਨਿਗਾਰ ਦਾ ਨਾਂ ਵੀ ਦੱਸਿਆ ਜਾਵੇ। ਇਸੇ ਤਰ੍ਹਾਂ ਗਰਾਮੋਫ਼ੋਨ ਕੰਪਨੀਆਂ ਨੂੰ ਰਿਕਾਰਡਾਂ ’ਤੇ ਨਗ਼ਮਾਂ ਨਿਗਾਰਾਂ ਦਾ ਨਾਂ ਵੀ ਦੇਣ ਲਈ ਮਜਬੂਰ ਕੀਤਾ। ਇੱਕ ਸੰਗੀਤ ਡਾਇਰੈਕਟਰ ਨੇ ਮੇਹਣਾ ਮਾਰਿਆ ਕਿ ਸਾਹਿਰ ਦੇ ਗਾਣੇ ਇਸ ਕਰਕੇ ਮਸ਼ਹੂਰ ਹਨ ਕਿਉਂਕਿ ਉਨ੍ਹਾਂ ਨੂੰ ਲਤਾ ਗਾਉਂਦੀ ਹੈ। ਸਾਹਿਰ ਬੜਾ ਅਣਖੀ ਸੀ। ਉਸ ਨੇ ਸ਼ਰਤ ਰੱਖੀ ਕਿ ਦੋ ਸਾਲ ਉਹ ਸਿਰਫ਼ ਉਸ ਫ਼ਿਲਮ ਲਈ ਗਾਣੇ ਲਿਖੇਗਾ ਜਿਸ ਵਿੱਚ ਲਤਾ ਤੋਂ ਨਾ ਗਵਾਏ ਜਾਣ। ਸਾਹਿਰ ਦੀ ਲਤਾ ਬਾਰੇ ਸਭ ਤੋਂ ਮਸ਼ਹੂਰ ਨਜ਼ਮ ਹੈ ‘ਤੇਰੀ ਆਵਾਜ਼’।

ਜਜ਼ਬਾਤੀ ਇਸ਼ਕ

[ਸੋਧੋ]

ਸਾਹਿਰ ਦੇ ਸਾਰੇ ਇਸ਼ਕ ਜਜ਼ਬਾਤੀ ਹੀ ਰਹੇ। ਉਸ ਨੇ ਨਾ ਇਨ੍ਹਾਂ ਨੂੰ ਜਿਸਮਾਨੀ ਸਬੰਧਾਂ ਵਿੱਚ ਅਤੇ ਨਾ ਹੀ ਸ਼ਾਦੀ ਦੇ ਰਿਸ਼ਤੇ ਵਿੱਚ ਬਦਲਿਆ। ਇਨ੍ਹਾਂ ਤੋਂ ਸਿਰਫ਼ ਆਪਣੀ ਸ਼ਾਇਰੀ ਲਈ ਹੀ ਪ੍ਰੇਰਣਾ ਲਈ। ਸਾਹਿਰ ਨੇ ਕੁਝ ਗ਼ਜ਼ਲਾਂ ਵੀ ਲਿਖੀਆਂ ਪਰ ਮੁੱਖ ਤੌਰ ’ਤੇ ਉਹ ਨਜ਼ਮ ਦਾ ਸ਼ਾਇਰ ਸੀ। ਉਸ ਦੀਆਂ ਨਜ਼ਮਾਂ ਥੋੜ੍ਹੀਆਂ ਹਨ ਪਰ ਇਨ੍ਹਾਂ ਦਾ ਪੱਧਰ ਬਹੁਤ ਉੱਚਾ ਹੈ। ਬਹੁਤੀਆਂ ਵਿੱਚ ਰੁਮਾਂਸ ਰਚਿਆ ਹੋਇਆ ਹੈ। ਕੁਝ ਵਿੱਚ ਇਨਕਲਾਬੀ ਰੰਗ ਹੈ। ਉਸ ਦੀ ਇੱਕੋ- ਇੱਕ ਲੰਮੀ ਨਜ਼ਮ ‘ਪਰਛਾਈਆਂ’ ਅਮਨ ਬਾਰੇ ਹੈ। ਉਸ ਦੇ ਫ਼ਿਲਮੀ ਗੀਤਾਂ ਦੀ ਗਿਣਤੀ ਸੈਂਕੜੇ ਹੈ। ਉਸ ਨੇ ਫ਼ਿਲਮੀ ਗੀਤਾਂ ਨੂੰ ਤੁਕਬੰਦੀ ਦੇ ਪੱਧਰ ਤੋਂ ਚੁੱਕ ਕੇ ਸ਼ਾਇਰੀ ਦੀ ਸਤਹਿ ਤਕ ਲਿਆਂਦਾ। ਇਸ ਤਰ੍ਹਾਂ ਅਨਪੜ੍ਹ ਫ਼ਿਲਮ ਦਰਸ਼ਕਾਂ ਵਿੱਚ ਵੀ ਸਾਹਿਤਕ ਰੁਚੀ ਪੈਦਾ ਕੀਤੀ। ਲੋਕਾਂ ਨੇ ਉਸ ਨੂੰ ਬੇਹੱਦ ਪਿਆਰ ਦਿੱਤਾ ਅਤੇ ਸਰਕਾਰ ਨੇ ਉਸ ਨੂੰ ਪਦਮਸ੍ਰੀ ਨਾਲ ਸਤਿਕਾਰਿਆ। ਸਾਹਿਰ ਦੀ ਮਾਂ, ਜਿਸ ਨਾਲ ਉਹ ਸਾਰੀ ਉਮਰ ਰਿਹਾ, 1976 ਵਿੱਚ ਚਲ ਵਸੀ। ਸਾਹਿਰ ਬੇਹੱਦ ਉਦਾਸ ਰਹਿਣ ਲੱਗਾ ਭਾਵੇਂ ਉਸ ਦੀ ਮਾਮੀ-ਜਾਈ ਭੈਣ ਅਨਵਰ ਉਸ ਪਾਸ ਰਹਿੰਦੀ ਸੀ।

ਸਨਮਾਨ

[ਸੋਧੋ]

ਲਾਹੌਰ ਵਿੱਚ ਚਾਰ ਉਰਦੂ ਪੱਤਰਕਾਵਾਂ ਦਾ ਸੰਪਾਦਨ (1948 ਤੱਕ) ਕੀਤਾ ਅਤੇ ਮੁੰਬਈ (1949 ਦੇ ਬਾਅਦ) ਉਨ੍ਹਾਂ ਦੀ ਕਰਮਭੂਮੀ ਰਹੀ। ਉਨ੍ਹਾਂ ਨੇ ਦੋ ਵਾਰ ਫਿਲਮਫੇਅਰ ਅਵਾਰਡ (1964 ਅਤੇ 1977 ਵਿੱਚ) ਹਾਸਲ ਕੀਤਾ ਅਤੇ 1971 ਵਿੱਚ ਪਦਮ ਸ਼ਰੀ ਨਾਲ ਉਨ੍ਹਾਂ ਨੂੰ ਸਨਮਾਨਿਆ ਗਿਆ।

  1. 1958: ਫਿਲਮ ਫੇਅਰ ਅਵਾਰਡ ਲਈ ਨੋਮੀਨੇਟਡ ਕੀਤਾ ਗਿਆ। ਔਰਤ ਨੇ ਜਨਮ ਦਿਤਾ ਮਰਦਾ ਨੂੰ ਫਿਲਮ ਸਾਧਨਾ।
  2. 1964: ਫਿਲਮ ਫੇਅਰ ਦਾ ਵਧੀਆ ਗੀਤਕਾਰ ਦਾ ਇਨਾਮ ਜੋ ਵਾਧਾ ਕੀਆ ਫਿਲਮ ਤਾਜ ਮਹਿਲ।
  3. 1977: ਫਿਲਮ ਫੇਅਰ ਦਾ ਵਧੀਆ ਗੀਤਕਾਰ ਦਾ ਇਨਾਮ ਕਭੀ ਕਭੀ ਮੇਰੇ ਦਿਲ ਮੇਂ ਫਿਲਮ ਕਭੀ ਕਭੀ।
  4. 1971 ਵਿੱਚ ਪਦਮ ਸ਼ਰੀ ਨਾਲ ਉਨ੍ਹਾਂ ਨੂੰ ਸਨਮਾਨਿਆ ਗਿਆ।

ਅੰਤਿਮ ਸਮਾਂ

[ਸੋਧੋ]

25 ਅਕਤੂਬਰ 1980 ਨੂੰ ਦਿਲ ਦਾ ਦੌਰਾ ਉਸ ਨੂੰ ਇਸ ਦੁਨੀਆ ਤੋਂ ਉਠਾ ਕੇ ਲੈ ਗਿਆ। ਕੈਫ਼ੀ ਆਜ਼ਮੀ ਨੇ ਸਾਹਿਰ ਦੀ ਮੌਤ ਤੋਂ ਪਿੱਛੋਂ ਉਸ ਦੇ ਯਾਦਗਾਰੀ ਮੁਸ਼ਾਇਰੇ ਵਿੱਚ ਕਿਹਾ: ਮੇਰੀ ਨਜ਼ਰੋਂ ਮੇਂ ਤੇਰੇ ਦੋਸਤ ਇੱਕ ਮੰਦਰ ਹੈ ਲੁਧਿਆਣਾ ਯਹ ਮੰਦਰ ਔਰ ਤੁਮ ਇਸ ਕੇ ਸਨਮ, ਸਾਹਿਰ ਕਹਾਂ ਹੋ ਤੁਮ

ਢੁੱਕਵੀਂ ਯਾਦਗਾਰ

[ਸੋਧੋ]

ਜਿਸ ਸ਼ਹਿਰ ਨੂੰ ਉਸ ਨੇ ਮਸ਼ਹੂਰ ਕੀਤਾ ਉਸ ਵਿੱਚ ਉਸ ਦੀ ਕੋਈ ਢੁੱਕਵੀਂ ਯਾਦਗਾਰ ਨਹੀਂ। ਸਾਹਿਰ ਕਲਚਰਲ ਅਕੈਡਮੀ ਦੇ ਪ੍ਰਧਾਨ ਡਾ. ਕੇਵਲ ਧੀਰ ਦੀ ਹਿੰਮਤ ਹੈ ਕਿ ਉਹ ਹਰ ਸਾਲ ਸਾਹਿਰ ਦੀ ਯਾਦ ਵਿੱਚ ਮੁਸ਼ਾਇਰਾ ਕਰਵਾਉਂਦੇ ਹਨ ਅਤੇ ਚੋਟੀ ਦੇ ਸ਼ਾਇਰਾਂ ਨੂੰ ਸਾਹਿਰ ਅਵਾਰਡ ਦਿੰਦੇ ਹਨ। ਪੀ.ਏ.ਯੂ. ਦੇ ਬਾਗਬਾਨੀ ਦੇ ਮਾਹਿਰ ਡਾ. ਅਜੈ ਪਾਲ ਸਿੰਘ ਗਿੱਲ ਨੇ ਗੁਲਅਸ਼ਰਫੀ ਦੀ ਇੱਕ ਨਵੀਂ ਕਿਸਮ ਕੱਢੀ ਜਿਸ ਦਾ ਨਾਂ ‘ਗੁਲੇ ਸਾਹਿਰ’ ਰੱਖਿਆ। ਸਾਹਿਰ ਦੇ ਪੁਰਾਣੇ ਕਾਲਜ ਨੇ ਵੀ ਆਪਣੇ ਬੁਟੈਨੀਕਲ ਬਾਗ਼ ਦਾ ਨਾਂ ‘ਗੁਲਸ਼-ਏ-ਸਾਹਿਰ’ ਰੱਖਿਆ।

ਫ਼ਿਲਮੀ ਗੀਤ

[ਸੋਧੋ]

ਸ਼ਾਇਰੀ

[ਸੋਧੋ]

‘ਏਕ ਤਸਵੀਰ-ਏ-ਰੰਗ’ ਵਿੱਚ ਉਹ ਕਹਿੰਦਾ ਹੈ

ਜ਼ਖ਼ਮ ਖੁਰਤਾ ਹੈ ਤਖ਼ੀਅੱਲ ਕੀ ਉੜਾਨੇ ਤੇਰੀ
ਤੇਰੇ ਗੀਤੋਂ ਮੇਂ ਤੇਰੀ ਰੂਹ ਕੇ ਗ਼ਮ ਪਲਤੇ ਹੈਂ
ਸੁਰਮਗੀਂ ਆਖੋਂ ਮੇਂ ਯੂੰ ਹਮਰਤੇ ਲੋ ਦੇਤੀ ਹੈ
ਜੈਸੇ ਵੀਰਾਨ ਮਜ਼ਾਰੋਂ ਪੇ ਦੀਏ ਜਲਤੇ ਹੈਂ

ਨਾਮ ਮੇਰਾ ਜਹਾਂ ਜਹਾਂ ਪਹੁੰਚਾ
ਸਾਥ ਪਹੁੰਚਾ ਹੈ ਇਸ ਦਿਆਰ ਕਾ ਨਾਮ

ਖਲਵਤ-ਓ-ਜਲਵਤ ਮੇਂ ਤੁਮ ਮੁਝ ਸੇ ਮਿਲੀ ਹੋ ਬਾਰਹਾ
ਤੁਮ ਨੇ ਕਯਾ ਦੇਖਾ ਨਹੀਂ; ਮੈਂ ਮੁਸਕਰਾ ਸਕਤਾ ਨਹੀਂ
ਮੁਝ ਮੇਂ ਕਯਾ ਦੇਖਾ ਕਿ ਤੁਮ ਉਲਫਤ ਕਾ ਦਮ ਭਰਨੇ ਲਗੀਂ
ਮੈਂ ਤੋ ਖੁਦ ਭੀ ਅਪਨੇ ਕੋਈ ਕਾਮ ਆ ਸਕਤਾ ਨਹੀਂ

ਗੋ ਤੇਰੇ ਰਾਸਤੇ ਮੇਂ ਹਰ ਇੱਕ ਸੂ ਬਬੂਲ ਹੈਂ
ਦਾਮਨ ਮੇਂ ਤੇਰੇ ਉਸ ਕੀ ਜਵਾਨੀ ਕੇ ਫੂਲ ਹੈਂ
ਜੋ ਮੇਰੀ ਜ਼ਿੰਦਗੀ ਕੀ ਤਮੰਨਾ ਬਣੀ ਰਹੀ
ਜ਼ੋਕ-ਏ-ਨਿਆਜ਼ ਰੂਹ ਕਾ ਕਆਬਾ ਬਨੀ ਰਹੀ
ਕੇਸਰ ਮੇਂ ਵੁਹ ਧੁਲੀ ਹੂਈ ਬਾਹੇਂ ਭੀ ਜਲ ਗਈਂ
ਜੋ ਦੋਖਤੀ ਥੀਂ ਮੁਝੇ ਵੋਹ ਨਿਗਾਹੇਂ ਭੀ ਜਲ ਗਈਂ
ਅਬ ਮੇਰੀ ਆਰਜ਼ੂ ਕੀ ਜੱਨਤ ਯਹ ਰਾਖ ਹੈ
ਸਰਮਾਇਆ ਹਸੂਲ-ਏ-ਮੁਹੱਬਤ ਯਹ ਰਾਖ ਹੈ

ਤੁਝੇ ਉਦਾਸ ਸਾ ਪਾਤਾ ਹੰੂ ਮੈਂ ਕਈ ਦਿਨ ਸੇ
ਨਾ ਜਾਨੇ ਕੌਨ ਸੇ ਸਦਮੇ ਉਠਾ ਰਹੀ ਹੋ ਤੁਮ
ਮੁਝੇ ਤੁਮਾ੍ਹਰੀ ਜੁਦਾਈ ਕਾ ਕੋਈ ਰੰਜ ਨਹੀਂ
ਮੇਰੇ ਖਿਆਲ ਕੀ ਦੁਨੀਆ ਮੇਂ ਮੇਰੇ ਪਾਸ ਹੋ ਤੁਮ
ਯਹ ਤੁਮ ਨੇ ਠੀਕ ਕਹਾ ਹੈ ਤੁਮਹੇਂ ਮਿਲਾ ਨਾ ਕਰੰੂ
ਮਗਰ ਮੁਝੇ ਯਹ ਬਤਾ ਦੋ ਕਿ ਕਿਉਂ ਉਦਾਸ ਹੋ ਤੁਮ

ਰਾਤ ਸੁਨਸਾਨ ਥੀ ਬੋਝਲ ਥੀ ਫਿਜ਼ਾ ਕੀ ਸਾਂਸੇਂ
ਰੂਹ ਪਰ ਛਾਏ ਥੇ ਬੇਨਾਮ ਗ਼ਮੋਂ ਕੇ ਸਾਏ
ਦਿਲ ਕੋ ਯਹ ਜ਼ਿਦ ਥੀ ਕਿ ਤੂ ਆਏ ਤਸੱਲੀ ਦੇਨੇ
ਮੇਰੀ ਕੋਸ਼ਿਸ਼ ਥੀ ਕਿ ਕਮਬਖ਼ਤ ਕੋ ਨੀਂਦ ਆਏ
ਤੂ ਬਹੁਤ ਦੂਰ ਕਿਸੀ ਅਨਜਮਨ ਨਾਜ਼ ਮੇਂ ਥੀ
ਫਿਰ ਭੀ ਮਹਿਸੂਸ ਕੀਆ ਮੈਨੇ ਕਿ ਤੂ ਆਈ ਹੈ
ਔਰ ਨਗ਼ਮੋਂ ਮੇਂ ਛੁਪਾ ਕਰ ਮੇਰੇ ਖੋਏ ਹੂਏ ਖ਼ਾਬ
ਮੇਰੀ ਰੂਠੀ ਹੂਈ ਨੀਂਦੋਂ ਕੋ ਮਨਾ ਲਾਈ ਹੈਂ।

ਰਾਤ ਕੀ ਸਤਹਿ ਪਰ ਉਭਰੇ ਤੇਰੇ ਚੇਹਰੇ ਕੇ ਨਕੂਸ਼
ਵੋਹੀ ਚੁਪ ਚਾਪ ਸੀ ਆਂਖੇਂ ਵੋਹੀ ਸਾਦਾ ਸੀ ਨਜ਼ਰ
ਵਹੀ ਢਲਕਾ ਹੂਆ ਆਂਚਲ ਵੋਹੀ ਰਫ਼ਤਾਰ ਕਾ ਖ਼ਮ
ਵੋਹੀ ਰਹ ਰਹ ਕੇ ਲਚਕਤਾ ਹੂਆ ਨਾਜ਼ਕ ਪੈਕਰ

ਅਬ ਤੇਰਾ ਪਿਆਰ ਸਤਾਏਗਾ ਤੋ ਮੇਰੀ ਹਸਤੀ
ਤੇਰੀ ਮਸਤੀ ਭਰੀ ਆਵਾਜ਼ ਮੇ ਢਲ ਜਾਏਗੀ
ਔਰ ਯਹ ਰੂਹ ਜੋ ਤੇਰੇ ਲੀਏ ਬੇਚੈਨ ਸੀ ਹੈ
ਗੀਤ ਬਨ ਕਰ ਤੇਰੇ ਹੋਠੋਂ ਪੇ ਮਚਲ ਜਾਏਗੀ

ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ
ਤੁਮੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ
ਮੁਝੇ ਭੀ ਲੋਗ ਕਹਿਤੇ ਹੈਂ ਕਿ ਯਹ ਜਲਵੇ ਪਰਾਏ ਹੈਂ
ਮੇਰੇ ਹਮਰਾਹ ਭੀ ਰੁਸਵਾਈਆਂ ਹੈਂ ਮੇਰੇ ਮਾਜ਼ੀ ਕੀ
ਤੁਮਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈਂ

ਤੁਆਰਫ ਰੋਗ ਹੋ ਜਾਏ ਤੋ ਉਸ ਕੋ ਭੂਲਨਾ ਬੇਹਤਰ
ਤੁਅੱਲਕ ਬੋਝ ਬਨ ਜਾਏ ਉਸ ਕੋ ਤੋੜਨਾ ਅੱਛਾ
ਵੋਹ ਅਫਸਾਨਾ ਜਿਸੇ ਅਨਜਾਮ ਤਕ ਲਾਨਾ ਨਾ ਹੋ ਮੁਮਕਿਨ
ਉਸੇ ਇੱਕ ਖ਼ੂਬਸੂਰਤ ਮੋੜ ਦੇਕਰ ਛੋੜਨਾ ਅੱਛਾ
ਚਲੋ ਇੱਕ ਬਾਰ ਫਿਰ ਸੇ ਅਜਨਬੀ ਬਣ ਜਾਏਂ ਹਮ ਦੋਨੋਂ

ਬਾਹਰਲੇ ਲਿੰਕ

[ਸੋਧੋ]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Padma Shri Archived 2009-01-31 at the Wayback Machine. Official listings, Govt. of India
  2. Sahir: A poet par excellence Indian Express, 8 March 2006.
  3. http://pib.nic.in/newsite/PrintRelease.aspx?relid=93265
  4. Personal Communication from Dr. GS Mann, ex-Principal SCD Govt. College For Boys, Ludhiana: the expulsion letter is preserved in the Disciplinary Records Register of the college
  5. Sahir memorial.. The Tribune, 1 June 2005
  6. ਅਨੂਪ ਸਿੰਘ ਸੰਧੂ (2018-11-03). "ਸਾਹਿਰ ਲੁਧਿਆਣਵੀ ਲਾਹੌਰ ਵਿੱਚ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-18. {{cite news}}: Cite has empty unknown parameter: |dead-url= (help)[permanent dead link]

ਫਰਮਾ:ਨਾਗਰਿਕ ਸਨਮਾਨ